ਪ੍ਰੈੱਸ ਆਜ਼ਾਦੀ ਦਿਵਸ ਮੌਕੇ ਪੱਤਰਕਾਰਾਂ ਦਾ ਸਨਮਾਨ
ਪ੍ਰੈਸ ਆਜ਼ਾਦੀ ਦਿਵਸ ਮੌਕੇ ਪੱਤਰਕਾਰਾਂ ਦਾ ਸਨਮਾਨ
Publish Date: Sat, 02 May 2026 05:20 PM (IST)
Updated Date: Sat, 02 May 2026 05:23 PM (IST)

ਭੁਪਿੰਦਰਜੀਤ ਮੌਲਵੀਵਾਲਾ, ਪੰਜਾਬੀ ਜਾਗਰਣ ਪਾਤੜਾਂ : ਕੌਮਾਂਤਰੀ ਪ੍ਰੈੱਸ ਆਜ਼ਾਦੀ ਦਿਵਸ ਮੌਕੇ ਸਪਾਰਕਲਿੰਗ ਕਿਡਜ਼ ਦਾ ਫਾਊਂਡੇਸ਼ਨ ਸੀਨੀਅਰ ਸੈਕੰਡਰੀ ਸਕੂਲ ਪਾਤੜਾਂ ਵੱਲੋਂ ਭਾਸ਼ਣ ਮੁਕਾਬਲੇ ਅਤੇ ਸਨਮਾਨ ਸਮਾਗਮ ਕਰਵਾਇਆ ਗਿਆ। ਇਸ ਮੌਕੇ ਲੋਕਤੰਤਰਿਕ ਸਮਾਜ ਵਿੱਚ ਆਜ਼ਾਦ ਅਤੇ ਜ਼ਿੰਮੇਵਾਰ ਮੀਡੀਆ ਦੀ ਮਹੱਤਤਾ ਨੂੰ ਉਜਾਗਰ ਕਰਦਿਆਂ ਵਿਦਿਆਰਥੀਆਂ ਦੇ ਭਾਸ਼ਣ ਮੁਕਾਬਲੇ ਕਰਵਾਏ ਗਏ। ਸਮਾਗਮ ਵਿੱਚ ਇਲਾਕੇ ਦੇ ਵੱਖ-ਵੱਖ ਮੀਡੀਆ ਹਾਊਸਾਂ ਨਾਲ ਜੁੜੇ ਪੱਤਰਕਾਰਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਸਕੂਲ ਦੇ ਹੈੱਡ ਬੋਏ ਗਰਵਿਤ ਮਿੱਤਲ ਅਤੇ ਹੈੱਡ ਗਰਲ ਸਵਰੀਨ ਕੌਰ ਵੱਲੋਂ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਵਿਦਿਆਰਥਣ ਐਲਿਸ ਦੇ ਸਵਾਗਤ ਭਾਸ਼ਣ ਨਾਲ ਹੋਈ, ਜਿਸ ਵਿੱਚ ਉਸ ਨੇ ਪ੍ਰੈੱਸ ਦੀ ਆਜ਼ਾਦੀ ਅਤੇ ਮੀਡੀਆ ਦੀ ਅਹਿਮ ਭੂਮਿਕਾ ’ਤੇ ਰੋਸ਼ਨੀ ਪਾਈ। ਵਿਦਿਆਰਥੀਆਂ ਨੇ ਅੰਤਰਰਾਸ਼ਟਰੀ, ਰਾਸ਼ਟਰੀ ਅਤੇ ਰਾਜ ਪੱਧਰ ਦੇ ਪ੍ਰਸਿੱਧ ਨਿਊਜ਼ ਐਂਕਰਾਂ ਦੀ ਨਕਲ ਬੜੀ ਨਿਪੁੰਨਤਾ ਨਾਲ ਕੀਤੀ। ਦਸਵੀਂ ਕਲਾਸ ਦੇ ਚਾਹਤ ਨੇ ਰਵੀ ਸ਼ੰਕਰ ਦੇ ਅੰਦਾਜ਼ ਵਿੱਚ ਇਜ਼ਰਾਇਲ-ਇਰਾਨ ਟਕਰਾਅ ਬਾਰੇ ਮਿਮਿਕਰੀ ਕੀਤੀ, ਜਦਕਿ ਸਾਹਿਲ ਨੇ ਰਿਹਾਨ ਫ਼ਾਜ਼ਿਲ ਦਾ ਰੂਪ ਧਾਰ ਕੇ ਵੈਸਟ ਬੰਗਾਲ ਚੋਣਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਬਾਰ੍ਹਵੀਂ ਦੀ ਸ੍ਰਿਸ਼ਟੀ ਬੱਤਰਾ ਨੇ ਅੰਜਨਾ ਕੌਸ਼ਅਪ ਅਤੇ ਗਿਆਰ੍ਹਵੀਂ ਦੀ ਸਵਰੀਨ ਕੌਰ ਨੇ ਪਾਲਕੀ ਸ਼ਰਮਾ ਦੇ ਅੰਦਾਜ਼ ਵਿੱਚ ਬੇਰੁਜ਼ਗਾਰੀ ਦੇ ਮਸਲੇ ’ਤੇ ਵਿਚਾਰ ਪ੍ਰਗਟ ਕੀਤੇ। ਇਸ ਤੋਂ ਇਲਾਵਾ ਇਨਾਯਤ ਨੇ ਗਰੀਮਾ ਸਿੰਘ ਅਤੇ ਜਗਨੀਸ਼ ਕੌਰ ਨੇ ਪ੍ਰਤੀਭਾ ਮਿਸ਼ਰਾ ਦੇ ਰੂਪ ਵਿੱਚ ਖ਼ਬਰਾਂ ਪੇਸ਼ ਕੀਤੀਆਂ। ਵਿਸ਼ਵਦੀਪ ਸਿੰਘ ਨੇ ਹਰਪ੍ਰੀਤ ਸਿੰਘ ਸੈਣੀ ਦੇ ਅੰਦਾਜ਼ ਵਿੱਚ ਆਈਪੀਐੱਲ ਮੈਚ ਬਾਰੇ ਜਾਣਕਾਰੀ ਦਿੱਤੀ, ਜਦਕਿ ਨੌਵੀਂ ਕਲਾਸ ਦੀ ਵਿਦਿਆਰਥਣ ਨੇ ਸ਼ਵੇਤਾ ਸਿੰਘ ਦਾ ਰੋਲ ਬਖੂਬੀ ਨਿਭਾ ਕੇ ਦਰਸ਼ਕਾਂ ਦਾ ਦਿਲ ਜਿੱਤ ਲਿਆ। ਪ੍ਰਿੰਸੀਪਲ ਹਰਮਨਦੀਪ ਕੌਰ ਹਰੀਕਾ ਨੇ ਸਾਰੇ ਮੀਡੀਆ ਮਹਿਮਾਨਾਂ ਨੂੰ ਸਨਮਾਨਿਤ ਕਰਦੇ ਹੋਏ ਯਾਦਗਾਰੀ ਚਿੰਨ੍ਹ ਭੇਟ ਕੀਤੇ ਅਤੇ ਆਪਣੇ ਸੰਬੋਧਨ ਵਿੱਚ ਸੱਚੀ ਅਤੇ ਜ਼ਿੰਮੇਵਾਰ ਪੱਤਰਕਾਰਤਾ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਮੀਡੀਆ ਲੋਕਤੰਤਰ ਦਾ ਮਜ਼ਬੂਤ ਸਤੰਭ ਹੈ ਅਤੇ ਸਮਾਜ ਵਿੱਚ ਜਾਗਰੂਕਤਾ ਪੈਦਾ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ। ਇਸ ਦੌਰਾਨ ਮੀਡੀਆ ਕਲੱਬ ਪਾਤੜਾਂ ਦੇ ਪ੍ਰਧਾਨ ਜਗਦੀਸ਼ ਸਿੰਘ ਕੰਬੋਜ ਅਤੇ ਸਰਪ੍ਰਸਤ ਗੁਰਨਾਮ ਸਿੰਘ ਚੌਹਾਨ ਨੇ ਪੱਤਰਕਾਰਾਂ ਦਾ ਸਨਮਾਨ ਕਰਨ ਲਈ ਸੰਸਥਾ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕਰਦਿਆਂ ਭਰੋਸਾ ਦਿੱਤਾ ਕਿ ਅਜਿਹੇ ਸਨਮਾਨ ਜ਼ਿੰਮੇਵਾਰੀਆਂ ਦੀਆਂ ਭਾਵਨਾਵਾਂ ਵਿੱਚ ਵਾਧਾ ਕਰਦੇ ਹਨ।