ਗੁਰੂ ਘਰ ’ਚੋਂ ਨਕਦੀ ਤੇ ਕਣਕ ਦੀਆਂ ਬੋਰੀਆਂ ਚੋਰੀ
ਗੁਰੂ ਘਰ ’ਚੋਂ ਨਗਦੀ ਤੇ ਕਣਕ ਦੀਆਂ ਬੋਰੀਆਂ ਚੋਰੀ
Publish Date: Thu, 07 May 2026 07:31 PM (IST)
Updated Date: Fri, 08 May 2026 04:18 AM (IST)

ਗੁਰਦੁਆਰਾ ਸਾਹਿਬ ’ਚੋਂ ਗੋਲਕ ਹੀ ਚੁੱਕ ਕੇ ਲੈ ਗਏ ਚੋਰ ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ ਥਾਣਾ ਪਸਿਆਣਾ ਦੇ ਅਧੀਨ ਪੈਂਦੇ ਪਿੰਡ ਸਵਾਜਪੁਰ ਸਥਿਤ ਗੁਰਦੁਆਰਾ ਸਾਹਿਬ ਵਿੱਚ ਬੁੱਧਵਾਰ-ਵੀਰਵਾਰ ਦੀ ਦਰਮਿਆਨੀ ਰਾਤ ਨੂੰ ਚੋਰਾਂ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਚੋਰ ਗੁਰਦੁਆਰਾ ਸਾਹਿਬ ਤੋਂ ਗੋਲਕ ਤੋੜ ਕੇ ਉਸ ਵਿੱਚ ਮੌਜੂਦ ਨਕਦੀ ਚੋਰੀ ਕਰ ਕੇ ਲੈ ਗਏ, ਜਦਕਿ ਕਰੀਬ 15 ਬੋਰੀਆਂ ਕਣਕ ਵੀ ਆਪਣੇ ਨਾਲ ਲੈ ਗਏ। ਘਟਨਾ ਤੋਂ ਬਾਅਦ ਇਲਾਕੇ ਵਿੱਚ ਰੋਸ ਦਾ ਮਾਹੌਲ ਹੈ। ਇਸ ਸਬੰਧੀ ਇੰਟਰਨੈੱਟ ਮੀਡੀਆ ਤੇ ਸੀਸੀਟੀਵੀ ਵੀਡੀਓ ਵੀ ਵਾਇਰਲ ਹੋ ਰਹੀ ਹੈ। ਜਾਣਕਾਰੀ ਦਿੰਦਿਆਂ ਅਮਨਦੀਪ ਸਿੰਘ ਨੇ ਦੱਸਿਆ ਕਿ ਦੇਰ ਰਾਤ ਦੋ ਅਣਪਛਾਤੇ ਵਿਅਕਤੀ ਗੁਰਦੁਆਰਾ ਸਾਹਿਬ ਦੀ ਕੰਧ ਟੱਪ ਕੇ ਅੰਦਰ ਦਾਖਲ ਹੋਏ। ਇਸ ਤੋਂ ਬਾਅਦ ਮੁਲਜ਼ਮਾਂ ਨੇ ਦਰਬਾਰ ਸਾਹਿਬ ਦਾ ਤਾਲਾ ਤੋੜ ਕੇ ਅੰਦਰ ਪ੍ਰਵੇਸ਼ ਕੀਤਾ। ਮੁਲਜ਼ਮ ਬੜੀ ਸਫ਼ਾਈ ਨਾਲ ਗੁਰਦੁਆਰਾ ਸਾਹਿਬ ਤੋਂ ਗੋਲਕ ਚੁੱਕ ਕੇ ਪਿੱਛੇ ਖਾਲੀ ਥਾਂ ਤੇ ਲੈ ਗਏ, ਜਿੱਥੇ ਉਨ੍ਹਾਂ ਨੇ ਗੋਲਕ ਤੋੜ ਕੇ ਉਸ ਵਿੱਚ ਮੌਜੂਦ ਚੜ੍ਹਾਵੇ ਦੀ ਨਕਦੀ ਕੱਢ ਲਈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਗੋਲਕ ਉੱਥੇ ਹੀ ਛੱਡ ਕੇ ਫਰਾਰ ਹੋ ਗਏ। ਗੁਰਦੁਆਰਾ ਸਾਹਿਬ ਵਿੱਚ ਉਸ ਸਮੇਂ ਪਾਠੀ ਸਿੰਘ ਆਪਣੇ ਪਰਿਵਾਰ ਸਮੇਤ ਡਿਓੜੀ ਵਿੱਚ ਮੌਜੂਦ ਸਨ, ਪਰ ਮੁਲਜ਼ਮਾਂ ਨੇ ਇੰਨੇ ਸ਼ਾਤਿਰ ਤਰੀਕੇ ਨਾਲ ਚੋਰੀ ਕੀਤੀ ਕਿ ਕਿਸੇ ਨੂੰ ਇਸ ਦੀ ਭਿਣਕ ਤੱਕ ਨਹੀਂ ਲੱਗੀ। ਚੋਰ ਗੁਰਦੁਆਰਾ ਸਾਹਿਬ ਵਿੱਚ ਰੱਖੀ ਕਰੀਬ 15 ਬੋਰੀਆਂ ਕਣਕ ਵੀ ਚੋਰੀ ਕਰਕੇ ਲੈ ਗਏ। ਘਟਨਾ ਤੋਂ ਬਾਅਦ ਪਿੰਡ ਵਾਸੀਆਂ ਵਿੱਚ ਭਾਰੀ ਰੋਸ ਹੈ। ਲੋਕਾਂ ਦਾ ਕਹਿਣਾ ਹੈ ਕਿ ਧਾਰਮਿਕ ਸਥਾਨਾਂ ਵਿੱਚ ਵਧ ਰਹੀਆਂ ਚੋਰੀ ਦੀਆਂ ਘਟਨਾਵਾਂ ਚਿੰਤਾ ਦਾ ਵਿਸ਼ੇ ਹੈ ਅਤੇ ਪੁਲਿਸ ਨੂੰ ਜਲਦੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨਾ ਚਾਹੀਦਾ ਹੈ। ਪੂਰੀ ਘਟਨਾ ਗੁਰਦੁਆਰਾ ਸਾਹਿਬ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ। ਫੁਟੇਜ ਵਿੱਚ ਦੋ ਸ਼ੱਕੀ ਵਿਅਕਤੀ ਦਿਖਾਈ ਦੇ ਰਹੇ ਹਨ, ਜਿਨ੍ਹਾਂ ਦੇ ਆਧਾਰ ਤੇ ਪੁਲਿਸ ਜਾਂਚ ਵਿੱਚ ਜੁਟੀ ਹੋਈ ਹੈ।