ਪੀਆਰਟੀਸੀ ਚੇਅਰਮੈਨ ਨੇ ਭੁੱਖ ਹੜਤਾਲ ’ਤੇ ਬੈਠੇ ਲੋਕਾਂ ਨਾਲ ਕੀਤੀ ਮੁਲਾਕਾਤ
ਪੀ.ਆਰ.ਟੀ.ਸੀ. ਚੇਅਰਮੈਨ ਨੇ ਭੁੱਖ ਹੜਤਾਲ ’ਤੇ ਬੈਠੇ ਲੋਕਾਂ ਨਾਲ ਕੀਤੀ ਮੁਲਾਕਾਤ
Publish Date: Sat, 07 Mar 2026 04:16 PM (IST)
Updated Date: Sat, 07 Mar 2026 04:18 PM (IST)

- ਕਿਹਾ, ਸ਼੍ਰੀ ਵਾਮਨ ਅਵਤਾਰ ਮੰਦਰ ਦਾ ਨਿਰਮਾਣ ਕਾਰਜ ਜਲਦੀ ਹੋਵੇਗਾ ਸ਼ੁਰੂ ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਪੀਆਰਟੀਸੀ ਦੇ ਚੇਅਰਮੈਨ ਹਰਪਾਲ ਜੁਨੇਜਾ ਵੱਲੋਂ ਇਤਿਹਾਸਕ ਸ਼੍ਰੀ ਵਾਮਨ ਅਵਤਾਰ ਮੰਦਰ ਤੇ ਸਰੋਵਰ ਦਾ ਦੌਰਾ ਕੀਤਾ। ਧਰਨੇ ਤੇ ਬੈਠੇ ਲੋਕਾਂ ਨਾਲ ਗੱਲਬਾਤ ਵੀ ਕੀਤੀ ਗਈ। ਇਸ ਦੌਰਾਨ ਜੁਨੇਜਾ ਨੇ ਭਰੋਸਾ ਦਿੱਤਾ ਕਿ ਮੰਦਿਰ ਅਤੇ ਸਰੋਵਰ ਦੇ ਨਿਰਮਾਣ ਕਾਰਜ ਜਲਦ ਹੀ ਸ਼ੁਰੂ ਕਰਵਾਏ ਜਾਣਗੇ। ਹਰਪਾਲ ਜੁਨੇਜਾ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੇ ਮੀਡੀਆ ਸਲਾਹਕਾਰ ਬਲਤੇਜ ਪੰਨੂ ਦੇ ਵਿਸ਼ੇਸ਼ ਨਿਰਦੇਸ਼ਾਂ ’ਤੇ ਮੰਦਰ ਵਿਖੇ ਪਹੁੰਚੇ। ਉੱਥੇ ਉਨ੍ਹਾਂ ਨੇ ਮੰਦਰ ਦੇ ਨਿਰਮਾਣ ਅਤੇ ਸਰੋਵਰ ਦੀ ਸਾਂਭ-ਸੰਭਾਲ ਲਈ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਹਿੰਦੂ ਭਾਈਚਾਰੇ ਦੇ ਨੁਮਾਇੰਦਿਆਂ ਅਤੇ ਸਥਾਨਕ ਲੋਕਾਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਚੇਅਰਮੈਨ ਜੁਨੇਜਾ ਨੇ ਸ਼ਰਧਾ ਸਹਿਤ ਮੰਦਰ ਵਿੱਚ ਨਤਮਸਤਕ ਹੋ ਕੇ ਆਸ਼ੀਰਵਾਦ ਵੀ ਲਿਆ। ਮੁਲਾਕਾਤ ਦੌਰਾਨ ਹਿੰਦੂ ਭਾਈਚਾਰੇ ਨੇ ਆਪਣੀਆਂ ਮੰਗਾਂ ਅਤੇ ਮੰਦਰ ਦੀ ਮੌਜੂਦਾ ਸਥਿਤੀ ਬਾਰੇ ਜੁਨੇਜਾ ਨੂੰ ਜਾਣੂ ਕਰਵਾਇਆ। ਚੇਅਰਮੈਨ ਨੇ ਬਹੁਤ ਹੀ ਸੰਜੀਦਗੀ ਨਾਲ ਸਾਰੀਆਂ ਗੱਲਾਂ ਸੁਣੀਆਂ ਅਤੇ ਭਾਈਚਾਰੇ ਨੂੰ ਭਰੋਸਾ ਦਿੰਦਿਆਂ ਕਿਹਾ ਕਿ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਬਲਤੇਜ ਪੰਨੂ ਵੱਲੋਂ ਲਗਾਈ ਗਈ ਡਿਊਟੀ ਤਹਿਤ ਉਹ ਅੱਜ ਇੱਥੇ ਪਹੁੰਚਿਆ ਹੈ। ਮੰਦਰ ਦੇ ਹਾਲਾਤ ਅਤੇ ਨਿਰਮਾਣ ਕਾਰਜਾਂ ਵਿੱਚ ਆ ਰਹੀਆਂ ਰੁਕਾਵਟਾਂ ਬਾਰੇ ਇੱਕ ਵਿਸਤ੍ਰਿਤ ਰਿਪੋਰਟ ਤਿਆਰ ਕਰ ਕੇ ਸਿੱਧੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤਕ ਪਹੁੰਚਾਈ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹਰ ਵਰਗ ਦੇ ਧਾਰਮਿਕ ਅਕੀਦਿਆਂ ਦਾ ਸਤਿਕਾਰ ਕਰਦੀ ਹੈ ਅਤੇ ਇਸ ਮਸਲੇ ਦਾ ਹੱਲ ਪਹਿਲ ਦੇ ਆਧਾਰ ’ਤੇ ਕੀਤਾ ਜਾਵੇਗਾ। ਇਸ ਮੌਕੇ ਹਾਜ਼ਰ ਲੋਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਸਥਾਨਕ ਆਗੂਆਂ ਨੇ ਕਿਹਾ ਕਿ ਹਰਪਾਲ ਜੁਨੇਜਾ ਕਹਿਣੀ ਅਤੇ ਕਰਨੀ ਦੇ ਪੱਕੇ ਇਨਸਾਨ ਵਜੋਂ ਜਾਣੇ ਜਾਂਦੇ ਹਨ। ਲੋਕਾਂ ਦਾ ਮੰਨਣਾ ਹੈ ਕਿ ਜੇਕਰ ਜੁਨੇਜਾ ਨੇ ਇਸ ਕਾਰਜ ਦੀ ਜ਼ਿੰਮੇਵਾਰੀ ਓਟ ਲਈ ਹੈ, ਤਾਂ ਮੰਦਰ ਦੇ ਨਿਰਮਾਣ ਵਿੱਚ ਹੁਣ ਕੋਈ ਦੇਰੀ ਨਹੀਂ ਹੋਵੇਗੀ। ਇਸ ਦੌਰੇ ਨੇ ਨਾ ਸਿਰਫ਼ ਹਿੰਦੂ ਭਾਈਚਾਰੇ ਦੀਆਂ ਉਮੀਦਾਂ ਨੂੰ ਨਵੀਂ ਕਿਰਨ ਦਿੱਤੀ ਹੈ, ਸਗੋਂ ਇਹ ਸਰਕਾਰ ਅਤੇ ਜਨਤਾ ਦੇ ਵਿਚਕਾਰ ਮਜ਼ਬੂਤ ਰਾਬਤੇ ਦੀ ਮਿਸਾਲ ਵੀ ਪੇਸ਼ ਕਰਦਾ ਹੈ। ਸਰੋਵਰ ਦੇ ਨਿਰਮਾਣ ਨਾਲ ਇਲਾਕੇ ਦੀ ਸੁੰਦਰਤਾ ਅਤੇ ਧਾਰਮਿਕ ਮਹੱਤਤਾ ਵਿੱਚ ਹੋਰ ਵਾਧਾ ਹੋਵੇਗਾ। ਦੱਸਣਾ ਬਣਦਾ ਹੈ ਕਿ ਹਰਪਾਲ ਜੁਨੇਜਾ ਦੇ ਪਿਤਾ ਤੇ ਉੱਘੇ ਸਮਾਜ ਸੇਵੀ ਭਗਵਾਨ ਦਾਸ ਜੁਨੇਜਾ ਨੇ ਸ਼੍ਰੀ ਵਾਮਨ ਅਵਤਾਰ ਮੰਦਰ ਲਈ ਪਹਿਲਾਂ ਲੈਂਟਰ ਪਾਉਣ ਸਮੇਂ ਅਤੇ ਫਿਰ ਸਰੋਵਰ ਦੀ ਸਫਾਈ ਲਈ ਵਿੱਤੀ ਸਹਾਇਤਾ ਦਿੱਤੀ ਸੀ। ਹੁਣ ਵੀ ਭਗਵਾਨ ਦਾਸ ਜੁਨੇਜਾ ਨੇ ਸਰਕਾਰ ਵੱਲੋਂ ਕਰਵਾਏ ਜਾਣ ਵਾਲੇ ਨਿਰਮਾਣ ਕਾਰਜ ਤੋਂ ਇਲਾਵਾ ਮੰਦਰ ਲਈ ਆਪਣੇ ਪੱਧਰ ਯੋਗ ਵਿੱਤੀ ਸਹਾਇਤਾ ਦੇਣ ਦਾ ਵੀ ਐਲਾਨ ਕੀਤਾ ਹੈ।