ਮਾਲ ਰੋਡ ਦੇ ਧਰਨਿਆਂ ਤੋਂ ਸ਼ਹਿਰ ਵਾਸੀ ਬੇਹਾਲ
ਮਾਲ ਰੋਡ ਦੇ ਧਰਨਿਆਂ ਤੋਂ ਸ਼ਹਿਰ ਵਾਸੀ ਬੇਹਾਲ
Publish Date: Thu, 07 May 2026 07:28 PM (IST)
Updated Date: Fri, 08 May 2026 04:17 AM (IST)

ਧਰਨਿਆਂ ਕਰ ਕੇ ਬੰਦ ਰਹਿਣ ਲੱਗੀ ਸ਼ਹਿਰ ਦੀ ਮੁੱਖ ਸੜਕ ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ ਪੀਐੱਸਪੀਸੀਐੱਲ ਦੇ ਮੁੱਖ ਦਫ਼ਤਰ ਅੱਗੇ ਲਗਾਤਾਰ ਲੱਗ ਰਹੇ ਧਰਨਿਆਂ ਅਤੇ ਮੁਜ਼ਾਹਰਿਆਂ ਨੇ ਸ਼ਹਿਰ ਵਾਸੀਆਂ ਦਾ ਜੀਣਾ ਮੁਹਾਲ ਕਰ ਦਿੱਤਾ ਹੈ। ਸ਼ਹਿਰ ਦੀ ਸਭ ਤੋਂ ਰੁਝੇਵੇਂ ਵਾਲੀ ਮੁੱਖ ਸੜਕ ਮਾਲ ਰੋਡ ਹੁਣ ਧਰਨਿਆਂ ਦਾ ਪੱਕਾ ਅੱਡਾ ਬਣਦੀ ਜਾ ਰਹੀ ਹੈ, ਜਿਸ ਕਾਰਨ ਹਰ ਦੂਸਰੇ ਦਿਨ ਆਵਾਜਾਈ ਠੱਪ ਹੋਣਾ ਆਮ ਗੱਲ ਹੋ ਗਈ ਹੈ। ਵੀਰਵਾਰ ਨੂੰ ਸਥਿਤੀ ਉਸ ਸਮੇਂ ਬੇਕਾਬੂ ਹੋ ਗਈ ਜਦੋਂ ਪਹਿਲਾਂ ਤੋਂ ਚੱਲ ਰਹੇ ਇੱਕ ਧਰਨੇ ਦੇ ਨਾਲ-ਨਾਲ ਇੱਕ ਹੋਰ ਜਥੇਬੰਦੀ ਨੇ ਸੜਕ ਦੇ ਦੂਜੇ ਹਿੱਸੇ ਤੇ ਵੀ ਮੋਰਚਾ ਖੋਲ੍ਹ ਦਿੱਤਾ, ਜਿਸ ਨਾਲ ਪੂਰੀ ਸੜਕ ਵਾਹਨਾਂ ਲਈ ਬੰਦ ਹੋ ਗਈ। ਪਿਛਲੇ ਕਈ ਦਿਨਾਂ ਤੋਂ ਮਾਲ ਰੋਡ ਦੇ ਇੱਕ ਪਾਸੇ ਧਰਨਾਕਾਰੀਆਂ ਵੱਲੋਂ ਟੈਂਟ ਲਗਾ ਕੇ ਪੱਕਾ ਮੋਰਚਾ ਲਾਇਆ ਹੋਇਆ ਸੀ। ਹਾਲਾਂਕਿ ਇੱਕ ਪਾਸਾ ਬੰਦ ਹੋਣ ਕਰਕੇ ਦੂਸਰੇ ਹਿੱਸੇ ਤੋਂ ਹੌਲੀ-ਹੌਲੀ ਆਵਾਜਾਈ ਚੱਲ ਰਹੀ ਸੀ, ਪਰ ਵੀਰਵਾਰ ਨੂੰ ਇਕ ਹੋਰ ਧਰਨਾ ਲੱਗਣ ਕਾਰਨ ਸੜਕ ਦਾ ਦੂਜਾ ਹਿੱਸਾ ਵੀ ਪੂਰੀ ਤਰ੍ਹਾਂ ਬੰਦ ਹੋ ਗਿਆ। ਇਸ ਕਾਰਨ ਟ੍ਰੈਫਿਕ ਵਿਵਸਥਾ ਬੇਕਾਬੂ ਹੋ ਗਈ ਅਤੇ ਵਾਹਨਾਂ ਦੀਆਂ ਮੀਲਾਂ ਲੰਬੀਆਂ ਕਤਾਰਾਂ ਲੱਗ ਗਈਆਂ। ਇਸ ਜਾਮ ਦਾ ਅਸਰ ਸਿਰਫ਼ ਮਾਲ ਰੋਡ ਤੱਕ ਹੀ ਸੀਮਤ ਨਹੀਂ ਰਿਹਾ, ਸਗੋਂ ਇਸ ਨਾਲ ਲੱਗਦੇ ਸ਼ੇਰਾ ਵਾਲਾ ਗੇਟ, ਫੁਹਾਰਾ ਚੌਂਕ, ਅਤੇ ਛੋਟੀ ਬਾਰਾਦਰੀ ਵਰਗੇ ਅਹਿਮ ਇਲਾਕਿਆਂ ਵਿੱਚ ਵੀ ਟ੍ਰੈਫਿਕ ਦਾ ਭਾਰੀ ਦਬਾਅ ਦੇਖਣ ਨੂੰ ਮਿਲਿਆ। ਸਕੂਲੀ ਬੱਚਿਆਂ, ਦਫ਼ਤਰੀ ਕਰਮਚਾਰੀਆਂ ਅਤੇ ਮਰੀਜ਼ਾਂ ਨੂੰ ਲੈ ਕੇ ਜਾ ਰਹੀਆਂ ਐਂਬੂਲੈਂਸਾਂ ਨੂੰ ਵੀ ਇਸ ਭੀੜ-ਭੜੱਕੇ ਵਿੱਚ ਘੰਟਿਆਂ ਬੱਧੀ ਫਸੇ ਰਹਿਣਾ ਪਿਆ। ਡੱਬੀ ਸ਼ਹਿਰ ਵਾਸੀਆਂ ’ਚ ਰੋਸ ਸਥਾਨਕ ਨਿਵਾਸੀਆਂ ਨੇ ਪ੍ਰਸ਼ਾਸਨ ਅਤੇ ਧਰਨਾਕਾਰੀਆਂ ਵਿਰੁੱਧ ਸਖ਼ਤ ਨਾਰਾਜ਼ਗੀ ਜ਼ਾਹਰ ਕੀਤੀ ਹੈ। ਅਨੁਜ ਕੁਮਾਰ ਨੇ ਕਿਹਾ, ‘ਲੋਕਤੰਤਰ ਵਿੱਚ ਆਪਣੇ ਹੱਕਾਂ ਲਈ ਆਵਾਜ਼ ਉਠਾਉਣਾ ਹਰ ਕਿਸੇ ਦਾ ਜਾਇਜ਼ ਅਧਿਕਾਰ ਹੈ, ਪਰ ਇਸ ਦਾ ਮਤਲਬ ਇਹ ਨਹੀਂ ਕਿ ਆਮ ਜਨਤਾ ਨੂੰ ਬੰਧਕ ਬਣਾ ਲਿਆ ਜਾਵੇ। ਸਰਕਾਰ ਨੂੰ ਚਾਹੀਦਾ ਹੈ ਕਿ ਧਰਨਿਆਂ ਲਈ ਕੋਈ ਨਿਰਧਾਰਤ ਥਾਂ ਤੈਅ ਕੀਤੀ ਜਾਵੇ ਤਾਂ ਜੋ ਸ਼ਹਿਰ ਦੀ ਰਫ਼ਤਾਰ ਨਾ ਰੁਕੇ।’ਵਿਨੋਦ ਛਾਬੜਾ ਨੇ ਸਵਾਲ ਉਠਾਉਂਦਿਆਂ ਕਿਹਾ, ‘ਜੇਕਰ ਕੋਈ ਮਹਿਕਮਾ ਜਾਂ ਸਰਕਾਰ ਮੰਗਾਂ ਪੂਰੀਆਂ ਨਹੀਂ ਕਰ ਰਹੀ, ਤਾਂ ਇਸ ਵਿੱਚ ਆਮ ਲੋਕਾਂ ਦਾ ਕੀ ਕਸੂਰ ਹੈ? ਰੋਜ਼ਾਨਾ ਸੜਕਾਂ ਰੋਕ ਕੇ ਲੋਕਾਂ ਨੂੰ ਪ੍ਰੇਸ਼ਾਨ ਕਰਨਾ ਕਿੱਥੋਂ ਦਾ ਇਨਸਾਫ਼ ਹੈ?’ ਸ਼ਹਿਰ ਵਾਸੀ ਜਗਤਾਰ ਸਿੰਘ, ਰਮਨਜੀਤ ਸਿੰਘ ਅਤੇ ਕੰਚਨਪ੍ਰੀਤ ਨੇ ਵੀ ਇਸ ਗੰਭੀਰ ਮਸਲੇ ਤੇ ਆਪਣੇ ਵਿਚਾਰ ਪੇਸ਼ ਕੀਤੇ। ਉਨ੍ਹਾਂ ਕਿਹਾ ਕਿ ਮਾਲ ਰੋਡ ਸ਼ਹਿਰ ਦੀ ਰੀੜ੍ਹ ਦੀ ਹੱਡੀ ਹੈ ਅਤੇ ਇੱਥੇ ਪਾਵਰਕਾਮ ਦਾ ਮੁੱਖ ਦਫ਼ਤਰ ਹੋਣ ਕਰਕੇ ਸੂਬੇ ਭਰ ਤੋਂ ਜਥੇਬੰਦੀਆਂ ਇੱਥੇ ਪ੍ਰਦਰਸ਼ਨ ਕਰਨ ਪਹੁੰਚਦੀਆਂ ਹਨ। ਜੇਕਰ ਪ੍ਰਸ਼ਾਸਨ ਨੇ ਜਲਦ ਹੀ ਧਰਨਿਆਂ ਲਈ ਕੋਈ ਵੱਖਰੀ ਜਗ੍ਹਾ ਨਿਰਧਾਰਤ ਨਾ ਕੀਤੀ ਅਤੇ ਸਖ਼ਤ ਨਿਯਮ ਨਾ ਬਣਾਏ, ਤਾਂ ਆਉਣ ਵਾਲੇ ਦਿਨਾਂ ਵਿੱਚ ਸ਼ਹਿਰ ਵਾਸੀਆਂ ਦੀਆਂ ਮੁਸ਼ਕਿਲਾਂ ਹੋਰ ਵਧ ਜਾਣਗੀਆਂ। ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਵਿਭਾਗ ਤੋਂ ਮੰਗ ਕੀਤੀ ਹੈ ਕਿ ਮਾਲ ਰੋਡ ਨੂੰ ਧਰਨਾ ਮੁਕਤ ਕਰਵਾਇਆ ਜਾਵੇ ਅਤੇ ਆਵਾਜਾਈ ਨੂੰ ਸੁਚਾਰੂ ਬਣਾਉਣ ਲਈ ਠੋਸ ਕਦਮ ਚੁੱਕੇ ਜਾਣ।