ਚੇਅਰਮੈਨ ਮਹਿਤਾ ਦਾ ਹਾਲ ਜਾਨਣ ਹਸਪਤਾਲ ਪੁੱਜੇ ਮੇਅਰ ਗੋਗੀਆ
ਚੇਅਰਮੈਨ ਮਹਿਤਾ ਦਾ ਹਾਲ ਜਾਨਣ ਹਸਪਤਾਲ ਪੁੱਜੇ ਮੇਅਰ ਗੋਗੀਆ
Publish Date: Sat, 06 Sep 2025 06:43 PM (IST)
Updated Date: Sat, 06 Sep 2025 06:46 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਅਤੇ ਪ੍ਰਧਾਨ ਜ਼ਿਲ੍ਹਾ ਸ਼ਹਿਰੀ ਤੇਜਿੰਦਰ ਮਹਿਤਾ ਦਾ ਹਾਲ ਜਾਣਨ ਮੇਅਰ ਕੁੰਦਨ ਗੋਗੀਆ ਹਸਪਤਾਲ ਪੁੱਜੇ। ਦੱਸ ਦੇਈਏ ਕਿ ਕੁਝ ਦਿਨ ਪਹਿਲਾ ਤੇਜਿੰਦਰ ਮਹਿਤਾ ਦੀ ਅਚਾਨਕ ਤਬੀਅਤ ਖ਼ਰਾਬ ਹੋਣ ਮਗਰੋਂ ਡਾਕਟਰਾਂ ਨੇ ਹਸਪਤਾਲ ਦਾਖ਼ਲ ਹੋਣ ਦੀ ਰਾਏ ਦਿੱਤੀ। ਹੁਣ ਇਲਾਜ ਮਗਰੋਂ ਰੁਟੀਨ ਚੈੱਕਅਪ ਦੌਰਾਨ ਡਾਕਟਰਾਂ ਨੇ ਉਨ੍ਹਾਂ ਨੂੰ ਪੂਰੀ ਜਾਂਚ ਅਤੇ ਚੰਗੇ ਇਲਾਜ ਲਈ ਫਿਲਹਾਲ ਹਸਪਤਾਲ ਵਿੱਚ ਹੀ ਰਹਿਣ ਦੀ ਸਲਾਹ ਦਿੱਤੀ ਹੈ। ਇਸ ਮੌਕੇ ਮੇਅਰ ਕੁੰਦਨ ਗੋਗੀਆ ਨੇ ਮਹਿਤਾ ਦੇ ਪਰਿਵਾਰ ਨਾਲ ਵੀ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਪੂਰੀ ਪਾਰਟੀ ਤੇ ਸਾਰੇ ਸਾਥੀ ਉਨ੍ਹਾਂ ਦੇ ਨਾਲ ਹਨ। ਇਸ ਮੌਕੇ ਉਨ੍ਹਾਂ ਨਾਲ ਪੀਏ ਲਵਿਸ਼ ਚੁੱਘ, ਸੈਕਟਰੀ ਰਜਿੰਦਰ ਮੋਹਨ, ਲੱਕੀ ਲਹਿਲ, ਮਿੱਡਾ ਜੀ, ਰਣਬੀਰ ਸਹੋਤਾ ਅਤੇ ਹੋਰ ਪਾਰਟੀ ਵਰਕਰ ਵੀ ਮੌਜੂਦ ਰਹੇ। ਇਸ ਮੌਕੇ ਮੇਅਰ ਗੋਗੀਆ ਨੇ ਕਿਹਾ ਕਿ ਤੇਜਿੰਦਰ ਮਹਿਤਾ ਪਾਰਟੀ ਦੇ ਸਮਰਪਿਤ ਵਰਕਰ ਹਨ ਜਿਨ੍ਹਾਂ ਨੇ ਹਮੇਸ਼ਾ ਜਨਤਾ ਦੀ ਭਲਾਈ ਲਈ ਅੱਗੇ ਰਹਿ ਕੇ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਦੀ ਤਾਕਤ ਹੀ ਇਹ ਹੈ ਕਿ ਹਰ ਵਰਕਰ ਇੱਕ ਦੂਜੇ ਲਈ ਮੋਢੇ ਨਾਲ ਮੋਢਾ ਲਾ ਕੇ ਖੜ੍ਹਦਾ ਹੈ। ਅਸੀਂ ਸਿਰਫ਼ ਰਾਜਨੀਤੀ ਨਹੀਂ, ਸਗੋਂ ਇੱਕ ਪਰਿਵਾਰ ਵਾਂਗ ਇਕੱਠੇ ਹਾਂ। ਮੇਅਰ ਨੇ ਡਾਕਟਰਾਂ ਨਾਲ ਵੀ ਚਰਚਾ ਕੀਤੀ ਅਤੇ ਉਨ੍ਹਾਂ ਤੋਂ ਚੇਅਰਮੈਨ ਮਹਿਤਾ ਦੀ ਸਿਹਤ ਸਬੰਧੀ ਤਾਜ਼ਾ ਜਾਣਕਾਰੀ ਲਈ। ਡਾਕਟਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਸਿਹਤ ਵਿੱਚ ਸੁਧਾਰ ਹੈ ਅਤੇ ਜਲਦੀ ਹੀ ਉਹ ਘਰ ਵਾਪਸ ਜਾ ਸਕਣਗੇ।