ਸਾਵਧਾਨ! ਮੋਬਾਈਲ ਹੈਕਿੰਗ ਤੇ ਪਾਰਸਲ ਦੇ ਨਾਂ ’ਤੇ ਠੱਗੀ ਵਾਲਾ ਗਿਰੋਹ ਸਰਗਰਮ
ਸਾਵਧਾਨ! ਮੋਬਾਈਲ ਹੈਕਿੰਗ ਅਤੇ ਪਾਰਸਲ ਦੇ ਨਾਂ 'ਤੇ ਠੱਗੀ ਵਾਲਾ ਗਿਰੋਹ ਸਰਗਰਮ
Publish Date: Sat, 18 Apr 2026 07:13 PM (IST)
Updated Date: Sun, 19 Apr 2026 04:13 AM (IST)

ਨਵਦੀਪ ਢੀਂਗਰਾ, ਪੰਜਾਬੀ ਜਾਗਰਣ, ਪਟਿਆਲਾ ਪਿਛਲੇ ਕੁਝ ਦਿਨਾਂ ਤੋਂ ਪਟਿਆਲਾ ਜ਼ਿਲ੍ਹੇ ’ਚ ਸਾਈਬਰ ਠੱਗਾਂ ਦੇ ਹੌਸਲੇ ਬੁਲੰਦ ਨਜ਼ਰ ਆ ਰਹੇ ਹਨ। ਸ਼ਹਿਰ ’ਚ ਮੋਬਾਈਲ ਨੰਬਰ ਹੈਕ ਕਰਨ ਤੇ ਆਨਲਾਈਨ ਪਾਰਸਲ ਦੇ ਬਹਾਨੇ ਲੋਕਾਂ ਦੇ ਬੈਂਕ ਖਾਤੇ ਖਾਲੀ ਕਰਨ ਦੀਆਂ ਘਟਨਾਵਾਂ ’ਚ ਤੇਜ਼ੀ ਨਾਲ ਵਾਧਾ ਹੋਇਆ ਹੈ। ਸਾਈਬਰ ਅਪਰਾਧੀ ਹੁਣ ਨਵੇਂ-ਨਵੇਂ ਤਰੀਕਿਆਂ ਨਾਲ ਭੋਲੇ-ਭਾਲੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਰਹੇ ਹਨ, ਜਿਸ ਕਾਰਨ ਲੋਕਾਂ ’ਚ ਦਹਿਸ਼ਤ ਅਤੇ ਚਿੰਤਾ ਦਾ ਮਾਹੌਲ ਹੈ। ਸਾਈਬਰ ਮਾਹਿਰਾਂ ਅਨੁਸਾਰ ਠੱਗ ਸਭ ਤੋਂ ਪਹਿਲਾਂ ਕਿਸੇ ਅਣਪਛਾਤੇ ਲਿੰਕ ਜਾਂ ਫਰਜ਼ੀ ਐਪ ਰਾਹੀਂ ਤੁਹਾਡੇ ਫੋਨ ਦਾ ਕੰਟਰੋਲ ਹਾਸਲ ਕਰਦੇ ਹਨ। ਕਈ ਮਾਮਲਿਆਂ ’ਚ ਵੇਖਿਆ ਗਿਆ ਹੈ ਕਿ ਲੋਕਾਂ ਨੂੰ ਇੱਕ ਮੈਸੇਜ ਭੇਜਿਆ ਜਾਂਦਾ ਹੈ ਕਿ ਉਨ੍ਹਾਂ ਦਾ ਸਿਮ ਕਾਰਡ ਬੰਦ ਹੋਣ ਵਾਲਾ ਹੈ ਜਾਂ ਕੇਵਾਈਸੀ ਅਪਡੇਟ ਕਰਨ ਦੀ ਲੋੜ ਹੈ, ਜਿਵੇਂ ਹੀ ਕੋਈ ਵਿਅਕਤੀ ਦਿੱਤੇ ਗਏ ਨੰਬਰ ’ਤੇ ਕਾਲ ਕਰਦਾ ਹੈ ਜਾਂ ਲਿੰਕ ’ਤੇ ਕਲਿੱਕ ਕਰਦਾ ਹੈ ਤਾਂ ਠੱਗ ਗੱਲਾਂ-ਗੱਲਾਂ ’ਚ ਉਨ੍ਹਾਂ ਤੋਂ ਸਕ੍ਰੀਨ ਸ਼ੇਅਰਿੰਗ ਐਪ ਡਾਊਨਲੋਡ ਕਰਵਾ ਲੈਂਦੇ ਹਨ, ਜਿਸ ਨਾਲ ਤੁਹਾਡੇ ਫੋਨ ਦਾ ਸਾਰਾ ਡਾਟਾ ਤੇ ਓਟੀਪੀ ਉਨ੍ਹਾਂ ਕੋਲ ਪਹੁੰਚ ਜਾਂਦਾ ਹੈ। ਪਿਛਲੇ ਦਿਨਾਂ ਤੋਂ ਲੋਕਾਂ ਦੇ ਨੰਬਰ ਹੈੱਕ ਕਰ ਕੇ ਵਟਸਐੱਪ ਰਾਹੀਂ ਆਨਲਾਈਨ ਠੱਗੀ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ ਹਨ। ਡੱਬੀ ਪਾਰਸਲ ਦੇ ਬਹਾਨੇ ਨਵੀਂ ਕਿਸਮ ਦੀ ਠੱਗੀ ਪਟਿਆਲਾ ’ਚ ਕੋਰੀਅਰ ਜਾਂ ਪਾਰਸਲ ਦੇ ਨਾਂ ਤੇ ਹੋ ਰਹੀ ਠੱਗੀ ਦੇ ਮਾਮਲੇ ਵੀ ਲਗਾਤਾਰ ਸਾਹਮਣੇ ਆ ਰਹੇ ਹਨ। ਠੱਗ ਖੁਦ ਨੂੰ ਕਿਸੇ ਨਾਮੀ ਕੋਰੀਅਰ ਕੰਪਨੀ ਦਾ ਅਧਿਕਾਰੀ ਦੱਸ ਕੇ ਫੋਨ ਕਰਦੇ ਹਨ ਤੇ ਕਹਿੰਦੇ ਹਨ ਕਿ ਤੁਹਾਡਾ ਇੱਕ ਪਾਰਸਲ ਆਇਆ ਹੈ ਤੇ ਘਰ ਲੱਭਣ ’ਚ ਦਿੱਕਤ ਆ ਰਹੀ ਹੈ। ਹੈਕਰ ਵਲੋਂ ਭੋਲੇ ਭਾਲੇ ਲੋਕਾਂ ਨੂੰ ਇਕ ਖਾਸ ਨੰਬਰ ’ਤੇ ਫੋਨ ਕਰਨ ਲਈ ਕਿਹਾ ਜਾਂਦੀ ਹੈ ਤੇ ਇਹ ਨੰਬਰ ਡਾਇਲ ਕਰਦਿਆਂ ਹੀ ਫੋਨ ਹੈੱਕ ਹੋ ਜਾਂਦਾ ਹੈ ਤੇ ਖਾਤੇ ’ਚੋਂ ਪੈਸੇ ਕੱਢ ਲਏ ਜਾਂਦੇ ਹਨ। ਡੱਬੀ ਇਹ ਮਾਮਲੇ ਆਏ ਸਾਹਮਣੇ ਸ਼ਹਿਰ ਦੇ ਸਾਬਕਾ ਮੇਅਰ ਸੰਜੀਵ ਸ਼ਰਮਾ ਬਿੱਟੂ ਦਾ ਨੰਬਰ ਹੈੱਕ ਹੋਇਆ ਹੈ, ਜਿਸ ਦਾ ਪਤਾ ਉਦੋਂ ਲੱਗਿਆ ਜਦੋਂ ਕਿਸੇ ਨੇ ਸਾਬਕਾ ਮੇਅਰ ਨੂੰ ਉਨਾਂ ਦੇ ਨੰਬਰ ਤੋਂ ਪੈਸੇ ਮੰਗਣ ਬਾਰੇ ਸੂਚਨਾ ਦਿੱਤੀ। ਇਸੇ ਤਰ੍ਹਾਂ ਭਾਸ਼ਾ ਵਿਭਾਗ ਦੇ ਅਧਿਕਾਰੀ ਡਾ. ਸੁਖਦਰਸ਼ਨ ਸਿੰਘ ਚਹਿਲ ਦਾ ਨੰਬਰ ਵੀ ਹੈੱਕ ਹੋਇਆ ਤੇ ਉਨਾਂ ਦੇ ਨੰਬਰ ਤੋਂ ਵੱਖ ਵੱਖ ਲੋਕਾਂ ਨੂੰ ਵ੍ਹਟਸਐੱਪ ਰਾਹੀਂ ਪੈਸੇ ਦੀ ਮੰਗ ਕੀਤੀ ਜਾਣ ਲੱਗੀ। ਇਸ ਬਾਰੇ ਪਤਾ ਲੱਗਣ ’ਤੇ ਸਾਬਕਾ ਮੇਅਰ ਤੇ ਭਾਸ਼ਾ ਵਿਭਾਗ ਅਧਿਕਾਰੀ ਵੱਲੋਂ ਸ਼ੋਸ਼ਲ ਮੀਡੀਆ ਰਾਹੀਂ ਆਪਣੇ ਨੰਬਰ ਹੈੱਕ ਹੋਣ ਦੀ ਜਾਣਕਾਰੀ ਦਿੱਤੀ ਤਾਂ ਜੋ ਠੱਗੀ ਦਾ ਸ਼ਿਕਾਰ ਨਾ ਹੋ ਸਕੇ। ਡੱਬੀ ਬਚਾਅ ਲਈ ਅਪਣਾਓ ਇਹ ਸਾਵਧਾਨੀਆਂ -ਵ੍ਹਟਸਐਪ ਜਾਂ ਐੱਸਐੱਮਐੱਸ ਰਾਹੀਂ ਆਏ ਕਿਸੇ ਵੀ ਸ਼ੱਕੀ ਲਿੰਕ ’ਤੇ ਕਲਿੱਕ ਨਾ ਕਰੋ। ਖ਼ਾਸ ਕਰ ਕੇ ਉਹ ਲਿੰਕ ਜੋ ਭਾਰੀ ਡਿਸਕਾਊਂਟ ਜਾਂ ਲਾਟਰੀ ਦਾ ਲਾਲਚ ਦਿੰਦੇ ਹੋਣ। -ਭਾਵੇਂ ਸਾਹਮਣੇ ਵਾਲਾ ਵਿਅਕਤੀ ਬੈਂਕ ਅਧਿਕਾਰੀ ਜਾਂ ਪੁਲਿਸ ਕਰਮਚਾਰੀ ਹੀ ਕਿਉਂ ਨਾ ਬਣੇ, ਕਦੇ ਵੀ ਆਪਣਾ ਓਟੀਪੀ, ਪਾਸਵਰਡ ਜਾਂ ਪਿਨ ਸਾਂਝਾ ਨਾ ਕਰੋ। - ਐਨੀ ਡੈਸਕ ਜਾਂ ਟੀਮ ਵੀਊਰਜ਼ ਵਰਗੀਆਂ ਐਪਸ ਕਿਸੇ ਦੇ ਕਹਿਣ ’ਤੇ ਡਾਊਨਲੋਡ ਨਾ ਕਰੋ। ਇਹ ਐਪਸ ਤੁਹਾਡੇ ਫੋਨ ਦਾ ਪੂਰਾ ਕੰਟਰੋਲ ਦੂਜੇ ਵਿਅਕਤੀ ਨੂੰ ਦੇ ਦਿੰਦੀਆਂ ਹਨ। - ਜੇਕਰ ਤੁਸੀਂ ਕੋਈ ਸਾਮਾਨ ਆਰਡਰ ਨਹੀਂ ਕੀਤਾ ਤਾਂ ਅਜਿਹੇ ਕਿਸੇ ਵੀ ਫੋਨ ਕਾਲ ਨੂੰ ਅਣਦੇਖਾ ਕਰੋ। ਕੋਰੀਅਰ ਕੰਪਨੀਆਂ ਕਦੇ ਵੀ ਫੋਨ ’ਤੇ ਪੈਸਿਆਂ ਦੀ ਮੰਗ ਨਹੀਂ ਕਰਦੀਆਂ। - ਆਪਣੇ ਸੋਸ਼ਲ ਮੀਡੀਆ ਖਾਤਿਆਂ ਤੇ ਵ੍ਹਟਸਐਪ ’ਤੇ ‘ਟੂ-ਸਟੈੱਪ-ਵੈਰੀਫੀਕੇਸ਼ਨ’ ਲਾਜ਼ਮੀ ਲਾਓ ਤਾਂ ਜੋ ਕੋਈ ਤੁਹਾਡਾ ਨੰਬਰ ਹੈਕ ਨਾ ਕਰ ਸਕੇ। ਡੱਬੀ ਐੱਸਐੱਸਪੀ ਦੀ ਅਪੀਲ ਐੱਸਐੱਸਪੀ ਵਰੁਣ ਸ਼ਰਮਾ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨਾਲ ਵੀ ਅਜਿਹੀ ਕੋਈ ਠੱਗੀ ਹੁੰਦੀ ਹੈ ਤਾਂ ਤੁਰੰਤ 1930 ਨੰਬਰ ਜਾਂ 9592912900 ’ਤੇ ਕਾਲ ਕਰ ਕੇ ਰਿਪੋਰਟ ਦਰਜ ਕਰਵਾਉਣ। ਇਸ ਤੋਂ ਇਲਾਵਾ ਡਬਲਿੁਯੂਡਬਲਿਯੂਡਬਲਿਯੂ.ਸਾਈਬਰਕ੍ਰਾਈਮ.ਜੀਓਪੀ ਇਨ ’ਤੇ ਵੀ ਸ਼ਿਕਾਇਤ ਕੀਤੀ ਜਾ ਸਕਦੀ ਹੈ। ਯਾਦ ਰੱਖੋ ਸਾਈਬਰ ਅਪਰਾਧਾਂ ਦੇ ਮਾਮਲੇ ’ਚ ਸਰਗਰਮੀ ਅਤੇ ਜਾਗਰੂਕਤਾ ਹੀ ਸਭ ਤੋਂ ਵੱਡਾ ਬਚਾਅ ਹੈ।