ਔਰਤ ਨੂੰ ਕੁੱਟ-ਕੁੱਟ ਕੇ ਮਾਰਨ ਦਾ ਮਾਮਲਾ, ਪੀੜਤ ਪਰਿਵਾਰ ਵੱਲੋਂ ਪੁਲਿਸ ਖ਼ਿਲਾਫ਼ ਧਰਨਾ
ਔਰਤ ਨੂੰ ਕੁੱਟ ਕੁੱਟ ਕੇ ਮਾਰਨ ਦਾ ਮਾਮਲਾ, ਪੀੜਤ ਪਰਿਵਾਰ ਵਲੋਂ ਪੁਲਿਸ ਖਿਲਾਫ ਧਰਨਾ
Publish Date: Sat, 21 Feb 2026 06:20 PM (IST)
Updated Date: Sat, 21 Feb 2026 06:21 PM (IST)

- ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਕੀਤੀ ਮੰਗ ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਰੋਂਗਲਾ ਪਿੰਡ ਵਿੱਚ ਕੁੱਟ ਕੁੱਟ ਕੇ ਮਾਰਨ ਦੇ ਮਾਮਲੇ ਵਿਚ ਨਾਮਜ਼ਦ ਮੁਲਜ਼ਮਾਂ ਦੀ ਗ੍ਰਿਫਤਾਰੀ ਨਾ ਹੋਣ ’ਤੇ ਪੀੜਤ ਪਰਿਵਾਰ ਵਲੋਂ ਪੁਲਿਸ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਸਰਕਾਰੀ ਰਜਿੰਦਰਾ ਹਸਪਤਾਲ ਦੇ ਸਾਹਮਣੇ ਸੰਗਰੂਰ ਰੋਡ ’ਤੇ ਧਰਨਾ ਦਿੱਤਾ ਗਿਆ। ਦੱਸਣਾ ਬਣਦਾ ਹੈ ਕਿ ਕੁੱਟਮਾਰ ਦਾ ਸ਼ਿਕਾਰ ਹੋਈ ਔਰਤ ਦੀ ਮੌਤ ਤੋਂ ਬਾਅਦ ਪੁਲਿਸ ਨੇ ਗੁਰਵਿੰਦਰ ਸਿੰਘ, ਜਸਵੰਤ ਸਿੰਘ ਅਤੇ ਇੱਕ ਅਣਪਛਾਤੇ ਵਿਅਕਤੀ ਵਿਰੁੱਧ ਕਤਲ ਦਾ ਕੇਸ ਦਰਜ ਕੀਤਾ ਹੈ। ਇਸ ਵੇਲੇ ਸਾਰੇ ਮੁਲਜ਼ਮ ਫ਼ਰਾਰ ਹਨ ਅਤੇ ਪੁਲਿਸ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕਰ ਰਹੀ ਹੈ। ਕੋਈ ਗ੍ਰਿਫਤਾਰੀ ਨਾ ਹੋਣ ’ਤੇ ਪੀੜਤ ਪਰਿਵਾਰ ਨੇ ਸ਼ਨਿਚਰਵਾਰ ਨੂੰ ਲਾਸ਼ ਲੈਣ ਤੋਂ ਇਨਕਾਰ ਕਰ ਦਿੱਤਾ ਤੇ ਪੁਲਿਸ ਖ਼ਿਲਾਫ਼ ਧਰਨਾ ਲਗਾ ਕੇ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਡੀਐੱਸਪੀ ਸਤਨਾਮ ਸਿੰਘ ਨੇ ਕੱਲ ਤਕ ਮੁਲਜ਼ਮਾਂ ਦੀ ਗ੍ਰਿਫਤਾਰੀ ਦਾ ਭਰੋਸਾ ਦੇਣ ਤੋਂ ਬਾਅਦ ਪਰਿਵਾਰ ਵੱਲੋਂ ਧਰਨਾ ਖਤਮ ਕਰ ਦਿੱਤਾ ਗਿਆ ਤੇ ਨਾਲ ਹੀ ਚਿਤਾਵਨੀ ਦਿੱਤੀ ਕਿ ਜੇਕਰ ਐਤਵਾਰ 12 ਵਜੇ ਤੱਕ ਕੋਈ ਗ੍ਰਿਫਤਾਰੀ ਨਾ ਹੋਈ ਤਾਂ ਫਿਰ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੌਕੇ ਕੁਲਵਿੰਦਰ ਕੌਰ ਨੇ ਦੱਸਿਆ ਕਿ ਉਹ ਆਪਣੀ ਮਾਂ ਬਲਜੀਤ ਕੌਰ ਨਾਲ ਰੋਂਗਲਾ ਪਿੰਡ ਵਿੱਚ ਰਹਿ ਰਹੀ ਸੀ। 19 ਫਰਵਰੀ ਨੂੰ ਸਵੇਰੇ 11 ਵਜੇ ਦੇ ਕਰੀਬ, ਉਹ ਆਪਣੀ ਮਾਂ ਨਾਲ ਪਿੰਡ ਦੇ ਸਰਕਾਰੀ ਐਲੀਮੈਂਟਰੀ ਸਕੂਲ ਦੇ ਸਾਹਮਣੇ ਪਾਥੀਆਂ ਥੱਪ ਰਹੀ ਸੀ। ਇਸ ਦੌਰਾਨ ਗੁਰਵਿੰਦਰ ਸਿੰਘ, ਜਸਵੰਤ ਸਿੰਘ ਅਤੇ ਇੱਕ ਅਣਪਛਾਤਾ ਵਿਅਕਤੀ ਇੱਕ ਕਾਰ ਵਿੱਚ ਆਏ। ਗੁਰਵਿੰਦਰ ਸਿੰਘ, ਆਪਣੀ ਮਾਂ ਬਲਜੀਤ ਕੌਰ ਨੂੰ ਮਾਰਨ ਦੇ ਇਰਾਦੇ ਨਾਲ, ਉਸਦੇ ਸਿਰ ਤੇ ਲੋਹੇ ਦੀ ਰਾਡ ਨਾਲ ਹਮਲਾ ਕਰ ਦਿੱਤਾ। ਉਸਦੀ ਮਾਂ ਨੇ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਦੋਸ਼ੀ ਨੇ ਉਸ ਨੂੰ ਵਾਰ-ਵਾਰ ਮਾਰਿਆ। ਇੱਕ ਅਣਪਛਾਤੇ ਵਿਅਕਤੀ ਨੇ ਉਸਦੇ ਪੇਟ ਵਿੱਚ ਵੀ ਲੱਤ ਮਾਰੀ। ਜਦੋਂ ਉਸਨੇ ਰੌਲਾ ਪਾਇਆ ਤਾਂ ਮੁਲਜਮ ਕਾਰ ਵਿੱਚ ਭੱਜ ਗਿਆ। ਗੰਭੀਰ ਜ਼ਖਮੀ ਬਲਜੀਤ ਕੌਰ ਦੀ ਰਾਜਿੰਦਰਾ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਪੀੜਤ ਪਰਿਵਾਰ ਦਾ ਦੋਸ਼ ਹੈ ਕਿ ਮੁਲਜਮ ਨਾਲ ਲੰਬੇ ਸਮੇਂ ਤੋਂ ਦੁਸ਼ਮਣੀ ਸੀ। ਉਹ ਚੋਣਾਂ ਦੌਰਾਨ ਗੋਲੀਬਾਰੀ ਦੀ ਘਟਨਾ ਵਿੱਚ ਫਸਾਉਣ ਦੀ ਧਮਕੀ ਦੇ ਕੇ ਉਸ ਤੋਂ ਪੈਸੇ ਮੰਗ ਰਿਹਾ ਸੀ। ਪੈਸੇ ਦੇਣ ਤੋਂ ਇਨਕਾਰ ਕਰਨ ’ਤੇ ਉਸ ਦਾ ਕਤਲ ਕਰ ਦਿੱਤਾ ਗਿਆ।