ਕੇਂਦਰ ਸਰਕਾਰ ਵੱਲੋਂ ਗੰਗਰੋਲੀ ਲਈ 39 ਲੱਖ ਰੁਪਏ ਦੀ ਗ੍ਰਾਂਟ ਜਾਰੀ
ਕੇਂਦਰ ਸਰਕਾਰ ਵਲੋਂ ਪਿੰਡ ਗੰਗਰੋਲੀ ਲਈ 39 ਲੱਖ ਰੁਪਏ ਦੀ ਗਰਾਂਟ ਜਾਰੀ
Publish Date: Sat, 02 May 2026 06:35 PM (IST)
Updated Date: Sat, 02 May 2026 06:38 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਭੁੰਨਰਹੇੜੀ : ਪਿੰਡ ਗੰਗਰੋਲੀ ਦੇ ਵਿਕਾਸ ਲਈ ਇੱਕ ਵੱਡੀ ਪਹਿਲ ਕਦਮੀ ਕਰਦਿਆਂ ਕੇਂਦਰ ਸਰਕਾਰ ਵੱਲੋਂ ਰਿਮਾਂਇਡਿੰਗ ਐਂਡ ਰੈਨੋਵੇਸ਼ਨ ਆਫ ਪੋਂਡ ਸਕੀਤ ਤਹਿਤ 39 ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ। ਇਹ ਜਾਣਕਾਰੀ ਪਿੰਡ ਗੰਗਰੋਲੀ ਦੇ ਸਰਪੰਚ ਮਨਦੀਪ ਕੌਰ ਦੇ ਪਤੀ ਭੁਪਿੰਦਰ ਸਿੰਘ ਨੇ ਸਾਂਝੀ ਕਰਦਿਆਂ ਦੱਸਿਆ ਕਿ ਇਹ ਗ੍ਰਾਂਟ ਪਿੰਡ ਵਿੱਚ ਸੀਵਰੇਜ ਪ੍ਰਣਾਲੀ ਨੂੰ ਸੁਧਾਰਨ, ਸਫ਼ਾਈ ਪ੍ਰਬੰਧ ਨੂੰ ਮਜ਼ਬੂਤ ਕਰਨ ਅਤੇ ਹੋਰ ਬੁਨਿਆਦੀ ਵਿਕਾਸ ਕਾਰਜਾਂ ਨੂੰ ਲਈ ਵਰਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪਿੰਡਾਂ ਦੇ ਸਮੂਹਿਕ ਵਿਕਾਸ ਲਈ ਸਰਕਾਰ ਵੱਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਹਲਕਾ ਸਨੌਰ ਦਾ ਪਿੰਡ ਗੰਗਰੋਲੀ ਵੀ ਇਸ ਤਰੱਕੀ ਦੀ ਲੜੀ ਵਿੱਚ ਅੱਗੇ ਵੱਧ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿੰਡ ਦੀ ਸਫ਼ਾਈ ਅਤੇ ਸੁਧਰੇ ਹੋਏ ਸੀਵਰੇਜ ਪ੍ਰਬੰਧ ਨਾਲ ਨਾ ਸਿਰਫ਼ ਲੋਕਾਂ ਦੀ ਜ਼ਿੰਦਗੀ ਸੁਖਾਲੀ ਹੋਵੇਗੀ, ਸਗੋਂ ਸਿਹਤ ਸਬੰਧੀ ਸਮੱਸਿਆਵਾਂ ਵਿੱਚ ਵੀ ਘਾਟ ਆਵੇਗੀ। ਉਨ੍ਹਾਂ ਦੱਸਿਆ ਕਿ ਸਰਪੰਚ ਮਨਦੀਪ ਕੌਰ ਦੀ ਅਗਵਾਈ ਹੇਠ ਪਿੰਡ ਵਿੱਚ ਪਹਿਲਾਂ ਵੀ ਕਈ ਵਿਕਾਸੀ ਕੰਮ ਕੀਤੇ ਗਏ ਹਨ ਅਤੇ ਹੁਣ ਮਿਲੀ ਇਹ ਗ੍ਰਾਂਟ ਪਿੰਡ ਦੀ ਨਵੀਂ ਤਰੱਕੀ ਦਾ ਦਰਵਾਜ਼ਾ ਖੋਲ੍ਹੇਣਗੇ। ਪਿੰਡ ਵਾਸੀਆਂ ਨੇ ਵੀ ਇਸ ਫੈਸਲੇ ਦਾ ਸਵਾਗਤ ਕਰਦਿਆਂ ਭਾਜਪਾ ਸਰਕਾਰ ਅਤੇ ਪੰਚਾਇਤ ਦਾ ਧੰਨਵਾਦ ਕੀਤਾ ਹੈ। ਪਿੰਡ ਦੇ ਵਾਸੀਆਂ ਦਾ ਕਹਿਣਾ ਹੈ ਕਿ ਲੰਮੇ ਸਮੇਂ ਤੋਂ ਸੀਵਰੇਜ ਅਤੇ ਸਫ਼ਾਈ ਨਾਲ ਜੁੜੀਆਂ ਸਮੱਸਿਆਵਾਂ ਕਾਰਨ ਉਨ੍ਹਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ, ਪਰ ਹੁਣ ਇਹ ਗਰਾਂਟ ਉਨ੍ਹਾਂ ਸਮੱਸਿਆਵਾਂ ਦਾ ਹੱਲ ਲਿਆਏਗੀ। ਇਸ ਨਾਲ ਪਿੰਡ ਦੀ ਸੂਰਤ ਵੀ ਨਿਖਰੇਗੀ ਅਤੇ ਰਹਿਣ-ਸਹਿਣ ਦਾ ਮਿਆਰ ਵੀ ਉੱਚਾ ਹੋਵੇਗਾ। ਭੁਪਿੰਦਰ ਸਿੰਘ ਨੇ ਕਿਹਾ ਕਿ ਭਾਜਪਾ ਸਰਕਾਰ ਪੰਜਾਬ ਵਿੱਚ ਵਿਕਾਸ ਕਾਰਜਾਂ ਨੂੰ ਤੇਜ਼ੀ ਨਾਲ ਅੱਗੇ ਵਧਾ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਪਿੰਡਾਂ ਨੂੰ ਇਸ ਤਰ੍ਹਾਂ ਦੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ। ਉਨ੍ਹਾਂ ਭਰੋਸਾ ਦਿਵਾਇਆ ਕਿ ਹਲਕਾ ਸਨੌਰ ਦੇ ਪਿੰਡ ਗੰਗਰੋਲੀ ਵਿੱਚ ਮਿਲੀ ਗ੍ਰਾਂਟ ਦਾ ਪੂਰਾ ਲਾਭ ਲੋਕਾਂ ਤੱਕ ਪਹੁੰਚਾਇਆ ਜਾਵੇਗਾ ਅਤੇ ਸਾਰੇ ਕੰਮ ਪਾਰਦਰਸ਼ੀ ਢੰਗ ਨਾਲ ਕੀਤੇ ਜਾਣਗੇ।