ਨਾੜ ਦੀ ਅੱਗ: ਪਟਿਆਲਾ ਜ਼ਿਲ੍ਹਾ 175 ’ਤੇ 'ਨਾਟ ਆਊਟ'
ਨਾੜ ਦੀ ਅੱਗ: ਪਟਿਆਲਾ ਜ਼ਿਲ੍ਹਾ 175 ’ਤੇ 'ਨਾਟ ਆਊਟ'
Publish Date: Thu, 07 May 2026 07:38 PM (IST)
Updated Date: Fri, 08 May 2026 04:18 AM (IST)

ਪ੍ਰਸ਼ਾਸਨਿਕ ਸਖ਼ਤੀ ਦੇ ਬਾਵਜੂਦ ਖੇਤਾਂ ਚ ਭਖ ਰਹੀਆਂ ਲਾਟਾਂ ਨਵਦੀਪ ਢੀਂਗਰਾ, ਪੰਜਾਬੀ ਜਾਗਰਣ, ਪਟਿਆਲਾ ਪਟਿਆਲਾ ਜ਼ਿਲ੍ਹੇ ਵਿੱਚ ਕਣਕ ਦੀ ਵਾਢੀ ਦਾ ਕੰਮ ਮੁਕੰਮਲ ਹੁੰਦਿਆਂ ਹੀ ਖੇਤਾਂ ਵਿੱਚ ਨਾੜ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਨੇ ਭਿਆਨਕ ਰੂਪ ਧਾਰਨ ਕਰ ਲਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੀਆਂ ਲੱਖ ਕੋਸ਼ਿਸ਼ਾਂ ਅਤੇ ਜਾਗਰੂਕਤਾ ਮੁਹਿੰਮਾਂ ਦੇ ਬਾਵਜੂਦ ਅੰਕੜੇ ਚਿੰਤਾਜਨਕ ਤਸਵੀਰ ਪੇਸ਼ ਕਰ ਰਹੇ ਹਨ। 15 ਅਪ੍ਰੈਲ ਤੋਂ 6 ਮਈ ਤੱਕ ਦੇ ਸਰਕਾਰੀ ਅੰਕੜਿਆਂ ਮੁਤਾਬਕ ਜ਼ਿਲ੍ਹੇ ਵਿੱਚ ਅੱਗ ਲੱਗਣ ਦੇ 175 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਸ ਕਾਰਨ ਪਟਿਆਲਾ ਅੱਗ ਦੀਆਂ ਘਟਨਾਵਾਂ ਵਿੱਚ ਨਾਟ ਆਊਟ ਰਹਿੰਦਿਆਂ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਡੱਬੀ ਪੁਲਿਸ ਦੀ ਵੱਡੀ ਕਾਰਵਾਈ: 48 ਘੰਟਿਆਂ ’ਚ 50 ਪਰਚੇ ਵਾਤਾਵਰਣ ਨੂੰ ਹੋ ਰਹੇ ਨੁਕਸਾਨ ਅਤੇ ਜ਼ਿਲ੍ਹਾ ਮੈਜਿਸਟ੍ਰੇਟ ਦੀਆਂ ਪਾਬੰਦੀਆਂ ਦੀ ਉਲੰਘਣਾ ਨੂੰ ਦੇਖਦਿਆਂ ਪੁਲਿਸ ਵਿਭਾਗ ਪੂਰੀ ਤਰ੍ਹਾਂ ਹਰਕਤ ਵਿੱਚ ਆ ਗਿਆ ਹੈ। ਹੁਣ ਤੱਕ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ਵਿੱਚ ਕੁੱਲ 55 ਐਫ.ਆਈ.ਆਰ. (ਪਰਚੇ) ਦਰਜ ਕੀਤੇ ਗਏ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਇਨ੍ਹਾਂ ਵਿੱਚੋਂ 50 ਮਾਮਲੇ ਇਕੱਲੇ ਪਿਛਲੇ 48 ਘੰਟਿਆਂ ਦੌਰਾਨ ਹੀ ਦਰਜ ਹੋਏ ਹਨ। ਇਹ ਸਖ਼ਤੀ ਦਰਸਾਉਂਦੀ ਹੈ ਕਿ ਪ੍ਰਸ਼ਾਸਨ ਹੁਣ ਨਰਮੀ ਵਰਤਣ ਦੇ ਮੂਡ ਵਿੱਚ ਨਹੀਂ ਹੈ। ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਿਸਾਨਾਂ ਨੂੰ ਹੁਣ ਤੱਕ 2.50 ਲੱਖ ਰੁਪਏ ਦਾ ਵਾਤਾਵਰਣ ਮੁਆਵਜ਼ਾ (ਜੁਰਮਾਨਾ) ਵੀ ਲਗਾਇਆ ਗਿਆ ਹੈ। ਡੱਬੀ ਵਸੂਲੀ ਅਤੇ ਰੈੱਡ ਐਂਟਰੀ ’ਤੇ ਉੱਠੇ ਸਵਾਲ ਇੱਕ ਪਾਸੇ ਜਿੱਥੇ ਪੁਲਿਸ ਮਾਮਲੇ ਦਰਜ ਕਰ ਰਹੀ ਹੈ, ਉੱਥੇ ਹੀ ਦੂਜੇ ਪਾਸੇ ਪ੍ਰਸ਼ਾਸਨਿਕ ਕਾਰਵਾਈ ਦੀ ਫੁਸਲਤਾ ਵੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਸਰਕਾਰੀ ਸੂਤਰਾਂ ਅਨੁਸਾਰ, ਭਾਵੇਂ ਲੱਖਾਂ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ, ਪਰ ਅਸਲ ਵਿੱਚ ਵਸੂਲੀ ਅਜੇ ਸਿਫ਼ਰ ਦੇ ਬਰਾਬਰ ਹੈ। ਇਸ ਤੋਂ ਇਲਾਵਾ, ਮਾਲ ਵਿਭਾਗ ਵੱਲੋਂ ਅਜੇ ਤੱਕ ਕਿਸੇ ਵੀ ਦੋਸ਼ੀ ਕਿਸਾਨ ਦੇ ਜ਼ਮੀਨੀ ਰਿਕਾਰਡ ਵਿੱਚ ਰੈੱਡ ਐਂਟਰੀ (ਲਾਲ ਲਕੀਰ) ਨਹੀਂ ਪਾਈ ਗਈ ਹੈ। ਰੈੱਡ ਐਂਟਰੀ ਨਾ ਹੋਣ ਕਾਰਨ ਕਿਸਾਨਾਂ ਨੂੰ ਸਰਕਾਰੀ ਸਹੂਲਤਾਂ ਜਾਂ ਕਰਜ਼ੇ ਲੈਣ ਵਿੱਚ ਕੋਈ ਦਿੱਕਤ ਨਹੀਂ ਆ ਰਹੀ, ਜਿਸ ਕਾਰਨ ਕਾਰਵਾਈ ਦਾ ਡਰ ਘੱਟ ਦਿਖਾਈ ਦੇ ਰਿਹਾ ਹੈ। ਡੱਬੀ ਪੁਲਿਸ ਕਾਰਵਾਈ ਥਾਣਾ ਜੁਲਕਾ: ਇੱਥੇ ਸਭ ਤੋਂ ਵੱਧ ਸਰਗਰਮੀ ਦੇਖੀ ਗਈ। ਪਿੰਡ ਮਸੀਂਗਣ ਦੇ ਲਖਵਿੰਦਰ ਸਿੰਘ, ਸੁਖਦੇਵ ਸਿੰਘ, ਗੁਰਮੇਜ ਸਿੰਘ ਅਤੇ ਗੁਰਦੀਪ ਕੌਰ ਸਮੇਤ ਘੜਾਮ, ਸ਼ੇਖੂਪੁਰ, ਭਸਮੜ੍ਹਾ, ਇਬਰਾਹੀਮਪੁਰ, ਹਾਜੀਪੁਰ ਅਤੇ ਰਸੂਲਪੁਰ ਦੇ ਦਰਜਨਾਂ ਕਿਸਾਨਾਂ ਖ਼ਿਲਾਫ਼ ਮਾਮਲੇ ਦਰਜ ਹੋਏ ਹਨ। ਨਾਭਾ ਤੇ ਸਮਾਣਾ: ਸਦਰ ਨਾਭਾ ਪੁਲਿਸ ਨੇ ਪਿੰਡ ਘਮਰੋਦਾ ਦੇ ਹਾਕਮ ਸਿੰਘ ਅਤੇ ਕੋਟ ਖੁਰਦ ਦੇ ਰਣਦੀਪ ਸਿੰਘ ਨੂੰ ਨਾਮਜ਼ਦ ਕੀਤਾ ਹੈ। ਸਮਾਣਾ ਦੇ ਫਤਿਹਪੁਰ, ਦਦਹੇੜਾ, ਦੋਦੜਾ ਅਤੇ ਗਾਜੀਪੁਰ ਵਿੱਚ ਵੀ ਅਣਪਛਾਤਿਆਂ ਤੇ ਕਾਰਵਾਈ ਹੋਈ ਹੈ। ਪਸਿਆਣਾ ਤੇ ਘਨੌਰ : ਪਿੰਡ ਬਠੋਈ ਕਲਾਂ ਅਤੇ ਪਸਿਆਣਾ ਵਿਖੇ ਮਾਮਲੇ ਦਰਜ ਕੀਤੇ ਗਏ। ਘਨੌਰ ਦੇ ਪਿੰਡ ਸੀਲ ਵਿੱਚ ਕਲੱਸਟਰ ਅਫ਼ਸਰ ਦੀ ਸ਼ਿਕਾਇਤ ਤੇ ਗੁਰਦੇਵ ਸਿੰਘ ਨੂੰ ਮੌਕੇ ਤੇ 5 ਹਜ਼ਾਰ ਰੁਪਏ ਜੁਰਮਾਨਾ ਕਰਦਿਆਂ ਪਰਚਾ ਦਰਜ ਕੀਤਾ ਗਿਆ। ਪਾਤੜਾਂ: ਭੂਤਗੜ੍ਹ, ਕਾਹਨਗੜ੍ਹ ਘਰਾਚੋ ਅਤੇ ਗੁਲਾਹੜ ਵਿੱਚ ਵੀ ਅੱਗ ਲਗਾਉਣ ਦੇ ਮਾਮਲੇ ਸਾਹਮਣੇ ਆਏ ਹਨ। ਡੱਬੀ ਸਟੈਲੇਲਾਈਟ ਰਾਹੀਂ ਨਿਗਰਾਨੀ ਪੁਲਿਸ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਜ਼ਿਲ੍ਹਾ ਮੈਜਿਸਟ੍ਰੇਟ ਦੇ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਆਉਣ ਵਾਲੇ ਦਿਨਾਂ ਵਿੱਚ ਮੁਹਿੰਮ ਹੋਰ ਤੇਜ਼ ਕੀਤੀ ਜਾਵੇਗੀ। ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਸੈਟੇਲਾਈਟ ਰਾਹੀਂ ਅੱਗ ਲੱਗਣ ਵਾਲੀਆਂ ਥਾਵਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਜਿੱਥੇ ਵੀ ਨਿਯਮ ਟੁੱਟਣਗੇ, ਉੱਥੇ ਤੁਰੰਤ ਕਾਰਵਾਈ ਕੀਤੀ ਜਾਵੇਗੀ।