ਡੀਏਵੀ ਸਕੂਲ ’ਚ ਲੇਖਕ ਵਰਕਸ਼ਾਪ ਕਰਵਾਈ
ਡੀਏਵੀ ਸਕੂਲ ਵੱਲੋਂ ਲੇਖਕ ਵਰਕਸ਼ਾਪ ਦਾ ਆਯੋਜਨ
Publish Date: Sat, 02 May 2026 06:16 PM (IST)
Updated Date: Sat, 02 May 2026 06:17 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਡੀਏਵੀ ਸਕੂਲ ਪਟਿਆਲਾ ਦੇ ਰੀਡਰਜ਼ ਕਲੱਬ ਵੱਲੋਂ ਵਿਦਿਆਰਥੀਆਂ ਵਿੱਚ ਲੇਖਣ ਰੁਚੀ ਪੈਦਾ ਕਰਨ ਦੇ ਮਕਸਦ ਨਾਲ ਲੇਖਕ ਵਰਕਸ਼ਾਪ ਕਰਵਾਈ ਗਈ। ਇਸ ਵਰਕਸ਼ਾਪ ਵਿੱਚ ਪ੍ਰਸਿੱਧ ਪੰਜਾਬੀ ਬਾਲ ਸਾਹਿਤਕਾਰ ਬਾਜ ਸਿੰਘ ਮਹਿਲੀਆ ਅਤੇ ਹਿੰਦੀ ਲੇਖਿਕਾ ਅਲਕਾ ਅਰੋੜਾ ਨੇ ਮੁੱਖ ਬੁਲਾਰਿਆਂ ਵਜੋਂ ਸ਼ਿਰਕਤ ਕੀਤੀ। ਸਾਹਿਤਕ ਵਰਕਸ਼ਾਪ ਦੌਰਾਨ ਬਾਲ ਸਾਹਿਤਕਾਰ ਬਾਜ ਸਿੰਘ ਮਹਿਲੀਆ ਨੇ ਕੁਦਰਤ ਨਾਲ ਜੁੜੇ ਵਿਸ਼ਿਆਂ ਜਿਵੇਂ ਦਰੱਖਤਾਂ, ਪੰਛੀਆਂ ਅਤੇ ਪਹਾੜਾਂ ’ਤੇ ਆਧਾਰਿਤ ਆਪਣੀਆਂ ਕਵਿਤਾਵਾਂ ਸੁਣਾ ਕੇ ਬੱਚਿਆਂ ਨੂੰ ਰਚਨਾਤਮਕ ਲੇਖਣ ਲਈ ਪ੍ਰੇਰਿਤ ਕੀਤਾ। ਉਹਨਾਂ ਹਾਜ਼ਰ ਵਿਦਿਆਰਥੀਆਂ ਨੂੰ ਸਹਿਤ ਨਾਲ ਜੁੜਨ ਦੀ ਅਪੀਲ ਕਰਦਿਆਂ ਕਿਹਾ ਕਿ ਕਿਤਾਬਾਂ ਨੂੰ ਮਨੁੱਖ ਦੀ ਤੀਜੀ ਅੱਖ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਕਿਤਾਬਾਂ ਪੜ੍ਹਨ ਵਾਲੇ ਵਿਅਕਤੀ ਨੂੰ ਵਡਮੁੱਲੀ ਜਾਣਕਾਰੀ ਹਾਸਲ ਹੁੰਦੀ ਹੈ। ਇਤਿਹਾਸਕ ਘਟਨਾਵਾਂ ਦਾ ਉਲੇਖ ਕਰਦਿਆਂ ਉਨ੍ਹਾਂ ਕਿਹਾ ਕਿ ਸਹਿਤ ਹੀ ਇੱਕ ਅਜਿਹੀ ਵਿਧਾ ਹੈ ਜਿਸ ਰਾਹੀਂ ਘਰ ਬੈਠੇ ਪਾਠਕ ਵੀ ਦੁਨੀਆ ਦੇ ਦੂਰ ਦੇ ਹਿੱਸਿਆਂ ਦੀ ਯਾਤਰਾ ਕਿਤਾਬਾਂ ਰਾਹੀਂ ਕਰ ਲੈਂਦਾ ਹੈ। ਬਾਲ ਉਮਰ ਵਿੱਚ ਕਿਤਾਬਾਂ ਪੜ੍ਹਨ ਦੀ ਲੱਗੀ ਰੁਚੀ ਮਨੁੱਖ ਨੂੰ ਆਮ ਨਾਲੋਂ ਵੱਖਰਾ ਬਣਾ ਦਿੰਦੀ ਹੈ। ਕਲਾਸ ਦੱਸਵੀਂ ਦੀ ਵਿਦਿਆਰਥਣ ਜੈਸਮਿਨ ਦੇ ਮੌਲਿਕ ਨੇ ਪੀਪੀਟੀ ਰਾਹੀਂ ਵਿਦਿਆਰਥੀਆਂ ਨੂੰ ਵੱਖ-ਵੱਖ ਭਾਸ਼ਾਵਾਂ ਦੇ ਪ੍ਰਸਿੱਧ ਲੇਖਕਾਂ ਬਾਰੇ ਜਾਣਕਾਰੀ ਦਿੱਤੀ। ਪ੍ਰਿੰਸੀਪਲ ਵਿਵੇਕ ਤਿਵਾੜੀ ਨੇ ਦੋਵੇਂ ਮਹਿਮਾਨਾਂ ਦਾ ਧੰਨਵਾਦ ਕੀਤਾ। ਮੁੱਖ ਮਹਿਮਾਨ ਅਨੂ ਤਿਵਾੜੀ ਨੇ ਸੰਸਥਾ ਵੱਲੋਂ ਕੀਤੇ ਉਪਰਾਲੇ ਦੀ ਪ੍ਰਸ਼ੰਸਾ ਕਰਦੇ ਹੋਏ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਲਾਇਬ੍ਰੇਰੀਅਨ ਮੀਨਾਖਸ਼ੀ ਵਸ਼ਿਸ਼ਠ ਨੇ ਪ੍ਰਿੰਸੀਪਲ ਵਿਵੇਕ ਤਿਵਾੜੀ ਨੇ ਮੀਨਾਖਸ਼ੀ ਵਸ਼ਿਸ਼ਠ ਦਾ ਵਿਸ਼ੇਸ਼ ਧੰਨਵਾਦ ਵੀ ਕੀਤਾ। ਮੰਚ ਦਾ ਸੰਚਾਲਨ ਦਸਵੀਂ ਕਲਾਸ ਦੀਆਂ ਵਿਦਿਆਰਥਣਾਂ ਡਿੰਪਲ ਅਤੇ ਪਲਕ ਵੱਲੋਂ ਬਾਖੂਬੀ ਕੀਤਾ ਗਿਆ।