ਗੁਰਬਾਣੀ ਅਨੁਵਾਦ ਸਬੰਧੀ ਕੌਮੀ ਕਾਰਜਸ਼ਾਲਾ ਸ਼ੁਰੂ
50ਵੇਂ ਗੁਰਿਆਈ ਪੁਰਬ ਨੂੰ ਸਮਰਪਿਤ ਗੁਰਬਾਣੀ ਅਨੁਵਾਦ ਸਬੰਧੀ ਕੌਮੀ ਕਾਰਜਸ਼ਾਲਾ ਸ਼ੁਰੂ
Publish Date: Tue, 24 Mar 2026 04:53 PM (IST)
Updated Date: Tue, 24 Mar 2026 04:55 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਅੱਜ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਹਿਗੜ੍ਹ ਸਾਹਿਬ ਵਿਖੇ ਗੁਰਬਾਣੀ ਅਨੁਵਾਦ: ਲੋੜ ਨੈਤਿਕਤਾ ਅਤੇ ਮਿਆਰ ਸਬੰਧੀ ਹਫਤਾਵਰੀ ਕੌਮੀ ਕਾਰਜਸ਼ਾਲਾ ਸ਼ੁਰੂ ਹੋਈ। ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਗੁਰਿਆਈ ਪੂਰਬ ਨੂੰ ਸਮਰਪਿਤ ਇਹ ਕਾਰਜਸ਼ਾਲਾ ਅੰਦਰੂਨੀ ਗੁਣਵਤਾ ਨਿਰਧਾਰਨ ਸੈੱਲ ਤੇ ਵਿਰਾਸਤੀ ਗਿਆਨ ਪ੍ਰਬੰਧ ਕੇਂਦਰ ਵੱਲੋਂ ਕੀਤੀ ਗਈ। ਇਸ ਮੌਕੇ ਵਾਇਸ-ਚਾਂਸਲਰ ਪ੍ਰੋਫੈਸਰ (ਡਾ. ) ਪਰਿਤ ਪਾਲ ਸਿੰਘ ਨੇ ਆਖਿਆ ਕਿ ਗੁਰਬਾਣੀ ਨੂੰ ਵਿਸ਼ਵ ਤੱਕ ਪਹੁੰਚਾਉਣ ਲਈ ਅਨੁਵਾਦ ਇਕ ਮਹੱਤਵਪੂਰਨ ਸਾਧਨ ਸਾਬਤ ਹੋਵੇਗਾ। ਉਦਘਾਟਨੀ ਵਕਤਾ ਡਾ. ਜਸਵੰਤ ਸਿੰਘ, ਡਾਇਰੈਕਟਰ ਸਿੱਖ ਰਿਸਰਚ ਇੰਸਟੀਚਿਊਟ ਨੇ ਗੁਰਬਾਣੀ ਅਨੁਵਾਦ ਲਈ ਲੋੜੀਂਦੀ ਮੁਹਾਰਤ ਤੇ ਦਰਪੇਸ਼ ਚੁਣੌਤੀਆਂ ਉੱਪਰ ਵਿਸਤਾਰ ਸਹਿਤ ਚਰਚਾ ਕੀਤੀ। ਕਰਜਸ਼ਾਲਾ ਦੇ ਕਨਵੀਨਰ ਡਾ. ਅੰਕਦੀਪ ਕੌਰ ਅਟਵਾਲ, ਡਾਇਰੈਕਟਰ, ਆਈ ਕਿਉਂ ਏ ਸੀ ਨੇ ਆਸ ਪ੍ਰਗਟਾਈ ਕਿ ਇਹ ਕਾਰਜਸ਼ਾਲਾ ਯੂਨੀਵਰਸਿਟੀ ਵੱਲੋਂ ਭਵਿੱਖ ਵਿਚ ਕੀਤੇ ਜਾਣ ਵਾਲੇ ਗੁਰਬਾਣੀ ਅਨੁਵਾਦ ਲਈ ਮੁਢਲੀ ਸਿੱਖਿਆ ਦੀ ਭੂਮਿਕਾ ਨਿਭਾਏਗੀ। ਕਾਰਜਸ਼ਾਲਾ ਦੇ ਉਦੇਸ਼ ਬਾਰੇ ਬੋਲਦਿਆਂ ਡਾ. ਹਰਦੇਵ ਸਿੰਘ, ਕਨਵੀਨਰ ਵਿਰਾਸਤੀ ਗਿਆਨ ਪ੍ਰਬੰਧ ਕੇਂਦਰ ਨੇ ਆਖਿਆ ਕਿ ਅਕਾਦਮਿਕ ਸੰਸਥਾਵਾਂ ਜਿੱਥੇ ਆਪ ਨਵੀਨ ਖੋਜਾਂ ਕਰਦੀਆਂ ਹਨ ਉੱਥੇ ਵਿਸ਼ਵ ਦੇ ਹੋਰ ਖੇਤਰਾਂ ਵਿਚ ਹੋਈਆਂ ਨਵੀਆਂ ਲੱਭਤਾਂ ਨੂੰ ਆਪਣੀ ਭਾਸ਼ਾ ਵਿਚ ਉਲਥਾ ਕੇ ਗਿਆਨ ਸੰਚਾਰ ਵਿਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਉਨ੍ਹਾਂ ਆਖਿਆ ਕਿ ਬਾਈਬਲ ਵਿਸ਼ਵ ਦੀਆਂ ਲਗਭਗ ਸਾਢੇ ਤਿੰਨ ਹਜ਼ਾਰ ਭਾਸ਼ਾਵਾਂ ਵਿਚ ਅਨੁਵਾਦ ਹੋ ਚੁੱਕੀ ਹੈ, ਜਦ ਕਿ ਉਸ ਦੇ ਮੁਕਾਬਲੇ ਗੁਰਬਾਣੀ ਦੇ ਸੰਪੂਰਨ ਅਤੇ ਅੰਸ਼ਕ ਅਨੁਵਾਦ ਬਹੁਤ ਹੀ ਘੱਟ ਗਿਣਤੀ ਵਿਚ ਹੋਏ ਹਨ। ਕਾਰਜਸ਼ਾਲਾ ਦੇ ਕੋਆਰਡੀਨੇਟਰ ਡਾ. ਬਲਜੀਤ ਕੌਰ ਨੇ ਸਟੇਜ ਸੰਚਾਲਨ ਦੀ ਭੂਮਿਕਾ ਨਿਭਾਈ ਅਤੇ ਦੱਸਿਆ ਕਿ ਇਸ ਕਾਰਜਸ਼ਾਲਾ ਵਿਚ ਆਨਲਾਈਨ ਅਤੇ ਆਫਲਾਈਨ ਮਾਧਿਅਮ ਰਾਹੀਂ ਪੰਜਾਬ ਦੀਆਂ ਵੱਖ-ਵੱਖ ਅਕਾਦਮਿਕ ਸੰਸਥਾਵਾਂ ਦੇ ਅਧਿਆਪਕ ਸਾਹਿਬਾਨ ਤੋਂ ਇਲਾਵਾ ਲਗਭਗ ਇਕ ਦਰਜਨ ਵਿਦੇਸ਼ੀ ਡੈਲੀਗੇਟ ਸ਼ਾਮਲ ਹੋ ਰਹੇ ਹਨ। ਇਸ ਮੌਕੇ ਡੀਨ ਵਿਦਿਆਰਥੀ ਭਲਾਈ ਡਾ. ਸਿਕੰਦਰ ਸਿੰਘ, ਯੂਨੀਵਰਸਿਟੀ ਲੋਕ ਸੰਪਰਕ ਅਫ਼ਸਰ ਜਸਪ੍ਰੀਤ ਕੌਰ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਮੁਖੀ ਅਤੇ ਇੰਚਾਰਜ ਸਾਹਿਬਾਨ ਮੌਜੂਦ ਸਨ। ਫ਼ੋਟੋ ਕੈਪਸ਼ਨ : ਪ੍ਰਮੁੱਖ ਸ਼ਖ਼ਸੀਅਤਾਂ ਦਾ ਸਨਮਾਨ ਕਰਦੇ ਹੋਏ ਵਾਈਸ ਚਾਂਸਲਰ ਡਾ. ਪਰਿਤ ਪਾਲ ਸਿੰਘ।