ਮਨੁੱਖਤਾ ਦੀ ਮਿਸਾਲ : ਸੜਕ ਹਾਦਸੇ ਦੌਰਾਨ ਤੁਰੰਤ ਮਦਦ ਨਾਲ ਬਚੀ ਜ਼ਿੰਦਗੀ
ਮਨੁੱਖਤਾ ਦੀ ਮਿਸਾਲ: ਸੜਕ ਹਾਦਸੇ ਦੌਰਾਨ ਤੁਰੰਤ ਮਦਦ ਨਾਲ ਬਚੀ ਜ਼ਿੰਦਗੀ
Publish Date: Thu, 30 Apr 2026 06:52 PM (IST)
Updated Date: Thu, 30 Apr 2026 06:55 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਪੀਆਰਟੀਸੀ ਦੇ ਚੇਅਰਮੈਨ ਐਡਵੋਕੇਟ ਹਰਪਾਲ ਜੁਨੇਜਾ ਨੇ ਮਨੁੱਖਤਾ ਦਾ ਫ਼ਰਜ਼ ਨਿਭਾਇਆ, ਅੱਜ ਸਵੇਰੇ ਦਫ਼ਤਰ ਜਾਂਦੇ ਸਮੇਂ ਰਸਤੇ ’ਚ ਸੜਕ ਦੁਰਘਟਨਾ ਦੇ ਪੀੜਤ ਨੂੰ ਉਨ੍ਹਾਂ ਨੇ ਰਜਿੰਦਰਾ ਹਸਪਤਾਲ ਪਹੁੰਚਾਇਆ। ਇਸ ਤਰ੍ਹਾਂ ਹਰਪਾਲ ਜੁਨੇਜਾ ਨੇ ਮਨੁੱਖਤਾ ਦੀ ਮਿਸਾਲ ਪੇਸ਼ ਕੀਤੀ ਜਿਸ ਸਦਕਾ ਸੜਕ ਹਾਦਸੇ ਦੌਰਾਨ ਤੁਰੰਤ ਮਦਦ ਨਾਲ ਇਕ ਮਨੁੱਖੀ ਜ਼ਿੰਦਗੀ ਬਚ ਗਈ। ਐਡਵੋਕੇਟ ਹਰਪਾਲ ਜੁਨੇਜਾ ਨੇ ਦੱਸਿਆ ਕਿ ਅੱਜ ਰੋਜ਼ਾਨਾ ਦੀ ਤਰ੍ਹਾਂ ਦਫ਼ਤਰ ਜਾਂਦੇ ਸਮੇਂ ਰਸਤੇ ਵਿਚ ਇਕ ਸੜਕ ਦੁਰਘਟਨਾ ਵਾਪਰੀ, ਜਿਸ ਵਿਚ ਇਕ ਵਿਅਕਤੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ, ਘਟਨਾ ਨੂੰ ਦੇਖਦੇ ਹੀ ਤੁਰੰਤ ਮਨੁੱਖਤਾ ਦਾ ਫਰਜ਼ ਨਿਭਾਉਂਦੇ ਹੋਏ ਉਂਨ੍ਹਾਂ ਨੇ ਆਪਣਾ ਵਾਹਨ ਰੋਕਿਆ ਅਤੇ ਆਪਣੀ ਟੀਮ ਦੀ ਸਹਾਇਤਾ ਨਾਲ ਜ਼ਖ਼ਮੀ ਵਿਅਕਤੀ ਨੂੰ ਤੁਰੰਤ ਸਰਕਾਰੀ ਰਜਿੰਦਰਾ ਹਸਪਤਾਲ, ਪਟਿਆਲਾ ਵਿਖੇ ਪਹੁੰਚਾ ਕੇ ਇਲਾਜ ਲਈ ਦਾਖਲ ਕਰਵਾਇਆ। ਹਰਪਾਲ ਜੁਨੇਜਾ ਨੇ ਦੱਸਿਆ ਕਿ ਉਹ ਸ਼ਾਮ ਨੂੰ ਮੁੜ ਜ਼ਖ਼ਮੀ ਰਾਮਦੀਨ ਦਾ ਪਤਾ ਲੈਣ ਹਸਪਤਾਲ ਗਏ ਤਾਂ ਦੇਖਿਆ ਕਿ ਡਾਕਟਰਾਂ ਦੀ ਮਿਹਨਤ ਅਤੇ ਪਰਮਾਤਮਾ ਦੀ ਕਿਰਪਾ ਸਦਕਾ ਜ਼ਖ਼ਮੀ ਵਿਅਕਤੀ ਹੁਣ ਖਤਰੇ ਤੋਂ ਬਾਹਰ ਹੈ। ਇਸ ਮੌਕੇ ਉਨ੍ਹਾਂ ਨੇ ਸਰਕਾਰੀ ਰਜਿੰਦਰਾ ਹਸਪਤਾਲ ਦੇ ਡਾਕਟਰਾਂ ਤੇ ਸਮੂਹ ਸਟਾਫ ਦਾ ਵਿਸ਼ੇਸ਼ ਧੰਨਵਾਦ ਕੀਤਾ, ਜਿਨ੍ਹਾਂ ਵੱਲੋਂ ਸਮੇਂ ਸਿਰ ਇਲਾਜ ਤੇ ਪੂਰਾ ਸਹਿਯੋਗ ਪ੍ਰਦਾਨ ਕੀਤਾ ਗਿਆ। ਹਰਪਾਲ ਜੁਨੇਜਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਲੋਕ ਭਲਾਈ ਅਤੇ ਜਨ-ਹਿੱਤ ਨੂੰ ਧਿਆਨ ਵਿੱਚ ਰੱਖਦੇ ਹੋਏ ਅਨੇਕਾਂ ਲੋਕ-ਪੱਖੀ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ, ਇਸੇ ਕੜੀ ਤਹਿਤ ਫਰਿਸ਼ਤੇ ਸਕੀਮ ਤੇ ਸੜਕ ਸੁਰੱਖਿਆ ਫੋਰਸ ਦਾ ਮੁੱਖ ਉਦੇਸ਼ ਸੜਕ ਹਾਦਸਿਆਂ ਦੌਰਾਨ ਜ਼ਖ਼ਮੀਆਂ ਨੂੰ ਸਮੇਂ ਸਿਰ ਸਹਾਇਤਾ ਪ੍ਰਦਾਨ ਕਰਨਾ ਅਤੇ ਕੀਮਤੀ ਜਾਨਾਂ ਬਚਾਉਣਾ ਹੈ। ਚੇਅਰਮੈਨ ਨੇ ਕਿਹਾ ਕਿ ਸਮਾਜ ਵਿਚ ਮਨੁੱਖਤਾ ਤੇ ਆਪਸੀ ਸਹਿਯੋਗ ਦੀ ਭਾਵਨਾ ਹੀ ਅਸਲ ਸੇਵਾ ਹੈ। ਉਨ੍ਹਾਂ ਕਿਹਾ ਕਿ ਸਭ ਨੂੰ ਇਹ ਸੰਕਲਪ ਕਰਨਾ ਚਾਹੀਦਾ ਹੈ ਕਿ ਮਨੁੱਖਤਾ ਦੇ ਨਾਤੇ ਜਿੱਥੇ ਵੀ ਕਿਸੇ ਨੂੰ ਮਦਦ ਦੀ ਲੋੜ ਹੋਵੇ, ਉੱਥੇ ਅੱਗੇ ਵੱਧ ਕੇ ਆਪਣਾ ਫਰਜ਼ ਨਿਭਾਈਏ, ਕਿਉਂਕਿ ਸਮੇਂ ਸਿਰ ਕੀਤਾ ਗਿਆ ਇੱਕ ਛੋਟਾ ਜਿਹਾ ਉਪਰਾਲਾ ਵੀ ਕਿਸੇ ਦੀ ਜ਼ਿੰਦਗੀ ਬਚਾ ਕੇ ਪਰਿਵਾਰ ਦੀਆਂ ਖੁਸ਼ੀਆਂ ਨੂੰ ਬਰਕਰਾਰ ਰੱਖ ਸਕਦਾ ਹੈ।