ਪਾਬੰਦੀਸ਼ੁਦਾ ਪ੍ਰਜਾਤੀ ਦੇ 36 ਤੋਤੇ ਬਰਾਮਦ
ਪੁਰਾਣੇ ਬੱਸ ਅੱਡੇ ਕੋਲ ਪੁਲਿਸ ਦੀ ਛਾਪੇਮਾਰੀ: ਪਾਬੰਦੀਸ਼ੁਦਾ ਪ੍ਰਜਾਤੀ ਦੇ 36 ਤੋਤੇ ਬਰਾਮਦ
Publish Date: Sat, 18 Apr 2026 07:59 PM (IST)
Updated Date: Sun, 19 Apr 2026 04:16 AM (IST)

ਖੋਖਾ ਮਾਲਕ ਖ਼ਿਲਾਫ਼ ਮਾਮਲਾ ਦਰਜ ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ ਸਥਾਨਕ ਪੁਰਾਣੇ ਬੱਸ ਅੱਡੇ ਦੇ ਨਜ਼ਦੀਕ ਜੰਗਲੀ ਜੀਵ ਵਿਭਾਗ ਅਤੇ ਪੁਲਿਸ ਵੱਲੋਂ ਸਾਂਝੀ ਕਾਰਵਾਈ ਕਰਦਿਆਂ ਪੰਛੀਆਂ ਦੀ ਨਜਾਇਜ਼ ਤਸਕਰੀ ਦਾ ਪਰਦਾਫਾਸ਼ ਕੀਤਾ ਗਿਆ ਹੈ। ਇਸ ਕਾਰਵਾਈ ਦੌਰਾਨ ਭਾਰੀ ਮਾਤਰਾ ਵਿੱਚ ਤੋਤੇ ਬਰਾਮਦ ਕੀਤੇ ਗਏ ਹਨ, ਜੋ ਕਿ ਕਾਨੂੰਨੀ ਤੌਰ ਤੇ ਪਾਲਣੇ ਜਾਂ ਵੇਚਣੇ ਵਰਜਿਤ ਹਨ। ਜੰਗਲੀ ਜੀਵ ਵਿਭਾਗ ਦੇ ਫੋਰੇਸਟ ਗਾਰਡ ਇੰਚਾਰਜ ਵਿਕਰਮਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਭਾਗ ਨੂੰ ਪਿਛਲੇ ਕੁਝ ਸਮੇਂ ਤੋਂ ਸੂਚਨਾ ਮਿਲ ਰਹੀ ਸੀ ਕਿ ਪੁਰਾਣੇ ਬੱਸ ਅੱਡੇ ਕੋਲ ਸਥਿਤ ਇੱਕ ਖੋਖੇ ਵਿੱਚ ਪੰਛੀਆਂ ਨੂੰ ਨਜਾਇਜ਼ ਤੌਰ ਤੇ ਕੈਦ ਕਰਕੇ ਰੱਖਿਆ ਗਿਆ ਹੈ। ਸੂਚਨਾ ਦੇ ਆਧਾਰ ਤੇ ਜਦੋਂ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਖੋਖਾ ਮਾਲਕ ਵੱਲੋਂ ਭਾਰਤੀ ਐਲਗਯੋਡਰੀਨ ਅਤੇ ਰੋਜ ਰਿੰਗਡ ਕਿਸਮ ਦੇ ਤੋਤੇ ਅਤੇ ਉਹਨਾਂ ਦੇ ਛੋਟੇ ਬੱਚੇ ਰੱਖੇ ਹੋਏ ਹਨ, ਜਿਨ੍ਹਾਂ ਨੂੰ ਅੱਗੇ ਗਾਹਕਾਂ ਨੂੰ ਮਹਿੰਗੇ ਭਾਅ ਤੇ ਵੇਚਿਆ ਜਾਂਦਾ ਸੀ। ਇਸ ਸੂਚਨਾ ਤੋਂ ਬਾਅਦ ਥਾਣਾ ਲਾਹੋਰੀ ਗੇਟ ਦੀ ਪੁਲਿਸ ਨੇ ਤੁਰੰਤ ਹਰਕਤ ਵਿੱਚ ਆਉਂਦਿਆਂ ਦੱਸੇ ਗਏ ਸਥਾਨ ਤੇ ਛਾਪਾ ਮਾਰਿਆ। ਤਲਾਸ਼ੀ ਦੌਰਾਨ ਮੌਕੇ ਤੋਂ 36 ਤੋਤੇ ਬਰਾਮਦ ਕੀਤੇ ਗਏ। ਪੁਲਿਸ ਨੇ ਖੋਖਾ ਮਾਲਕ, ਜਿਸ ਦੀ ਪਛਾਣ ਰਾਜੇਸ਼ ਪੁਰੀ ਵਜੋਂ ਹੋਈ ਹੈ, ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਜੰਗਲੀ ਜੀਵ ਅਧਿਕਾਰੀਆਂ ਨੇ ਦੱਸਿਆ ਕਿ ਇਹਨਾਂ ਪੰਛੀਆਂ ਨੂੰ ਬਹੁਤ ਹੀ ਮਾੜੀਆਂ ਹਾਲਤਾਂ ਵਿੱਚ ਛੋਟੇ ਪਿੰਜਰਿਆਂ ਵਿੱਚ ਰੱਖਿਆ ਗਿਆ ਸੀ। ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਭਾਰਤੀ ਜੰਗਲੀ ਜੀਵ ਸੁੱਰਖਿਆ ਐਕਟ, 1972 ਅਨੁਸਾਰ ਭਾਰਤੀ ਪੰਛੀਆਂ ਨੂੰ ਫੜਨਾ, ਕੈਦ ਕਰਨਾ ਜਾਂ ਉਨ੍ਹਾਂ ਦਾ ਵਪਾਰ ਕਰਨਾ ਇੱਕ ਗੰਭੀਰ ਅਪਰਾਧ ਹੈ। ਇਸ ਐਕਟ ਤਹਿਤ ਦੋਸ਼ੀ ਪਾਏ ਜਾਣ ’ਤੇ ਭਾਰੀ ਜੁਰਮਾਨਾ ਅਤੇ ਕੈਦ ਦੀ ਸਜ਼ਾ ਹੋ ਸਕਦੀ ਹੈ। ਥਾਣਾ ਲਾਹੋਰੀ ਗੇਟ ਦੀ ਪੁਲਿਸ ਨੇ ਮੁਲਜ਼ਮ ਰਾਜੇਸ਼ ਪੁਰੀ ਖ਼ਿਲਾਫ਼ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਵਿਭਾਗ ਨੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਜੰਗਲੀ ਜੀਵਾਂ ਅਤੇ ਪੰਛੀਆਂ ਦੀ ਖਰੀਦੋ-ਫਰੋਖਤ ਨਾ ਕਰਨ, ਕਿਉਂਕਿ ਇਹ ਕੁਦਰਤ ਦੇ ਨਿਯਮਾਂ ਅਤੇ ਦੇਸ਼ ਦੇ ਕਾਨੂੰਨ ਦੇ ਉਲਟ ਹੈ। ਬਰਾਮਦ ਕੀਤੇ ਗਏ ਤੋਤਿਆਂ ਨੂੰ ਮੈਡੀਕਲ ਜਾਂਚ ਤੋਂ ਬਾਅਦ ਮੁੜ ਕੁਦਰਤੀ ਵਾਤਾਵਰਣ ਵਿੱਚ ਛੱਡ ਦਿੱਤਾ ਜਾਵੇਗਾ।