ਮੋਦੀ ਸਰਕਾਰ ਕਿਸਾਨ ਵਿਰੋਧੀ ਨੀਤੀਆਂ ਲਾਗੂ ਕਰਨ ’ਤੇ ਉਤਾਰੂ : ਡਾ. ਬਲਬੀਰ ਸਿੰਘ
ਮੋਦੀ ਸਰਕਾਰ ਕਿਸਾਨ ਵਿਰੋਧੀ ਨੀਤੀਆਂ ਲਾਗੂ ਕਰਨ ਉਤੇ ਉਤਾਰੂ-ਡਾ. ਬਲਬੀਰ ਸਿੰਘ
Publish Date: Sat, 04 Apr 2026 07:05 PM (IST)
Updated Date: Sat, 04 Apr 2026 07:07 PM (IST)

ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਸੂਬੇ ਦੇ ਕਿਸਾਨਾਂ ਦੇ ਹਮਦਰਦ ਆੜਤੀਆਂ ਦੇ ਨਾਲ ਮਿਲਕੇ ਕਿਸਾਨਾਂ ਦੀ ਫਸਲ ਦਾ ਇੱਕ-ਇੱਕ ਦਾਣਾ ਖਰੀਦਣਾ ਯਕੀਨੀ ਬਣਾਏਗੀ। ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਕਿਸਾਨ ਵਿਰੋਧੀ ਨੀਤੀਆਂ ਲਾਗੂ ਕਰਨ ਉਤੇ ਉਤਾਰੂ ਹੈ, ਜਿਸ ਨੂੰ ਪੰਜਾਬ ਸਰਕਾਰ ਕਦੇ ਵੀ ਸਫ਼ਲ ਨਹੀਂ ਹੋਣ ਦੇਵੇਗੀ। ਸਿਹਤ ਮੰਤਰੀ ਨੇ ਕਿਸਾਨਾਂ ਦੀ ਫ਼ਸਲ ਚੁੱਕਣ ਤੋਂ ਇਨਕਾਰੀ ਕੁਝ ਗਿਣਤੀ ਦੇ ਆੜਤੀਆਂ ਨੂੰ ਵੀ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਅਜਿਹੇ ਲੋਕ ਕਿਉਂ ਨਹੀਂ ਹਰਿਆਣਾ ਜਾਂ ਰਾਜਸਥਾਨ ਚਲੇ ਜਾਂਦੇ, ਜਿੱਥੇ ਲਗਦਾ ਹੈ ਕਿ ਉਨ੍ਹਾਂ ਨੂੰ ਸੂਬਾ ਸਰਕਾਰ ਪੰਜਾਬ ਤੋਂ ਕੁਝ ਜਿਆਦਾ ਦੇ ਰਹੀ ਹੈ। ਇਸ ਦੌਰਾਨ ਆੜ੍ਹਤੀ ਐਸੋਸੀਏਸ਼ਨ ਪੰਜਾਬ ਦੇ ਜਨਰਲ ਸਕੱਤਰ ਨਰੇਸ਼ ਮਿੱਤਲ ਭੋਲਾ, ਅਸ਼ੋਕ ਕੁਮਾਰ ਮੋਢੀ, ਚਰਨ ਦਾਸ ਗੋਇਲ ਖਰਦਮਨ ਰਾਏ ਗੁਪਤਾ, ਹਰਦੇਵ ਸਿੰਘ ਨੰਦਪੁਰ ਕੇਸ਼ੋ, ਦਰਬਾਰਾ ਸਿੰਘ ਜਾਹਲਾਂ, ਦਵਿੰਦਰ ਕੁਮਾਰ ਬੱਗਾ ਗੁਰਨਾਮ ਸਿੰਘ ਲਚਕਾਣੀ ਪਰਮਜੀਤ ਸਿੰਘ ਮਿਰਜ਼ਾਪੁਰ, ਰਣਧੀਰ ਨਲੀਨਾ, ਵਿਸ਼ਵ ਗੋਇਲ ਕਾਕੂ ਮੋਜੂਦ ਰਹੇ। ਪਟਿਆਲਾ ਦੀ ਅਨਾਜ ਮੰਡੀ ਵਿਖੇ ਆੜ੍ਹਤੀਆਂ ਦੇ ਨਾਲ ਗੱਲ ਕਰਦਿਆਂ ਸਿਹਤ ਮੰਤਰੀ ਨੇ ਕਿਸਾਨਾਂ ਤੇ ਪੰਜਾਬ ਦੇ ਕਿਸਾਨਾਂ ਦੇ ਹਮਦਰਦ ਆੜ੍ਹਤੀਆਂ ਦਾ ਧੰਨਵਾਦ ਕੀਤਾ, ਜੋ ਕਿ ਹੜਤਾਲ ਕਰਨ ਦੀ ਥਾਂ ਕਿਸਾਨਾਂ ਦੀ ਮੰਡੀਆਂ ’ਚ ਵਿਕਣ ਲਈ ਆਈ ਫ਼ਸਲ ਚੁੱਕਣ ਲਈ ਸੂਬਾ ਸਰਕਾਰ ਦਾ ਸਾਥ ਦੇ ਰਹੇ ਹਨ। ਉਨ੍ਹਾਂ ਨੇ ਕੇਂਦਰੀ ਰਾਜ ਮੰਤਰੀ ਬਿੱਟੂ ਤੇ ਹੜਤਾਲੀ ਆੜ੍ਹਤੀਆਂ ਨੂੰ ਪੰਜਾਬ ਦੇ ਕਿਸਾਨਾਂ ਦੇ ਨਾਲ ਖੜ੍ਹਨ ਦੀ ਨਸੀਹਤ ਦਿੱਤੀ। ਇਸੇ ਦੌਰਾਨ ਆੜ੍ਹਤੀ ਐਸੋਸੀਏਸ਼ਨ ਪੰਜਾਬ ਦੇ ਸੀਨੀ.ਵਾਈਸ ਪ੍ਰਧਾਨ ਅਤੇ ਨਵੀਂ ਅਨਾਜ ਮੰਡੀ ਪਟਿਆਲਾ ਦੇ ਪ੍ਰਧਾਨ ਇੰਜ. ਸਤਵਿੰਦਰ ਸਿੰਘ ਸੈਣੀ ਨੇ ਐਲਾਨ ਕੀਤਾ ਕਿ ਉਨ੍ਹਾਂ ਦੀ ਐਸੋਸੀਏਸ਼ਨ ਦੀ ਕੋਈ ਹੜਤਾਲ ਨਹੀਂ ਹੈ ਅਤੇ ਉਹ ਜਿੰਮੀਦਾਰਾਂ ਦੀ ਜਿਣਸ ਦਾ ਇੱਕ-ਇੱਕ ਦਾਣਾ ਖਰੀਦਣ ਲਈ ਪਾਬੰਦ ਹਨ। ਉਨ੍ਹਾਂ ਆਖਿਆ ਕਿ ਪੰਜਾਬ ਆੜਤੀਆ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਰਾਣਾ ਦੀ ਅਗਵਾਈ ਹੇਠ ਸਮੁੱਚੇ ਆੜਤੀਏ ਇਕਮੁੱਠ ਹਨ ਤੇ ਅਸੀਂ ਕੋਈ ਹੜਤਾਲ ਨਹੀਂ ਕਰ ਰਹੇ। -ਕੁਝ ਡਿਫਾਲਟਰ ਵਿਅਕਤੀ ਪੰਜਾਬ ਦੇ ਵਿਰੁੱਧ : ਸਿਹਤ ਮੰਤਰੀ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਕੁਝ ਕੁ ਤਿਕੜਮਬਾਜ਼, ਡਿਫ਼ਾਲਟਰ ਕਿਸਮ ਦੇ ਵਿਅਕਤੀ ਪੰਜਾਬ ਦੇ ਹੱਕਾਂ ਦੇ ਵਿਰੁੱਧ ਜਾ ਕੇ ਦੂਜੇ ਸੂਬਿਆਂ ਦੇ ਮੁੱਖ ਮੰਤਰੀ ਨਾਲ ਪ੍ਰੈੱਸ ਕਾਨਫਰੰਸਾਂ ਕਰਨ ਵਾਲੇ ਪੰਜਾਬ ਦੇ ਹਮਦਰਦ ਨਹੀਂ ਹੋ ਸਕਦੇ, ਕਿਉਂਕਿ ਇਸ ਵੇਲੇ ਕਣਕ ਦੀ ਖਰੀਦ ਦਾ ਸੀਜ਼ਨ ਸਿਰ ਉਪਰ ਹੈ, ਮੌਸਮ ਖਰਾਬ ਹੈ ਅਤੇ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਕਣਕ ਦੀ ਖਰੀਦ ਦੀ ਪੂਰੀ ਤਿਆਰੀ ਕਰ ਲਈ ਹੈ।ਉਨ੍ਹਾਂ ਆਖਿਆ ਕਿ ਆਪਣੀਆਂ ਟਿਕਟਾਂ ਲੈਣ ਦੇ ਚਾਹਵਾਨ ਕੁਝ ਮੁੱਠੀ ਭਰ ਆੜਤੀਏ ਬਣੇ ਵਿਅਕਤੀ ਕਿਸਾਨ ਦੀ ਕਣਕ ਚੁੱਕਣ ਤੋਂ ਭੱਜਣ ਵਾਲੇ ਪੰਜਾਬ ਅਤੇ ਕਿਸਾਨਾਂ ਦੇ ਹਮਦਰਦ ਨਹੀਂ ਬਣ ਸਕਦੇ। -ਬਿੱਟੂ ਸਮੇਤ ਭਾਜਪਾ ਦੇ ਹੋਰ ਆਗੂ ਪੰਜਾਬ ਦੇ ਹੱਕਾਂ ਲਈ ਮੂੰਹ ਨਹੀਂ ਖੋਲ੍ਹਦੇ : ਡਾ. ਬਲਬੀਰ ਸਿੰਘ ਡਾ. ਬਲਬੀਰ ਸਿੰਘ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ, ਇਕ ਦੇਸ਼, ਇੱਕ ਚੋਣ, ਇੱਕ ਦੇਸ਼, ਇੱਕ ਪਾਰਟੀ, ਇੱਕ ਦੇ਼ਸ਼ ਇੱਕ ਧਰਮ, ਇੱਕ ਦੇਸ਼ ਇੱਕ ਲੀਡਰ, ਵਿਚਾਰਧਾਰਾ ਉਪਰ ਚੱਲ ਰਹੀ ਹੈ। ਉਨ੍ਹਾਂ ਸਵਾਲ ਕੀਤਾ ਕਿ ਜਿਹੜੇ ਅਖੌਤੀ ਆੜ੍ਹਤੀਏ ਹਰਿਆਣਾ ਦੇ ਮੁੱਖ ਮੰਤਰੀ ਕੋਲ ਗਏ ਸਨ, ਉਹ ਦੱਸਣ ਕਿ ਕੀ ਹਰਿਆਣਾ ਜਾਂ ਇਨ੍ਹਾਂ ਦੀਆਂ ਅਖੌਤੀ ਡਬਲ ਇੰਜਣ ਸਰਕਾਰਾਂ, ਆੜਤੀਆਂ ਦੀ ਐਮ.ਐਸ.ਪੀ. ਉਪਰ ਕੇਂਦਰ ਵੱਲੋਂ ਦਿੱਤੀ ਜਾਣ ਵਾਲੀ ਢਾਈ ਫੀਸਦ ਬਣਦੀ ਆੜਤ ਦੇ ਰਹੇ ਹਨ? ਸਿਹਤ ਮੰਤਰੀ ਨੇ ਕੇਂਦਰੀ ਰੇਲਵੇ ਰਾਜ ਮੰਤਰੀ ਰਵਨੀਤ ਬਿੱਟੂ ਨੂੰ ਵੀ ਆੜੇ ਹੱਥੀ ਲਿਆ ਤੇ ਕਿਹਾ ਕਿ ਉਹ ਆੜ੍ਹਤੀਆਂ ਦਾ ਢਾਈ ਫੀਸਦੀ ਲੈਕੇ ਦੇਣ, ਪੰਜਾਬ ਦੀਆਂ ਦਾਲਾਂ, ਸੂਰਜਮੁਖੀ, ਤੇਲਾਂ ਬੀਜ ਪੰਜਾਬ ਦਾ ਕਿਉਂ ਨਹੀਂ ਪ੍ਰਫੁੱਲਤ ਕਰ ਰਹੇ। ਉਨ੍ਹਾਂ ਕਿਹਾ ਕਿ ਬਿੱਟੂ ਸਮੇਤ ਹੋਰ ਆਗੂ ਪੰਜਾਬ ਦੇ ਹੱਕਾਂ ਲਈ ਮੂੰਹ ਨਹੀਂ ਖੋਲ੍ਹਦੇ ਪਰੰਤੂ ਪੰਜਾਬ ਦੇ ਹਮਦਰਦ ਮੁੱਖ ਮੰਤਰੀ ਭਗਵੰਤ ਸਿੰਘ ਦੇ ਮਾਨ ਵਿਰੁੱਧ ਸਦਾ ਬਿਆਨ ਦਿੰਦੇ ਰਹਿੰਦੇ ਹਨ।