ਸ਼ੰਭੂ ਰੇਲਵੇ ਲਾਈਨ ਧਮਾਕਾ, ਬੰਬ ਲਾਉਣ ਵਾਲੇ ਦੇ ਉੱਡੇ ਚਿਥੜੇ
ਸ਼ੰਭੂ ਰੇਲਵੇ ਲਾਈਨ ਧਮਾਕਾ, ਬੰਬ ਲਾਉਣ ਵਾਲੇ ਦੇ ਉੱਡੇ ਚਿਥੜੇ
Publish Date: Tue, 28 Apr 2026 06:49 PM (IST)
Updated Date: Tue, 28 Apr 2026 06:52 PM (IST)

--200 ਫੁੱਟ ਦੂਰ ਤੱਕ ਡਿੱਗੇ ਮਿਲੇ ਸ਼ਰੀਰ ਦੇ ਅੰਗ --ਵੱਡੇ ਧਮਾਕੇ ਦੀ ਸੀ ਸਾਜਿਸ਼ ਫੋਟੋ 28ਪੀਟੀਐਲ: 28 , 33, 34 ਕਰਮਵੀਰ ਸਿੰਘ ਮਰਦਾਂਪੁਰ, ਪੰਜਾਬੀ ਜਾਗਰਣ, ਘਨੌਰ : ਪੰਜਾਬ ਦੀ ਆਮਨ ਸ਼ਾਂਤੀ ਨੂੰ ਭੰਗ ਕਰਨ ਦੇ ਮਕਸਦ ਨਾਲ ਰੇਲ ਪੱਟੜੀ ’ਤੇ ਬੰਬ ਲਗਾਉਣ ਵਾਲਾ ਖੁਦ ਹੀ ਖੇਰੂ ਖੇਰੂ ਹੋ ਗਿਆ। ਵਿਸਫੋਟ ਇਨਾਂ ਜ਼ਬਰਦਸਤ ਸੀ ਕਿ ਬੰਬ ਵਾਲੀ ਥਾਂ ’ਤੇ ਕਰੀਬ ਤਿੰਨ ਤੋਂ ਚਾਰ ਫੁੱਟ ਡੂੰਘਾ ਟੋਇਆ ਪੈ ਗਿਆ ਤੇ ਬੰਬ ਲਗਾਉਣ ਵਾਲੇ ਦੇ ਚਿਥੜੇ ਉੱਡ ਗਏ। ਸਰੀਰ ਦੇ ਵੱਖ-ਵੱਖ ਹੋਏ ਅੰਗ ਕਰੀਬ 200 ਤੋਂ 300 ਫੁੱਟ ਦੂਰ ਪਏ ਦੇਖੇ ਗਏ। ਸ਼ੰਭੂ-ਹਰਿਆਣਾ ਬਾਰਡਰ ਕੋਲ ਸੋਮਵਾਰ ਰਾਤ ਕਰੀਬ 8:30 ਵਜੇ ਰੇਲਵੇ ਲਾਈਨ ਹੇਠਾਂ ਹੋਏ ਭਿਆਨਕ ਬੰਬ ਧਮਾਕੇ ਨਾਲ ਇਲਾਕੇ ਵਿਚ ਹੜਕੰਪ ਮਚ ਗਿਆ। ਇਹ ਧਮਾਕਾ ਉਸ ਵੇਲੇ ਵਾਪਰਿਆ ਜਦੋਂ ਇੱਕ ਮਾਲ ਗੱਡੀ ਲਾਈਨ ਤੋਂ ਗੁਜ਼ਰ ਰਹੀ ਸੀ। ਗੱਡੀ ਦੇ ਡਰਾਈਵਰ ਨੂੰ ਸ਼ੱਕ ਹੋਇਆ ਕਿ ਕੁਝ ਗਲਤ ਹੋਇਆ ਅਤੇ ਉਸਨੇ ਤੁਰੰਤ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ। ਮੁਢਲੀ ਜਾਂਚ ਅਨੁਸਾਰ ਬੰਬ ਵਿਚ ਗਲਤ ਕੁਨੈਕਸ਼ਨ ਹੋਣ ਕਾਰਨ ਉਹ ਸਮੇਂ ਤੋਂ ਪਹਿਲਾਂ ਫਟ ਗਿਆ, ਜਿਸ ਨਾਲ ਬੰਦ ਲਗਾਉਣ ਵਾਲਾ ਹੀ ਇਸ ਲਪੇਟ ਵਿਚ ਆ ਗਿਆ। ਪੁਲਿਸ ਨੂੰ ਮੌਕੇ ਤੋਂ ਟੁੱਕੜਿਆਂ ਵਿਚ ਲਾਸ਼, ਮੋਬਾਈਲ ਫੋਨ ਅਤੇ ਇੱਕ ਟਿਕਟ ਮਿਲੀ ਹੈ। ਧਮਾਕੇ ਦੀ ਤੀਬਰਤਾ ਇਸ ਕਦਰ ਸੀ ਕਿ ਸਰੀਰ ਦੇ ਅੰਗ ਕਰੀਬ 200 ਤੋਂ 250 ਫੁੱਟ ਤੱਕ ਦੂਰ ਜਾ ਡਿੱਗੇ। ਉਸਦੀ ਪਛਾਣ ਤਰਨਤਾਰਨ ਜ਼ਿਲ੍ਹੇ ਦੇ ਜਗਰੂਪ ਸਿੰਘ ਵਜੋਂ ਹੋਈ ਹੈ। ਅੰਮ੍ਰਿਤਸਰ ਰੇਲਵੇ ਸ਼ਟੇਸ਼ਨ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵਿਚ ਇਕ ਸ਼ੱਕੀ ਵਿਅਕਤੀ ਮੋਟਰਸਾਈਕਲ ਪਾਰਕ ਕਰਦਾ ਨਜ਼ਰ ਆਇਆ। ਮੰਗਲਵਾਰ ਸਵੇਰ ਮੌਕੇ ’ਤੇ ਪਹੁੰਚ ਕੇ ਸਪੈਸ਼ਲ ਡੀਜੀਪੀ ਰੇਲਵੇ ਸਸ਼ੀ ਪ੍ਰਭਾ ਨੇ ਦੱਸਿਆ ਕਿ ਜਦੋਂ ਮਾਲ ਗੱਡੀ ਲਾਈਨ ਤੋਂ ਲੰਘ ਰਹੀ ਸੀ, ਉਸ ਵੇਲੇ ਡਰਾਈਵਰ ਨੇ ਗੱਡੀ ਵਿਚ ਅਸਧਾਰਣ ਹਿਲਜੁਲ ਮਹਿਸੂਸ ਕੀਤੀ। ਬਾਅਦ ਵਿਚ ਪਤਾ ਲੱਗਾ ਕਿ ਧਮਾਕਾ ਗੱਡੀ ਦੇ ਹੇਠਾਂ ਮਹਿਸੂਸ ਹੋਇਆ, ਖੁਸ਼ਕਿਸਮਤੀ ਨਾਲ ਰੇਲ ਨੂੰ ਕੋਈ ਨੁਕਸਾਨ ਨਹੀਂ ਹੋਇਆ, ਨਹੀਂ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ। ਰੇਲਵੇ ਚੌਕੀ ਇੰਚਾਰਜ ਸੁਖਚੈਨ ਸਿੰਘ ਨੇ ਦੱਸਿਆ ਕਿ ਧਮਾਕਾ ਮਾਲ ਗੱਡੀ ਦੀ ਲਾਈਨ ‘ਤੇ ਹੋਇਆ, ਜਿਸ ਨਾਲ ਲਾਈਨ ਵਿਚ 3–4 ਫੁੱਟ ਡੂੰਘਾ ਪਾੜ ਪੈ ਗਿਆ ਅਤੇ ਇੱਕ ਸਲੀਪਰ ਨੁਕਸਾਨਿਆ ਗਿਆ। ਇਹ ਧਮਾਕਾ ਕਿਲੋਮੀਟਰ ਨੰਬਰ 1174/5 ਦੇ ਪਿੱਲਰ ਕੋਲ ਹੋਇਆ। -ਸ਼ੰਭੂ ਕੋਰੀਡੋਰ ’ਤੇ ਨਹੀਂ ਸੀਸੀਟੀਵੀ ਡੀਜੀਪੀ ਸ਼ਸ਼ੀ ਪ੍ਰਭਾ ਨੇ ਰੇਲਵੇ ਪੁਲਿਸ ਨੂੰ ਸਖ਼ਤ ਹੁਕਮ ਦਿੱਤੇ ਹਨ ਕਿ ਆਉਣ ਵਾਲੇ ਇਕ ਹਫ਼ਤੇ ਤੱਕ ਇਸ ਲਾਈਨ ਦੇ ਚੱਪੇ-ਚੱਪੇ ‘ਤੇ ਤਿੱਖੀ ਨਿਗਰਾਨੀ ਰੱਖੀ ਜਾਵੇ। ਇਹ ਪਿਛਲੇ 4 ਮਹੀਨਿਆਂ ਵਿਚ ਇਸ ਮਹੱਤਵਪੂਰਨ ਰੇਲਵੇ ਕੋਰੀਡੋਰ ‘ਤੇ ਦੂਜਾ ਹਮਲਾ ਹੈ। ਡੀਜੀਪੀ ਨੇ ਕਿਹਾ ਕਿ ਇਹ ਦੇਸ਼ ਦੀ ਤਰੱਕੀ ਤੇ ਵਿਕਾਸ ਵਿਚ ਅੜਿੱਕਾ ਪਾਉਣ ਦੀ ਸਾਜ਼ਿਸ਼ ਹੋ ਸਕਦੀ ਹੈ। ਉਨ੍ਹਾਂ ਮੰਨਿਆ ਕਿ ਇਸ ਕੋਰੀਡੋਰ ‘ਤੇ ਅਜੇ ਤੱਕ ਸੀਸੀਟੀਵੀ ਕੈਮਰੇ ਨਹੀਂ ਹਨ, ਜਿਸ ਕਾਰਨ ਜਾਂਚ ਵਿਚ ਦਿੱਕਤ ਆ ਰਹੀ ਹੈ। ਜਲਦ ਹੀ ਸੀਸੀਟੀਵੀ ਕੈਮਰੇ ਲਗਾਉਣ ਲਈ ਮੀਟਿੰਗ ਕੀਤੀ ਜਾਵੇਗੀ। ਥਾਣਾ ਸ਼ੰਭੂ ਦੇ ਐੱਸਐੱਚਓ ਸਵਰਨ ਸਿੰਘ ਤੇ ਥਾਣਾ ਘਨੌਰ ਦੇ ਐੱਸਐੱਚਓ ਗੁਰਮੁੱਖ ਸਿੰਘ ਵਲੋਂ ਨਾਕਾਬੰਦੀ ਕਰਕੇ ਸ਼ੱਕੀ ਵਿਅਕਤੀਆਂ ਦੀ ਤਲਾਸ਼ੀ ਲਈ ਜਾ ਰਹੀ ਹੈ। -ਸੁਰੱਖਿਆ ਏਜੰਸੀਆਂ ਚੌਕਸ ਘਟਨਾ ਤੋਂ ਬਾਅਦ ਸੁਰੱਖਿਆ ਏਜੰਸੀਆਂ ਚੌਕਸ ਹੋ ਗਈਆਂ ਹਨ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਜੀ.ਆਰ.ਪੀ, ਪੰਜਾਬ ਪੁਲਿਸ, ਆਈਬੀ ਅਤੇ ਹੋਰ ਖੁਫੀਆ ਏਜੰਸੀਆਂ ਵੱਲੋਂ ਵੱਖ-ਵੱਖ ਪੱਖਾਂ ਤੋਂ ਜਾਂਚ ਕੀਤੀ ਜਾ ਰਹੀ ਹੈ। ਸ਼ੰਭੂ ਕੋਰੀਡੋਰ ’ਤੇ ਹੋਇਆ ਇਹ ਧਮਾਕਾ ਸਿਰਫ਼ ਸੁਰੱਖਿਆ ਨਹੀਂ, ਸਗੋਂ ਦੇਸ਼ ਦੇ ਵਿਕਾਸ ‘ਤੇ ਵੀ ਵੱਡਾ ਸਵਾਲ ਖੜ੍ਹਾ ਕਰਦਾ ਹੈ। ਇਸ ਮੌਕੇ ਐੱਸਐੱਸਪੀ ਵਰੁਣ ਸ਼ਰਮਾ, ਡੀਐੱਸਪੀ ਦਲਜੀਤ ਸਿੰਘ ਵਿਰਕ ਤੇ ਰੇਲਵੇ ਅਧਿਕਾਰੀ , ਰੇਲਵੇ ਪੁਲਿਸ ਦੇ ਅਧਿਕਾਰੀ ਤੇ ਹੋਰ ਉਚ ਅਧਿਕਾਰੀਆਂ ਨੇ ਮੌਕੇ ਦਾ ਜਾਇਜ਼ਾ ਲਿਆ।