ਜ਼ਮੀਨੀ ਵਿਵਾਦ ਨੂੰ ਲੈ ਕੇ ਚੱਲੀਆਂ ਗੋਲੀਆਂ, ਚਚੇਰਾ ਭਰਾ ਨਾਮਜ਼ਦ
ਜ਼ਮੀਨੀ ਵਿਵਾਦ ਨੂੰ ਲੈ ਕੇ ਚੱਲੀਆਂ ਗੋਲੀਆਂ, ਚਚੇਰਾ ਭਰਾ ਨਾਮਜਦ
Publish Date: Sat, 07 Mar 2026 06:06 PM (IST)
Updated Date: Sat, 07 Mar 2026 06:09 PM (IST)
ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਘੱਗਾ ਪੁਲਿਸ ਨੇ ਵਾਰਡ ਨੰਬਰ 4 ਦੇ ਵਸਨੀਕ ਕੁਲਵੰਤ ਸਿੰਘ ਵਿਰੁੱਧ ਜ਼ਮੀਨੀ ਵਿਵਾਦ ਨੂੰ ਲੈ ਕੇ ਗੋਲੀਆਂ ਚਲਾਉਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਹੈ। ਮੁਲਜ਼ਮ ਅਤੇ ਸ਼ਿਕਾਇਤਕਰਤਾ ਚਚੇਰੇ ਭਰਾ ਦੱਸੇ ਜਾਂਦੇ ਹਨ। ਜਾਣਕਾਰੀ ਦਿੰਦੇ ਹੋਏ ਵਾਰਡ ਨੰਬਰ 3 ਦੇ ਵਸਨੀਕ ਮਹਿੰਦਰ ਸਿੰਘ ਨੇ ਦੱਸਿਆ ਕਿ 6 ਮਾਰਚ ਨੂੰ ਸ਼ਾਮ 4 ਵਜੇ ਦੇ ਕਰੀਬ ਉਹ ਆਪਣੇ ਘਰ ਦੇ ਗੇਟ ਕੋਲ ਬੈਠਾ ਸੀ। ਜਦੋਂ ਉਸ ਦਾ ਚਚੇਰਾ ਭਰਾ ਕੁਲਵੰਤ ਸਿੰਘ ਆਪਣੀ ਬੁਲੇਟ ਮੋਟਰਸਾਈਕਲ ’ਤੇ ਆਇਆ ਅਤੇ ਉਸ ਨਾਲ ਗਾਲੀ-ਗਲੋਚ ਕਰਨ ਲੱਗਾ। ਜਾਂਦੇ ਸਮੇਂ ਮੁਲਜ਼ਮ ਨੇ ਆਪਣਾ ਰਿਵਾਲਵਰ ਲਿਆਉਣ ਅਤੇ ਉਸ ਨੂੰ ਜ਼ਿੰਦਾ ਨਾ ਛੱਡਣ ਦੀ ਧਮਕੀ ਦਿੱਤੀ। ਸ਼ਿਕਾਇਤਕਰਤਾ ਅਨੁਸਾਰ ਮੁਲਜ਼ਮ ਲਗਭਗ 15 ਮਿੰਟ ਬਾਅਦ ਆਪਣੇ ਮੋਟਰਸਾਈਕਲ ’ਤੇ ਵਾਪਸ ਆਇਆ, ਆਪਣਾ ਲਾਇਸੈਂਸੀ ਰਿਵਾਲਵਰ ਕੱਢਿਆ ਅਤੇ ਉਸ ਨੂੰ ਮਾਰਨ ਦੇ ਇਰਾਦੇ ਨਾਲ ਸਿੱਧੀਆਂ ਗੋਲੀਆਂ ਚਲਾ ਦਿੱਤੀਆਂ। ਗੋਲੀਆਂ ਤੋਂ ਬਚਣ ਲਈ ਮਹਿੰਦਰ ਸਿੰਘ ਤੁਰੰਤ ਗੇਟ ਦੇ ਪਿੱਛੇ ਲੁਕ ਗਿਆ। ਦੋਸ਼ ਹੈ ਕਿ ਮੁਲਜ਼ਮ ਨੇ ਫਿਰ ਦੋ ਜਾਂ ਤਿੰਨ ਹੋਰ ਗੋਲੀਆਂ ਚਲਾਈਆਂ, ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਅਤੇ ਮੌਕੇ ਤੋਂ ਭੱਜ ਗਿਆ। ਘਟਨਾ ਤੋਂ ਬਾਅਦ ਮਹਿੰਦਰ ਸਿੰਘ ਨੇ ਘੱਗਾ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ।