ਹੁਣ ਗੈਰ ਸਿਧਾਂਤਕ ਰਾਜਨੀਤੀ ਦਾ ਦੌਰ ਸ਼ੁਰੂ ਹੋਇਆ : ਪ੍ਰੋ. ਚੰਦੂਮਾਜਰਾ
ਹੁਣ ਗੈਰ ਸਿਧਾਂਤਕ ਰਾਜਨੀਤੀ ਦਾ ਦੌਰ ਸ਼ੁਰੂ ਹੋਇਆ : ਪ੍ਰੋ. ਚੰਦੂਮਾਜਰਾ
Publish Date: Sat, 02 May 2026 06:30 PM (IST)
Updated Date: Sat, 02 May 2026 06:32 PM (IST)

ਐੱਚਐੱਸ ਸੈਣੀ, ਪੰਜਾਬੀ ਜਾਗਰਣ ਰਾਜਪੁਰਾ : ਸਾਬਕਾ ਮੈਂਬਰ ਪਾਰਲੀਮੈਂਟ ਅਤੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਪੰਜਾਬ ਸੂਬੇ ਅੰਦਰ 7 ਰਾਜ ਸਭਾ ਮੈਂਬਰਾਂ ਦੇ ‘ਆਪ’ ਪਾਰਟੀ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਣ ਤੇ ਕਿਹਾ ਕਿ ਦੇਸ਼ ਦੀ ਰਾਜਨੀਤੀ ਵਿੱਚ ਹੁਣ ਸਿਧਾਂਤ ਨਾ ਦੀ ਕੋਈ ਚੀਜ਼ ਨਹੀਂ ਰਹੀ ਅਤੇ ਹੁਣ ਗੈਰ ਸਿਧਾਂਤਕ ਰਾਜਨੀਤੀ ਦਾ ਦੌਰ ਸ਼ੁਰੂ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਰਾਜਸੀ ਆਗੂ ਕੱਪੜਿਆਂ ਵਾਂਗ ਪਾਰਟੀਆਂ ਬਦਲਣ ਲੱਗ ਪਏ ਹਨ, ਜਿਸ ਦੀ ਤਾਜ਼ਾ ਮਿਸਾਲ ਆਪ ਦੇ ਸੱਤ ਰਾਜ ਸਭਾ ਮੈਂਬਰਾਂ ਵੱਲੋਂ ਪਾਰਟੀ ਛੱਡਣ ਦੇ ਰੂਪ ਵਿੱਚ ਸਾਹਮਣੇ ਹੈ। ਪ੍ਰੋ. ਚੰਦੂਮਾਜਰਾ ਅੱਜ ਰਾਜਪੁਰਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਇੱਕ ਪਾਸੇ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਦੂਜੇ ਪਾਸੇ ਸੂਬੇ ਦੇ ਮੁੱਖ ਮੰਤਰੀ ਉੱਪਰ ਨਸ਼ਾਖੋਰੀ ਦੇ ਲੱਗ ਰਹੇ ਇਲਜ਼ਾਮ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਆਮ ਆਦਮੀ ਪਾਰਟੀ ਛੱਡਣ ਵਾਲੇ ਰਾਜ ਸਭਾ ਮੈਂਬਰਾਂ ਰਜਿੰਦਰ ਗੁਪਤਾ ਅਤੇ ਸੰਦੀਪ ਪਾਠਕ ਖਿਲਾਫ਼ ਪੰਜਾਬ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਰਾਜਸੀ ਬਦਲੇ ਖੋਰੀ ਦੀਆਂ ਕਾਰਵਾਈਆਂ ਦੀ ਨਿਖੇਧੀ ਕਰਦਿਆਂ ਕਿਹਾ ਕਿ ਰਾਜਸੀ ਬਦਲਾਖੋਰੀ ਮੌਜੂਦਾ ਸਿਆਸਤ ਦੇ ਡਿੱਗ ਰਹੇ ਮਿਆਰ ਨੂੰ ਦਰਸਾਉਂਦੀ ਹੈ। ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਵੱਲੋਂ ਆ ਰਹੀਆਂ ਚੋਣਾਂ ਵਿੱਚ ਕਿਸ ਪਾਰਟੀ ਨਾਲ ਗਠਜੋੜ ਕੀਤੇ ਜਾਵੇਗਾ, ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਜੋ ਵੀ ਪਾਰਟੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਗੱਲ ਕਰੇਗੀ, ਉਸ ਨਾਲ ਗਠਜੋੜ ਸਬੰਧੀ ਗੱਲਬਾਤ ਚਲਾਈ ਜਾ ਸਕਦੀ ਹੈ। ਪ੍ਰੋ. ਚੰਦੂਮਾਜਰਾ ਨੇ ਆਪਣੇ ਪਰਿਵਾਰ ਦੇ ਸ਼੍ਰੋਮਣੀ ਅਕਾਲੀ ਦਲ ਬਾਦਲ ਵਿੱਚ ਰਲੇਵੇਂ ਸਬੰਧੀ ਸਵਾਲ ਦੇ ਜਵਾਬ ਦਾ ਸਪੱਸ਼ਟ ਉੱਤਰ ਦੇਣ ਦੀ ਥਾਂ ਕਿਹਾ ਕਿ ਰਾਜਨੀਤੀ ਵਿੱਚ ਰਾਜਸੀ ਬਦਲ ਹਮੇਸ਼ਾ ਖੁੱਲ੍ਹੇ ਰਹਿੰਦੇ ਹਨ ਅਤੇ ਕਦੇ ਵੀ ਕੋਈ ਵੀ ਫ਼ੈਸਲਾ ਅਣਕਿਆਸਿਆ ਨਹੀਂ ਹੁੰਦਾ। ਇਸ ਮੌਕੇ ਉਨ੍ਹਾਂ ਦੇ ਨਾਲ ਅਕਾਲੀ ਆਗੂ ਸਾਬਕਾ ਏਏਜੀ ਸਿਮਰਨਜੀਤ ਸਿੰਘ ਚੰਦੂਮਾਜਰਾ, ਕੇਂਦਰੀ ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਅਬਰਿੰਦਰ ਸਿੰਘ ਕੰਗ, ਜਥੇਦਾਰ ਤਰਲੋਚਨ ਸਿੰਘ ਚੰਦੂਮਾਜਰਾ, ਦਮਦਮੀ ਟਕਸਾਲ ਜੱਥਾ ਰਾਜਪੁਰਾ ਦੇ ਬਰਜਿੰਦਰ ਸਿੰਘ ਪਰਵਾਨਾ, ਮਨਜੀਤ ਸਿੰਘ ਗਿੱਲ, ਪ੍ਰਿੰਸੀਪਲ ਕੁਲਵੰਤ ਸਿੰਘ ਸਰਦਾਰਗੜ੍ਹ ਅਤੇ ਭਾਈ ਰਮਿੰਦਰ ਸਿੰਘ ਵੀ ਮੌਜੂਦ ਸਨ।