ਬਿਜਲੀ ਕੱਟਾਂ ਤੋਂ ਅੱਕੇ ਲੋਕ, ਬੀਕੇਯੂ ਕ੍ਰਾਂਤੀਕਾਰੀ ਵਲੋਂ ਸਰਕਾਰ ਖਿਲਾਫ ਧਰਨਾ
ਬਿਜਲੀ ਕੱਟਾਂ ਤੋਂ ਅੱਕੇ ਲੋਕ, ਬੀਕੇਯੂ ਕ੍ਰਾਂਤੀਕਾਰੀ ਵਲੋਂ ਸਰਕਾਰ ਖਿਲਾਫ ਧਰਨਾ
Publish Date: Wed, 29 Apr 2026 04:12 PM (IST)
Updated Date: Thu, 30 Apr 2026 04:02 AM (IST)
ਭਾਰਤ ਭੂਸ਼ਣ ਗੋਇਲ, ਪੰਜਾਬੀ ਜਾਗਰਣ, ਸਮਾਣਾ
ਬਿਜਲੀ ਦੇ ਲਗਾਤਾਰ ਕੱਟਾਂ ਤੋਂ ਤੰਗ ਆ ਕੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵੱਲੋਂ ਐਕਸੀਅਨ ਦਫਤਰ ਸਮਾਣਾ ਦੇ ਬਾਹਰ ਜ਼ੋਰਦਾਰ ਧਰਨਾ ਦਿੱਤਾ ਗਿਆ। ਇਹ ਪ੍ਰਦਰਸ਼ਨ ਸਿਰਫ਼ ਸਮਾਣਾ ਤੱਕ ਸੀਮਿਤ ਨਹੀਂ ਰਿਹਾ, ਸਗੋਂ ਪੰਜਾਬ ਭਰ ਵਿੱਚ ਕਿਸਾਨਾਂ ਵੱਲੋਂ ਬਿਜਲੀ ਮੁੱਦੇ ‘ਤੇ ਵੱਖ-ਵੱਖ ਥਾਵਾਂ ’ਤੇ ਐਕਸੀਅਨ ਦਫਤਰਾਂ ਅੱਗੇ ਰੋਸ ਪ੍ਰਗਟ ਕੀਤਾ ਗਿਆ।ਧਰਨੇ ਦੌਰਾਨ ਜ਼ਿਲ੍ਹਾ ਪ੍ਰਧਾਨ ਗੁਰਨਾਮ ਸਿੰਘ ਢੈਂਠਲ ਨੇ ਸਰਕਾਰ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਬਿਜਲੀ ਸਰਪਲੱਸ ਹੋਣ ਦੇ ਦਾਅਵੇ ਖੋਖਲੇ ਸਾਬਤ ਹੋ ਰਹੇ ਹਨ। ਪਿੰਡਾਂ ਵਿੱਚ ਲੰਬੇ-ਲੰਬੇ ਕੱਟਾਂ ਕਾਰਨ ਲੋਕਾਂ ਦੀ ਜ਼ਿੰਦਗੀ ਪ੍ਰਭਾਵਿਤ ਹੋ ਰਹੀ ਹੈ। ਰਾਤ ਦੇ ਸਮੇਂ ਬਿਜਲੀ ਨਾ ਹੋਣ ਕਰਕੇ ਲੋਕਾਂ ਨੂੰ ਘੋਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ । ਕਿਸਾਨ ਆਗੂਆਂ ਨੇ ਦੱਸਿਆ ਕਿ ਮੋਟਰਾਂ ਲਈ ਬਿਜਲੀ ਨਾ ਮਿਲਣ ਕਾਰਨ ਫਸਲਾਂ ਸੁੱਕ ਰਹੀਆਂ ਹਨ, ਜਿਸ ਨਾਲ ਕਿਸਾਨਾਂ ਨੂੰ ਵੱਡਾ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਹੈ। ਉਨ੍ਹਾਂ ਦੀ ਮੰਗ ਹੈ ਕਿ ਘੱਟੋ-ਘੱਟ ਅੱਠ ਘੰਟੇ ਬਿਜਲੀ ਮੁਹੱਈਆ ਕਰਵਾਈ ਜਾਵੇ ਤਾਂ ਜੋ ਖੇਤੀਬਾੜੀ ਦਾ ਕੰਮ ਪ੍ਰਭਾਵਿਤ ਨਾ ਹੋਵੇ।ਸੂਬਾ ਪ੍ਰਚਾਰ ਸਕੱਤਰ ਰਣਜੀਤ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਪਹਿਲਾਂ ਵੀ ਬਿਜਲੀ ਬੋਰਡ ਦੇ ਅਧਿਕਾਰੀਆਂ ਨੂੰ ਮੰਗ ਪੱਤਰ ਦਿੱਤਾ ਗਿਆ ਸੀ, ਪਰ ਹਾਲਾਤ ਵਿੱਚ ਕੋਈ ਸੁਧਾਰ ਨਹੀਂ ਆਇਆ। ਕਿਸਾਨਾਂ ਨੇ ਚੇਤਾਵਨੀ ਦਿੱਤੀ ਕਿ ਜੇ ਕੱਟ ਬੰਦ ਨਾ ਹੋਏ ਤਾਂ ਵੱਡੇ ਪੱਧਰ ’ਤੇ ਸੰਘਰਸ਼ ਕੀਤਾ ਜਾਵੇਗਾ।ਦੂਜੇ ਪਾਸੇ ਬਿਜਲੀ ਬੋਰਡ ਦੇ ਐਕਸੀਅਨ ਕੁੰਵਰਦੀਪ ਸਿੰਘ ਨੇ ਕਿਹਾ ਕਿ ਥਰਮਲ ਪਲਾਂਟਾਂ ਵਿੱਚ ਆਈ ਤਕਨੀਕੀ ਖਰਾਬੀ ਕਾਰਨ ਸਮੱਸਿਆ ਪੈਦਾ ਹੋਈ ਸੀ, ਜੋ ਹੁਣ ਦੂਰ ਕਰ ਲਈ ਗਈ ਹੈ ਅਤੇ ਅੱਗੇ ਤੋਂ ਬਿਜਲੀ ਸਪਲਾਈ ਨਿਰਵਿਘਨ ਰਹੇਗੀ। ਇਸ ਮੌਕੇ ਜਰਨੈਲ ਸਿੰਘ ਕਾਲੇਕੇ, ਸੂਬਾ ਪ੍ਰੈੱਸ ਸਕੱਤਰ, ਯਾਦਵਿੰਦਰ ਸਿੰਘ ਕੂਕਾ ਬਲਾਕ ਪ੍ਰਧਾਨ, ਭਗਵੰਤ ਸਿੰਘ ਸਮਾਣਾ, ਪਾਵਨ ਪਸਿਆਣਾ, ਭਾਗ ਸਿੰਘ ਫਤਿਹਪੁਰ, ਰਣਜੀਤ ਸਿੰਘ ਸਹਿਜਪੁਰ, ਅਮਰਜੀਤ ਸਿੰਘ ਬਿਜਲਪੁਰ, ਪੁਸ਼ਪਿੰਦਰ ਸਿੰਘ ਰਤਨਹੇੜੀ, ਗੁਰਦੇਵ ਸਿੰਘ ਚੌਹਟ, ਭੁਪਿੰਦਰ ਸਿੰਘ ਸਮਾਣਾ, ਗੁਰਦੀਪ ਸਿੰਘ ਦੁਲੜ, ਚਰਨਜੀਤ ਸਿੰਘ ਤੁਲੇਵਾਲ, ਗੁਰਮੀਤ ਸਿੰਘ ਮਹਿਮਦਪੁਰ, ਮੁਖਤਿਆਰ ਸਿੰਘ ਦੁਲੜ, ਜਿਲ੍ਹਾ ਪ੍ਰੈਸ ਸਕੱਤਰ ਸੁਖਜਿੰਦਰ ਸਿੰਘ ਕੁਲਾਰਾਂ ਆਦਿ ਕਿਸਾਨ ਆਗੂ ਸ਼ਾਮਿਲ ਸਨ।