ਸਾਹਿਤ ਉਤਸਵ ਦੇ ਦੂਜੇ ਦਿਨ ਭਾਸ਼ਾ, ਤਕਨਾਲੋਜੀ ਅਤੇ ਰੰਗਮੰਚ ਦੇ ਨਾਂ ਰਹੀਆਂ ਬੈਠਕਾਂ
ਸਾਹਿਤ ਉਤਸਵ ਦੇ ਦੂਜੇ ਦਿਨ ਭਾਸ਼ਾ, ਤਕਨਾਲੋਜੀ ਅਤੇ ਰੰਗਮੰਚ ਦੇ ਨਾਂ ਰਹੀਆਂ ਬੈਠਕਾਂ
Publish Date: Tue, 31 Mar 2026 06:48 PM (IST)
Updated Date: Tue, 31 Mar 2026 06:52 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਪੰਜਾਬੀ ਯੂਨੀਵਰਸਿਟੀ ਵਿਖੇ ਕਰਵਾਇਆ ਜਾ ਰਿਹਾ 12ਵਾਂ ‘ਪੁਸਤਕ ਮੇਲਾ ਤੇ ਸਾਹਿਤ ਉਤਸਵ ਆਪਣੇ ਦੂਜੇ ਦਿਨ ਪੂਰੇ ਜਾਹੋ-ਜਲਾਲ ਨਾਲ ਜਾਰੀ ਰਿਹਾ। ਵੱਖ-ਵੱਖ ਅਕਾਦਮਿਕ ਬੈਠਕਾਂ ਦੌਰਾਨ ਪੰਜਾਬੀ ਭਾਸ਼ਾ ਦੇ ਤਕਨੀਕੀ ਵਿਕਾਸ, ਰੰਗਮੰਚੀ ਚੇਤਨਾ ਅਤੇ ਗੀਤਕਾਰੀ ਦੇ ਬਦਲਦੇ ਸਰੂਪਾਂ ਤੇ ਡੂੰਘਾ ਮੰਥਨ ਕੀਤਾ ਗਿਆ। ਸਮਾਗਮ ਲੜੀਆਂ ਦੇ ਆਰੰਭ ਵਿਚ ਪੰਜਾਬੀ ਵਿਭਾਗ ਦੇ ਮੁਖੀ ਡਾ. ਰਾਜਵੰਤ ਕੌਰ ਪੰਜਾਬੀ ਨੇ ਤਫ਼ਸੀਲ ਨਾਲ ਅੱਜ ਹੋਣ ਵਾਲੇ ਸਮੁੱਚੇ ਸਮਾਗਮਾਂ ਬਾਰੇ ਵਿਸਤ੍ਰਿਤ ਚਰਚਾ ਕੀਤੀ। ਕੈਨੇਡਾ ਤੋਂ ਪਹੁੰਚੇ ਪੰਜਾਬੀ ਕੰਪਿਊਟਰ ਖੇਤਰ ਦੇ ਮਾਹਿਰ ਕਿਰਪਾਲ ਸਿੰਘ ਪੰਨੂੰ ਨੇ ਆਪਣੇ ਸੰਘਰਸ਼ਮਈ ਸਫ਼ਰ ਅਤੇ ਫੌਂਟ ਨਿਰਮਾਣ ਦੇ ਤਜ਼ਰਬੇ ਸਾਂਝੇ ਕੀਤੇ। ਪ੍ਰਸਿੱਧ ਰੰਗਕਰਮੀ ਡਾ. ਨਵਨਿੰਦਰਾ ਬਹਿਲ ਦੀ ਯਾਦ ਨੂੰ ਸਮਰਪਿਤ ਬੈਠਕ ਵਿੱਚ ਨਾਟਕ ਨਜ਼ਰੀਆ ਅਤੇ ਨਵੀਂ ਚੇਤਨਾ ਵਿਸ਼ੇ ਤੇ ਚਰਚਾ ਹੋਈ। ਦੇਵਿੰਦਰ ਦਮਨ, ਕੇਵਲ ਧਾਲੀਵਾਲ ਅਤੇ ਅਨੀਤਾ ਸ਼ਬਦੀਸ਼ ਨੇ ਰੰਗਮੰਚ ਵਿਚ ਸਮਾਜਿਕ ਚੇਤਨਾ, ਨਵੇਂ ਪ੍ਰਯੋਗਾਂ ਅਤੇ ਨਾਰੀ ਸੰਵੇਦਨਾ ਬਾਰੇ ਵਿਚਾਰ ਪੇਸ਼ ਕੀਤੇ। ਅਗਲੀ ਬੈਠਕ ਵਿਚ ਸਾਹਿਤ ਅਕਾਦਮੀ ਐਵਾਰਡੀ ਬਚਿੰਤ ਕੌਰ ਨੇ ਆਪਣੇ ਸਾਹਿਤਕ ਸਫ਼ਰ ਦੀਆਂ ਪਰਤਾਂ ਫਰੋਲਦਿਆਂ ਲੇਖਕ ਲਈ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣ ਦੀ ਲੋੜ ਤੇ ਜ਼ੋਰ ਦਿੱਤਾ। ਇਸ ਬੈਠਕ ਵਿਚ ਡਾ. ਪਰਮੀਤ ਕੌਰ ਅਤੇ ਡਾ. ਅਮਨਪ੍ਰੀਤ ਕੌਰ ਨੇ ਉਨ੍ਹਾਂ ਨਾਲ ਰਚਨਾਤਮਕ ਸੰਵਾਦ ਰਚਾਇਆ। ਬਾਅਦ ਦੁਪਹਿਰ ‘ਗੀਤਕਾਰੀ: ਭਾਵਨਾ ਦੀ ਅਭਿਵਿਅਕਤੀ ਜਾਂ ਬਜ਼ਾਰ ਦੀ ਮੰਗ?’ ਵਿਸ਼ੇ ਤੇ ਹੋਈ ਚਰਚਾ ਖਿੱਚ ਦਾ ਕੇਂਦਰ ਰਹੀ। ਧਰਮ ਕੰਮੇਆਣਾ, ਮਨਪ੍ਰੀਤ ਟਿਵਾਣਾ, ਅਮਰੀਕ ਸਿੰਘ ਤਲਵੰਡੀ ਅਤੇ ਪਾਲੀ ਦੇਤਵਾਲੀਆ ਨੇ ਅਫ਼ਸੋਸ ਜਤਾਇਆ ਕਿ ਗੀਤਕਾਰੀ ਉੱਤੇ ਬਾਜ਼ਾਰ ਦਾ ਗਲਬਾ ਵਧਣ ਕਾਰਨ ਸਾਹਿਤਕ ਰੰਗ ਮਨਫ਼ੀ ਹੋ ਰਿਹਾ ਹੈ। ਯਾਦਗਾਰੀ ਸੰਗੀਤਕ ਸ਼ਾਮ ਵਿੱਚ ਹਰਮਿੰਦਰ ਜਲਾਲ ਦੀ ਅਲਗੋਜਾ-ਤੂੰਬਾ ਟੋਲੀ ਅਤੇ ਪ੍ਰਸਿੱਧ ਢਾਡੀ ਦੇਸ ਰਾਜ ਲਚਕਾਣੀ ਦੀ ਟੋਲੀ ਨੇ ਆਪਣੀਆਂ ਪੇਸ਼ਕਾਰੀਆਂ ਨਾਲ ਪੰਜਾਬੀ ਲੋਕ-ਵਾਰਾਂ ਅਤੇ ਵਿਰਾਸਤੀ ਧੁਨਾਂ ਨੂੰ ਮੁੜ ਸੁਰਜੀਤ ਕਰ ਦਿੱਤਾ। -ਅੱਜ ਪੰਜਾਬੀ ਜਾਗਰਣ ਦੇ ਸੰਪਾਦਕ ਕਰਨਗੇ ਵਿਸ਼ੇਸ਼ ਸ਼ਮੂਲੀਅਤ ਇਕ ਅਪ੍ਰੈਲ ਨੂੰ ਹੋਣ ਵਾਲੀਆਂ ਵੱਖ ਵੱਖ ਬੈਠਕਾਂ ਵਿਚ ਪਹਿਲੀ ਬੈਠਕ ਦੌਰਾਨ ‘ਆਵਾਜ਼, ਤਸਵੀਰ ਤੇ ਸ਼ਬਦ ਸੱਚ ਦੀ ਰਚਨਾ ਜਾਂ ਸੱਚ ਦੀ ਪੇਸ਼ਕਾਰੀ ਸਿਰਲੇਖ’ ਪੰਜਾਬੀ ਜਾਗਰਣ ਦੇ ਸੰਪਾਦਕ ਵਰਿੰਦਰ ਸਿੰਘ ਵਾਲੀਆ ਪ੍ਰਧਾਨਗੀ ਕਰਨਗੇ ਅਤੇ ਪਦਮਸ੍ਰੀ ਜਗਜੀਤ ਸਿੰਘ ਦਰਦੀ ਮੁੱਖ ਮਹਿਮਾਨ ਹੋਣਗੇ। ਡਾ. ਹਰਜਿੰਦਰਪਾਲ ਸਿੰਘ ਵਾਲੀਆ ਅਤੇ ਪਰਮਜੀਤ ਸਿੰਘ ਆਕਾਸ਼ਵਾਣੀ ਜਲੰਧਰ ਚਰਚਾ ਵਿਚ ਭਾਗ ਲੈਣਗੇ। ਦੂਜੀ ਬੈਠਕ ਵਿਚ ਪਦਮ ਭੂਸ਼ਣ ਅਤੇ ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਉਪ ਕੁਲਪਤੀ ਸਰਦਾਰਾ ਸਿੰਘ ਜੌਹਲ ਨਾਲ ਡਾ. ਸੁਰਜੀਤ ਸਿੰਘ ਭੱਟੀ ਸੰਵਾਦ ਰਚਾਉਣਗੇ। ਉਪ ਕੁਲਪਤੀ ਡਾ. ਜਗਦੀਪ ਸਿੰਘ ਦੀ ਬੈਠਕ ਵਿਚ ਵਿਸ਼ੇਸ਼ ਆਮਦ ਹੋਵੇਗੀ। ਤੀਜੀ ਬੈਠਕ ਵਿਚ ਲੋਕ ਕਲਾਵਾਂ ਦਾ ਹਾਸ਼ੀਆਕਰਨ ਜ਼ਿੰਮੇਵਾਰ ਕੌਣ? ਵਿਸ਼ੇ ਤੇ ਹਰਦਿਆਲ ਥੂਹੀ, ਜਸਵਿੰਦਰ ਸ਼ਰਮਾ ਅਤੇ ਦਵਿੰਦਰ ਕੌਰ ਢੱਟ ਲਾਲ ਹਰਿੰਦਰ ਕੌਰ ਹੁੰਦਲ ਸੰਵਾਦ ਕਰਨਗੇ ਜਦੋਂ ਕਿ ਚੌਥੀ ਬੈਠਕ ਵਿਚ ਸੰਗੀਤ ਸ਼ਾਮ ਦੌਰਾਨ ਸ਼ਾਮੀਂ 3.30 ਵਜੇ ਪ੍ਰਸਿੱਧ ਗਾਇਕਾਵਾਂ ਰਣਜੀਤ ਕੌਰ, ਗੁਲਸ਼ਨ ਕੋਮਲ ਅਤੇ ਸੁੱਖੀ ਬਰਾੜ ਵੱਲੋਂ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ ਜਾਵੇਗਾ।