ਸਰਕਾਰੀ ਹਸਪਤਾਲ ’ਚ ਨਵਜੰਮੇ ਬੱਚਿਆਂ ਲਈ ‘ਨਿੱਕੂ ਵਾਰਡ’ ਦਾ ਉਦਘਾਟਨ
ਸਰਕਾਰੀ ਹਸਪਤਾਲ ਨਵ- ਜਨਮੇ ਬੱਚਿਆਂ ਲਈ ‘ਨਿੱਕੂ ਵਾਰਡ’ ਦਾ ਉਦਘਾਟਨ
Publish Date: Sat, 02 May 2026 04:16 PM (IST)
Updated Date: Sat, 02 May 2026 04:17 PM (IST)

ਐੱਚਐੱਸ ਸੈਣੀ, ਪੰਜਾਬੀ ਜਾਗਰਣ ਰਾਜਪੁਰਾ : ਇੱਥੋਂ ਦੇ ਸਰਕਾਰੀ ਏਪੀ ਜੈਨ ਸਿਵਲ ਹਸਪਤਾਲ ਰਾਜਪੁਰਾ ਵਿਖੇ ਸੀਨੀਅਰ ਮੈਡੀਕਲ ਅਫਸਰ ਡਾ. ਸ਼ਰਨਪ੍ਰੀਤ ਸਿੰਘ ਦੀ ਅਗਵਾਈ ਹੇਠ ਨਿੱਕੂ ਵਾਰਡ ਦਾ ਉਦਘਾਟਨ ਕਰਨ ਦੇ ਲਈ ਸਮਾਗਮ ਕਰਵਾਇਆ ਗਿਆ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਹਲਕਾ ਰਾਜਪੁਰਾ ਵਿਧਾਇਕਾ ਨੀਨਾ ਮਿੱਤਲ ਨੇ ਸ਼ਿਰਕਤ ਕੀਤੀ ਅਤੇ ਉਨ੍ਹਾਂ ਵੱਲੋਂ ਰਿਬਨ ਕੱਟ ਕੇ ਨਿੱਕੂ ਵਾਰਡ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਹਲਕਾ ਵਿਧਾਇਕਾ ਨੀਨਾ ਮਿੱਤਲ ਨੇ ਕਿਹਾ ਕਿ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਦੀ ਅਗਵਾਈ ਵਿੱਚ ਰਾਜਪੁਰਾ ਇਲਾਕੇ ਦੀ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨ ਵੱਲ ਇੱਕ ਵੱਡਾ ਕਦਮ ਚੁੱਕਦਿਆਂ ਸਿਵਲ ਹਸਪਤਾਲ ਵਿੱਚ ਨਵੇਂ ਵਾਰਡ ਦਾ ਉਦਘਾਟਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਵਾਰਡ ਵਾਰਡ ਦੇ ਸ਼ੁਰੂ ਹੋਣ ਨਾਲ ਹੁਣ ਰਾਜਪੁਰਾ ਅਤੇ ਆਸ-ਪਾਸ ਦੇ ਇਲਾਕਿਆਂ ਦੇ ਨਵਜੰਮੇ ਬੱਚਿਆਂ ਨੂੰ ਵੱਡੇ ਸ਼ਹਿਰਾਂ ਵਿੱਚ ਰੈਫਰ ਕਰਨ ਦੀ ਲੋੜ ਘੱਟ ਹੋਵੇਗੀ ਅਤੇ ਉਨ੍ਹਾਂ ਨੂੰ ਇੱਥੇ ਹੀ ਆਧੁਨਿਕ ਇਲਾਜ਼ ਅਤੇ ਸਹੂਲਤਾਂ ਮਿਲ ਸਕਣਗੀਆਂ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸਿਹਤ ਖੇਤਰ ਵਿੱਚ ਲਗਾਤਾਰ ਸੁਧਾਰ ਕੀਤੇ ਜਾ ਰਹੇ ਹਨ ਤਾਂ ਜੋ ਲੋਕਾਂ ਨੂੰ ਨੇੜੇ ਹੀ ਬਿਹਤਰ ਇਲਾਜ ਮਿਲ ਸਕੇ। ਐੱਸਐੱਸ ਡਾ. ਸ਼ਰਨਪ੍ਰੀਤ ਸਿੰਘ ਨੇ ਦੱਸਿਆ ਕਿ ਨਿੱਕੂ ਵਾਰਡ ਵਿੱਚ ਨਵਜੰਮੇ ਬੱਚਿਆਂ ਲਈ ਉੱਚ ਪੱਧਰੀ ਮਸ਼ੀਨਾਂ ਅਤੇ ਤਜ਼ਰਬੇਕਾਰ ਸਟਾਫ ਉਪਲਬਧ ਕਰਵਾਇਆ ਗਿਆ ਹੈ। ਜਿਸ ਨਾਲ ਸੰਕਟਮਈ ਹਾਲਤ ਵਾਲੇ ਬੱਚਿਆਂ ਦਾ ਵੀ ਇਲਾਜ ਸੰਭਵ ਹੋਵੇਗਾ। ਇਸ ਮੌਕੇ ਸੰਦੀਪ, ਇੰਦਰ ਸਪਰਾ, ਮੇਟਰਨ ਇੰਦਰਰੂਪ ਕੌਰ ਸਮੇਤ ਡਾਕਟਰ, ਸਟਾਫ ਮੈਂਬਰ ਅਤੇ ਇਲਾਕੇ ਦੇ ਪਤਵੰਤੇ ਮੌਜੂਦ ਸਨ।