ਪੀਯੂ : ਵਿੱਤੀ ਚੁਣੌਤੀਆਂ ਅਤੇ ਵਿਕਾਸ ਦੇ ਨਵੇਂ ਟੀਚਿਆਂ ਵਿਚਾਲੇ ਜਸ਼ਨ
ਪੀਯੂ : ਵਿੱਤੀ ਚੁਣੌਤੀਆਂ ਅਤੇ ਵਿਕਾਸ ਦੇ ਨਵੇਂ ਟੀਚਿਆਂ ਵਿਚਾਲੇ ਜਸ਼ਨ
Publish Date: Wed, 29 Apr 2026 05:13 PM (IST)
Updated Date: Thu, 30 Apr 2026 04:08 AM (IST)

ਪੰਜਾਬੀ ਯੂਨੀਵਰਸਿਟੀ ਦਾ 65ਵਾਂ ਸਥਾਪਨਾ ਦਿਵਸ ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ ਉੱਤਰੀ ਭਾਰਤ ਦੀ ਪ੍ਰਮੁੱਖ ਵਿਦਿਅਕ ਸੰਸਥਾ ਪੰਜਾਬੀ ਯੂਨੀਵਰਸਿਟੀ ਨੇ ਅੱਜ ਆਪਣੀ ਸਥਾਪਨਾ ਦੇ 65 ਸਾਲ ਪੂਰੇ ਕਰ ਲਏ ਹਨ। ਜਿੱਥੇ ਯੂਨੀਵਰਸਿਟੀ ਕੈਂਪਸ ਵਿੱਚ ਅਕਾਦਮਿਕ ਅਤੇ ਸੱਭਿਆਚਾਰਕ ਪ੍ਰਾਪਤੀਆਂ ਦਾ ਜਸ਼ਨ ਮਨਾਇਆ ਜਾ ਰਿਹਾ ਹੈ, ਉੱਥੇ ਹੀ ਇਸ ਵਾਰ ਦਾ ਸਥਾਪਨਾ ਦਿਵਸ ਯੂਨੀਵਰਸਿਟੀ ਦੀ ਆਰਥਿਕ ਸਥਿਤੀ ਅਤੇ ਆਉਣ ਵਾਲੇ ਸਾਲ ਦੇ ਬਜਟ ਕਾਰਨ ਖਾਸ ਚਰਚਾ ਵਿੱਚ ਹੈ। ਯੂਨੀਵਰਸਿਟੀ ਦੇ ਵਿੱਤੀ ਅੰਕੜਿਆਂ ਮੁਤਾਬਕ, ਮੌਜੂਦਾ ਵਿੱਤੀ ਵਰ੍ਹਾ ਮਿਸ਼ਰਤ ਚੁਣੌਤੀਆਂ ਵਾਲਾ ਰਿਹਾ ਹੈ। 125 ਕਰੋੜ ਦੇ ਵਿੱਤੀ ਘਾਟੇ ਵਿਚ ਚੱਲ ਰਹੀ ਯੂਨੀਵਰਸਿਟੀ ਦਾ 65ਵਾਂ ਸਾਲ ਇਕ ਅਜਿਹੇ ਮੋੜ ਤੇ ਹੈ ਜਿੱਥੇ ਇਸ ਨੇ ਆਪਣੀ ਅਕਾਦਮਿਕ ਵਿਰਾਸਤ ਨੂੰ ਸੰਭਾਲਦੇ ਹੋਏ ਆਰਥਿਕ ਤੌਰ ਤੇ ਆਤਮ-ਨਿਰਭਰ ਹੋਣ ਦੀ ਵੱਡੀ ਚੁਣੌਤੀ ਦਾ ਸਾਹਮਣਾ ਕਰਨਾ ਹੈ। ਸਥਾਪਨਾ ਦਿਵਸ ’ਤੇ ਯੂਨੀਵਰਸਿਟੀ ਦੇ ਅਧਿਕਾਰੀਆਂ ਅਤੇ ਕਰਮਚਾਰੀ ਜਥੇਬੰਦੀਆਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਯੂਨੀਵਰਸਿਟੀ ਦੇ ਸਿਰ ਚੜ੍ਹੇ ਕਰਜ਼ੇ ਅਤੇ ਵਿੱਤੀ ਘਾਟੇ ਨੂੰ ਪੂਰਾ ਕਰਨ ਲਈ ਮੁਕੰਮਲ ਵਿੱਤੀ ਪੈਕੇਜ ਦਿੱਤਾ ਜਾਵੇ। ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਸਰਕਾਰ ਸਥਾਈ ਮਾਸਿਕ ਗ੍ਰਾਂਟ ਵਿੱਚ ਵਾਧਾ ਕਰਦੀ ਹੈ, ਤਾਂ ਇਹ ਸੰਸਥਾ ਆਪਣੀ ਪੁਰਾਣੀ ਵਿੱਤੀ ਸ਼ਾਨ ਬਹਾਲ ਕਰ ਸਕਦੀ ਹੈ। --- ਭਵਿੱਖ ਦੀਆਂ ਚੁਣੌਤੀਆਂ ਲਈ ਨਵੇਂ ਅਹਿਦ ਲੈਣ ਦਾ ਦਿਨ : ਵੀਸੀ ਵਾਇਸ ਚਾਂਸਲਰ ਡਾ. ਜਗਦੀਪ ਸਿੰਘ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਸਥਾਪਨਾ ਦਿਵਸ ਸਾਡੀਆਂ ਪੁਰਾਣੀਆਂ ਪ੍ਰਾਪਤੀਆਂ ਨੂੰ ਯਾਦ ਕਰਨ ਅਤੇ ਭਵਿੱਖ ਦੀਆਂ ਚੁਣੌਤੀਆਂ ਲਈ ਨਵੇਂ ਅਹਿਦ ਲੈਣ ਦਾ ਦਿਨ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਭਾਸ਼ਾ, ਕਲਾ ਅਤੇ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਵਚਨਬੱਧ ਮਾਂ-ਬੋਲੀ ਦੀ ਸਿਰਮੌਰ ਸੰਸਥਾ ਪੰਜਾਬੀ ਯੂਨੀਵਰਸਿਟੀ ਦਾ ਪਿਛਲੇ ਤਕਰੀਬਨ ਸਾਢੇ ਛੇ ਦਹਾਕਿਆਂ ਦਾ ਸਫ਼ਰ ਸ਼ਾਨਦਾਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰ ਦਾ ਸਥਾਪਨਾ ਦਿਵਸ ਭਾਸ਼ਣ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਉਪ-ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ ਵੱਲੋਂ ਦਿੱਤਾ ਜਾਵੇਗਾ। ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਡਾ. ਨਰਿੰਦਰ ਸਿੰਘ ਕਪੂਰ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰੀ ਭਰਨਗੇ। ---- ਸਥਾਪਨਾ ਦਿਵਸ ਸਬੰਧੀ ਸਮਾਗਮ ਅੱਜ ਪੰਜਾਬੀ ਯੂਨੀਵਰਸਿਟੀ ਵੱਲੋਂ 30 ਅਪ੍ਰੈਲ ਨੂੰ ਆਪਣਾ 65ਵਾਂ ਸਥਾਪਨਾ ਦਿਵਸ ਮਨਾਇਆ ਜਾ ਰਿਹਾ ਹੈ। ਇਸ ਇਤਿਹਾਸਕ ਮੌਕੇ ਯੂਨੀਵਰਸਿਟੀ ਦੇ ਸਾਇੰਸ ਆਡੀਟੋਰੀਅਮ ਵਿੱਚ ਇੱਕ ਵਿਸ਼ੇਸ਼ ਸਮਾਗਮ ਰੱਖਿਆ ਗਿਆ ਹੈ। ਇਸ ਸਮਾਗਮ ਵਿੱਚ ਪੰਜਾਬ ਦੇ ਉਚੇਰੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਸਮਾਗਮ ਦੀ ਪ੍ਰਧਾਨਗੀ ਪੰਜਾਬੀ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਜਗਦੀਪ ਸਿੰਘ ਵੱਲੋਂ ਕੀਤੀ ਜਾਵੇਗੀ। ਰਜਿਸਟਰਾਰ ਡਾ. ਦਵਿੰਦਰ ਪਾਲ ਸਿੰਘ ਸਿੱਧੂ ਨੇ ਦੱਸਿਆ ਕਿ ਇਹ ਸਮਾਗਮ ਸਾਇੰਸ ਆਡੀਟੋਰੀਅਮ ਵਿਖੇ ਸਵੇਰੇ ਸ਼ੁਰੂ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਦਿਨ ਨੂੰ ਯਾਦਗਾਰੀ ਬਣਾਉਣ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।