ਚਟਕਾਰੇ : ਕੰਨੀਂ ਦੇਖਿਆ, ਅੱਖੀਂ ਸੁਣਿਆ
ਚਟਕਾਰੇ : ਕੰਨੀਂ ਦੇਖਿਆ, ਅੱਖੀਂ ਸੁਣਿਆ
Publish Date: Sat, 21 Feb 2026 06:56 PM (IST)
Updated Date: Sat, 21 Feb 2026 06:57 PM (IST)

ਹੁਣ ਨਹੀਂ ਮਰਦਾ ਜੱਗਾ ਬੋਹੜ ਦੀ ਛਾਵੇਂ ਲੋਕ-ਕਥਾਵਾਂ ਮੁਤਾਬਕ ਪੰਜਾਬ ਦਾ ਲੋਕਨਾਇਕ ਜੱਗਾ ਡਾਕੂ ਘੇਰ ਕੇ ਬੋਹੜ ਦੀ ਛਾਵੇਂ ਮਾਰਿਆ ਸੀ। ਪਰ ਅੱਜ ਦੀ ਸਿਆਸਤ ਦਾ ਜੱਗਾ ਮਰਨੋਂ ਇਨਕਾਰੀ ਹੋ ਗਿਆ ਹੈ। ਸੁਨਣ ਵਿੱਚ ਤਾਂ ਇਹ ਵੀ ਆਇਆ ਹੈ ਕਿ ਉਹ ਮਰਨੋਂ ਹੀ ਨਹੀਂ ਬਲਕਿ ਹੁਣ ਤਾਂ ਉਹ ਪਿਛਲੀ ਵਾਰ ਵਾਂਗ ਲਾਰਿਆਂ ਦੀ ਲੋਰ ਵਿੱਚ ਆਉਣ ਤੋਂ ਵੀ ਇਨਕਾਰੀ ਹੋ ਗਿਆ ਹੈ। ਦਰਅਸਲ ਨੇਤਾ ਜੀ ਦੇ ਬੇਟਾ ਜੀ ਦੇ ਰਵੱਈਏ ਨੇ ਜੱਗੇ ਦੇ ਸਬਰ ਦਾ ਬੰਨ੍ਹ ਤੋੜ ਦਿੱਤਾ ਹੈ। ਚੁਗਲਚੰਦਾਂ ਨੇ ਦੱਸਿਆ ਹੈ ਕਿ ਬੇਟਾ ਜੀ ਜੱਗੇ ਦੇ ਹਰ ਕੰਮ ਵਿੱਚ ਕੋਈ ਨਾ ਕੋਈ ਅੜਿੱਕਾ ਲਾ ਦਿੰਦੇ ਹਨ, ਜਿਸ ਨਾਲ ਲੋਕਾਂ ਵਿੱਚ ਜੱਗੇ ਦਾ ਸਿਆਸੀ ਕੱਦ ਘੱਟਦਾ ਹੈ। ਸੋ ਹੁਣ ਜੱਗਾ ਬੇਨਤੀਆਂ ਕਰਨ ਵਾਲਾ ‘ਫ਼ਰਿਆਦੀ’ ਨਹੀਂ, ਸਗੋਂ ਸਿਸਟਮ ਵਿਰੁੱਧ ਲੜਨ ਵਾਲੇ ਜੱਗੇ ਵਾਂਗ ਟਾਕਰਾ ਕਰਨ ਦੇ ‘ਮੋਡ’ ਵਿੱਚ ਆ ਗਿਆ ਹੈ। ਜੱਗੇ ਨੇ ਸੋਸ਼ਲ ਮੀਡੀਆ ਰਾਹੀਂ ਭੜਾਸ ਕੱਢੀ ਹੈ। ਇਸ ਆਵਾਜ਼ ਨੂੰ ਜਿੱਥੇ ਨੇਤਾ ਜੀ ਅਤੇ ਉਨ੍ਹਾਂ ਦੇ ਬੇਟੇ ਲਈ ਚੁਣੌਤੀ ਮੰਨਿਆ ਜਾ ਰਿਹਾ ਹੈ, ਉੱਥੇ ਹੀ ਚਾਚੇ ਚੌਰੇ ਵਾਲੇ ਅਨੁਸਾਰ ਇਸ ਮਾਮਲੇ ਦਾ ਅੰਜਾਮ ਚੋਣਾਂ ਵੇਲੇ ਦੇਖਣ ਨੂੰ ਮਿਲੇਗਾ। ਪਿਛਲੀ ਵਾਰ ਤਾਂ ਜੱਗੇ ਨੇ ਕੁਰਬਾਨੀ ਦੇ ਦਿੱਤੀ ਸੀ, ਪਰ ਇਸ ਵਾਰ ਜੱਗਾ ਕੁਰਬਾਨੀ ਦੇਣ ਦੇ ਨਹੀਂ ਬਲਕਿ ਲੈਣ ਦੇ ਇਰਾਦੇ ਰੱਖਦਾ ਹੈ। ਸੱਸ ਦਾ ਤਾਲਾ, ਨਹੀਂ ਖੁੱਲ੍ਹਣ ਵਾਲਾ ਸੱਸ ਕੋਲੋਂ ਘਰ ਦੀਆਂ ਚਾਬੀਆਂ ਖੋਹਣ ਦੀ ਮੁਹਿੰਮ ਵਿੱਚ ਨੂੰਹ ਦੇ ਨਾਲ-ਨਾਲ ਹੁਣ ਸੱਸ ਦੀ ਜੇਠਾਣੀ ਯਾਨੀ ਕਿ ਨੂੰਹ ਦੀ ਤਾਈ ਸੱਸ ਵੀ ਸ਼ਾਮਲ ਹੋ ਗਈ ਹੈ। ਫਿਰ ਤੋਂ ਇਹ ਗੱਲ ਹਵਾ ਵਿੱਚ ਫੈਲ ਰਹੀ ਹੈ ਕਿ ਸੱਸ ਘਰ ਵਾਪਸੀ ਕਰੇਗੀ ਅਤੇ ਹਾਈਕਮਾਂਡ ਜੇਠਾਣੀ ਨੂੰ ਘਰ ਦੀਆਂ ਚਾਬੀਆਂ ਦੇਵੇਗੀ। ਪਰ ਸੱਸ ਨੇ ਲੱਗਭਗ ਲਲਕਾਰਾ ਮਾਰਦੇ ਹੋਏ ਘੋਸ਼ਣਾ ਕੀਤੀ ਹੈ ਕਿ ‘ਭਾਵੇਂ ਸਾਰਾ ਪਿੰਡ ਮਰ ਜਾਏ, ਪਰ ਤੂੰ ਸਰਪੰਚ ਨਹੀਂ ਬਣਦਾ’। ਨਾਲ ਹੀ ਇਹ ਵੀ ਸਪਸ਼ਟ ਕਰ ਦਿੱਤਾ ਕਿ ਉਸਦੀ ਘਰ ਵਾਪਸੀ ਦੀ ਕੋਈ ਯੋਜਨਾ ਨਹੀਂ ਹੈ। ਮੰਨਿਆ ਜਾ ਰਿਹਾ ਹੈ ਕਿ ਸੱਸ ਦਾ ਇਸ਼ਾਰਾ ਆਪਣੀ ਜੇਠਾਨੀ ਅਤੇ ਨੂੰਹ ਵੱਲ ਹੈ, ਜੋਕਿ ਹਲਕਾ ਇੰਚਾਰਜ ਲੱਗਣ ਦੇ ਸਭ ਤੋਂ ਵੱਧ ਇਛੁੱਕ ਹਨ। ਇਸ ਸੰਬੰਧੀ ਜਦੋਂ ਸੱਸ ਦੇ ਖਾਸਮ ਖਾਸ ਚੇਲੇ ਨਾਲ ਗੱਲ ਕੀਤੀ ਗਈ ਤਾਂ ਉਸ ਨੇ ਭੇਤ ਖੋਲ੍ਹਣ ਵਾਲੇ ਅੰਦਾਜ਼ ਵਿੱਚ ਦੱਸਿਆ ਕਿ ਸੱਸ ਨੇ ਜੋ ਤਾਲਾ ਲਾਇਆ ਹੈ, ਓਹਦੀ ਚਾਬੀ ਕੇਵਲ ਸੱਸ ਕੋਲ ਹੀ ਹੈ। ਵਿਰੋਧੀ ਜਿਨ੍ਹਾਂ ਮਰਜ਼ੀ ਜ਼ੋਰ ਲਾ ਲੈਣ, ਪਹਿਲਾਂ ਤਾਂ ਉਨ੍ਹਾਂ ਨੂੰ ਚਾਬੀਆਂ ਮਿਲਣੀਆਂ ਨਹੀਂ ਤੇ ਜੇ ਕਿਤੇ ਮਿਲ ਵੀ ਗਈਆਂ ਤਾਂ ਸੱਸ ਦੇ ਲਾਏ ਤਾਲੇ ਖੁੱਲ੍ਹਣੇ ਨਹੀਂ। ਓਧਰ ਚਾਚੇ ਚੌਰੇ ਵਾਲੇ ਦਾ ਕਹਿਣਾ ਹੈ ਕਿ ਇਹ ਗੱਲ ਤਾਂ ਭਵਿੱਖ ਦੇ ਗਰਭ ਵਿੱਚ ਹੈ ਕਿ ਸੱਸ ਦੇ ਲਾਏ ਤਾਲੇ ਖੁੱਲ੍ਹਦੇ ਹਨ ਜਾਂ ਟੁੱਟਦੇ ਹਨ ਜਾਂ ਫਿਰ ਚਾਬੀਆਂ ਸੱਸ ਕੋਲ ਹੀ ਰਹਿੰਦੀਆਂ ਹਨ, ਪਰ ਇੰਨਾ ਜ਼ਰੂਰ ਹੈ ਕਿ ਪਟਿਆਲਾ ਦੀ ਸਿਆਸਤ ਵਿੱਚ ਕੁਝ ਨਿਵੇਕਲਾ ਜ਼ਰੂਰ ਹੋਣ ਵਾਲਾ ਹੈ। ਪੇਸ਼ਕਸ਼ : ਨਵਦੀਪ ਢੀਂਗਰਾ।