ਵਿਆਹੁਤਾ ਦੀ ਸ਼ੱਕੀ ਮੌਤ, ਸਹੁਰੇ ਪਰਿਵਾਰ ਖ਼ਿਲਾਫ਼ ਪਰਚਾ ਦਰਜ
ਵਿਆਹੁਤਾ ਦੀ ਸ਼ੱਕੀ ਮੌਤ, ਸਹੁਰੇ ਪਰਿਵਾਰ ਖਿਲਾਫ ਪਰਚਾ ਦਰਜ
Publish Date: Tue, 05 May 2026 04:35 PM (IST)
Updated Date: Tue, 05 May 2026 04:35 PM (IST)

ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਦਾਜ ਲਈ ਤੰਗ ਕਰਨ ਦੇ ਇਕ ਮਾਮਲੇ ਵਿਚ 26 ਸਾਲਾ ਵਿਆਹੁਤਾ ਦੀ ਸ਼ੱਕੀ ਹਾਲਤ ਵਿਚ ਮੌਤ ਹੋ ਗਈ। ਇਸ ਘਟਨਾ ਨੂੰ ਲੈ ਕੇ ਦੋਵਾਂ ਧਿਰਾਂ ਵੱਲੋਂ ਵੱਖ-ਵੱਖ ਦਾਅਵੇ ਕੀਤੇ ਜਾ ਰਹੇ ਹਨ। ਜਿੱਥੇ ਪੇਕੇ ਪਰਿਵਾਰ ਇਸ ਨੂੰ ਕਤਲ ਦੱਸ ਰਿਹਾ ਹੈ, ਉੱਥੇ ਹੀ ਸਹੁਰਾ ਪੱਖ ਇਸ ਨੂੰ ਖੁਦਕੁਸ਼ੀ ਦਾ ਮਾਮਲਾ ਦੱਸ ਰਿਹਾ ਹੈ। ਫਿਲਹਾਲ ਥਾਣਾ ਜੁਲਕਾਂ ਪੁਲਿਸ ਨੇ ਮਾਮਲੇ ਵਿਚ ਨਾਮਜ਼ਦ ਪਤੀ ਵਰਿੰਦਰ ਸਿੰਘ, ਸਹੁਰਾ ਬਲਦੇਵ ਸਿੰਘ ਅਤੇ ਸੱਸ ਕੁਲਜੀਤ ਕੌਰ ਖਿਲਾਫ਼ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਮ੍ਰਿਤਕਾ 26 ਸਾਲਾ ਅਨੁਰੀਤ ਕੌਰ ਦਾ ਵਿਆਹ ਸਾਲ 2023 ਵਿਚ ਵਰਿੰਦਰ ਸਿੰਘ ਵਾਸੀ ਪਿੰਡ ਅਕਬਰਪੁਰ ਅਫ਼ਗਾਨਾ ਨਾਲ ਪ੍ਰੇਮ ਵਿਆਹ ਹੋਇਆ ਸੀ। ਮ੍ਰਿਤਕਾ ਦੇ ਪਿਤਾ ਬਲਜਿੰਦਰ ਸਿੰਘ ਨੇ ਦੋਸ਼ ਲਾਇਆ ਕਿ ਵਿਆਹ ਦੇ ਕੁਝ ਸਮੇਂ ਬਾਅਦ ਹੀ ਉਨ੍ਹਾਂ ਦੀ ਧੀ ਨੂੰ ਦਾਜ ਲਈ ਮਾਨਸਿਕ ਅਤੇ ਸਰੀਰਕ ਤੌਰ ਤੇ ਤੰਗ ਕੀਤਾ ਜਾਣ ਲੱਗਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਜਵਾਈ ਨੇ ਸਪੇਨ ਜਾਣ ਦੀ ਇੱਛਾ ਪ੍ਰਗਟਾਈ ਸੀ। ਸਹੁਰੇ ਪਰਿਵਾਰ ਦੀ ਆਰਥਿਕ ਹਾਲਤ ਕਮਜ਼ੋਰ ਹੋਣ ਕਾਰਨ ਉਨ੍ਹਾਂ ਨੇ ਧੀ ਦੇ ਭਵਿੱਖ ਨੂੰ ਧਿਆਨ ਵਿਚ ਰੱਖਦਿਆਂ ਕਰੀਬ ਦੋ ਲੱਖ ਰੁਪਏ ਦੀ ਆਰਥਿਕ ਮਦਦ ਕੀਤੀ। ਜਦੋਂ ਵੀਜ਼ਾ ਪ੍ਰਕਿਰਿਆ ਵਿੱਚ ਰਿਫਿਊਜ਼ਲ ਆਇਆ, ਤਾਂ ਸਹੁਰੇ ਪਰਿਵਾਰ ਨੇ ਇਸ ਦਾ ਠੀਕਰਾ ਉਨ੍ਹਾਂ ਦੀ ਧੀ ਤੇ ਭੰਨਦਿਆਂ ਉਸ ਤੇ ਪੇਕਿਆਂ ਤੋਂ ਹੋਰ ਪੈਸੇ ਲਿਆਉਣ ਦਾ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ। ਮ੍ਰਿਤਕਾ ਦੇ ਪਿਤਾ ਬਲਜਿੰਦਰ ਸਿੰਘ ਵਾਸੀ ਪਿੰਡ ਪਠਾਨਮਾਜਰਾ ਅਨੁਸਾਰ ਮੁਲਜ਼ਮਾਂ ਨੇ ਦੁਬਾਰਾ ਫਾਈਲ ਲਗਾਈ ਸੀ ਅਤੇ 13 ਮਈ ਨੂੰ ਫਿੰਗਰਪ੍ਰਿੰਟ ਸਕੈਨ ਦੀ ਤਾਰੀਖ ਤੈਅ ਸੀ। ਇਸ ਦੌਰਾਨ ਉਨ੍ਹਾਂ ਦੀ ਧੀ ਤੇ ਦਬਾਅ ਅਤੇ ਤਸ਼ੱਦਦ ਲਗਾਤਾਰ ਵਧਦਾ ਗਿਆ। ਉਨ੍ਹਾਂ ਦੱਸਿਆ ਕਿ ਤਿੰਨ ਮਈ ਦੀ ਰਾਤ ਕਰੀਬ ਸਾਢੇ ਅੱਠ ਵਜੇ ਉਨ੍ਹਾਂ ਦੀ ਧੀ ਦਾ ਫੋਨ ਆਇਆ, ਜਿਸ ਵਿਚ ਉਸ ਨੇ ਦੱਸਿਆ ਕਿ ਉਸ ਦੀ ਕੁੱਟਮਾਰ ਕੀਤੀ ਗਈ ਹੈ। ਕੁਝ ਸਮੇਂ ਬਾਅਦ ਸਹੁਰੇ ਪਰਿਵਾਰ ਦਾ ਫੋਨ ਆਇਆ ਕਿ ਉਨ੍ਹਾਂ ਦੀ ਧੀ ਨੇ ਚੁੰਨੀ ਨਾਲ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਸੂਚਨਾ ਮਿਲਦਿਆਂ ਹੀ ਪਰਿਵਾਰ ਮੌਕੇ ਤੇ ਪਹੁੰਚਿਆ, ਪਰ ਉੱਥੇ ਦਾ ਦ੍ਰਿਸ਼ ਕੁਝ ਹੋਰ ਹੀ ਕਹਾਣੀ ਬਿਆਨ ਕਰ ਰਿਹਾ ਸੀ। -ਸੱਚੀ ਬਿਆਨ ਕਰ ਰਹੇ ਸ਼ਰੀਰ ’ਤੇ ਨਿਸ਼ਾਨ : ਪੇਕਾ ਪਰਿਵਾਰ ਪੇਕੇ ਪਰਿਵਾਰ ਦਾ ਦੋਸ਼ ਹੈ ਕਿ ਜਦੋਂ ਉਹ ਮੌਕੇ ਤੇ ਪਹੁੰਚੇ ਤਾਂ ਅਨੁਰੀਤ ਦੀ ਲਾਸ਼ ਪੱਖੇ ਨਾਲ ਲਟਕਦੀ ਨਹੀਂ ਸੀ, ਸਗੋਂ ਜ਼ਮੀਨ ਤੇ ਪਈ ਸੀ। ਲਾਸ਼ ਤੇ ਗਰਦਨ, ਪਿੱਠ, ਲੱਕ, ਹੱਥਾਂ ਅਤੇ ਪੈਰਾਂ ਤੇ ਸੱਟਾਂ ਦੇ ਨਿਸ਼ਾਨ ਸਾਫ਼ ਦਿਖਾਈ ਦੇ ਰਹੇ ਸਨ, ਜੋ ਕੁੱਟਮਾਰ ਵੱਲ ਇਸ਼ਾਰਾ ਕਰਦੇ ਹਨ। ਪਰਿਵਾਰ ਨੇ ਦੋਸ਼ ਲਾਇਆ ਕਿ ਮ੍ਰਿਤਕਾ ਦੀ ਨਾ ਸਿਰਫ਼ ਲਗਾਤਾਰ ਕੁੱਟਮਾਰ ਕੀਤੀ ਜਾਂਦੀ ਸੀ, ਸਗੋਂ ਉਸ ਦੇ ਗਰਭ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ। ਪੀੜਤ ਪਰਿਵਾਰ ਵਲੋਂ ਦਾਅਵਾ ਕੀਤਾ ਗਿਆ ਕਿ ਵਿਆਹ ਸਮੇਂ ਦਿੱਤੇ ਗਏ ਸੋਨੇ ਦੇ ਗਹਿਣੇ ਵੀ ਸਹੁਰੇ ਪਰਿਵਾਰ ਵੱਲੋਂ ਵੇਚ ਦਿੱਤੇ ਗਏ ਸਨ। ਪੇਕੇ ਪਰਿਵਾਰ ਦਾ ਕਹਿਣਾ ਹੈ ਕਿ ਇਹ ਖੁਦਕੁਸ਼ੀ ਨਹੀਂ, ਸਗੋਂ ਦਾਜ ਲਈ ਕੀਤਾ ਗਿਆ ਕਤਲ ਹੈ। -ਪੁਲਿਸ ਕਾਰਵਾਈ ਅਤੇ ਗ੍ਰਿਫ਼ਤਾਰੀ ਮਾਮਲੇ ਦੀ ਜਾਂਚ ਕਰ ਰਹੇ ਏਐਸਆਈ ਕਰਮਚੰਦ ਨੇ ਦੱਸਿਆ ਕਿ ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕਾ ਦਾ ਪਤੀ ਵਰਿੰਦਰ ਸਿੰਘ, ਸਹੁਰਾ ਬਲਦੇਵ ਸਿੰਘ ਅਤੇ ਸੱਸ ਕੁਲਜੀਤ ਕੌਰ ਖਿਲਾਫ਼ ਕੇਸ ਦਰਜ ਕਰਕੇ ਪਤੀ ਵਰਿੰਦਰ ਸਿੰਘ ਅਤੇ ਸਹੁਰਾ ਬਲਦੇਵ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦੋਂ ਕਿ ਕੁਲਜੀਤ ਕੌਰ ਅਜੇ ਫਰਾਰ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੋਸਟਮਾਰਟਮ ਰਿਪੋਰਟ, ਫੋਰੈਂਸਿਕ ਸਬੂਤਾਂ ਅਤੇ ਹੋਰ ਤੱਥਾਂ ਦੇ ਆਧਾਰ ਤੇ ਨਿਰਪੱਖ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪੇਕੇ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ।