ਪੁਲਿਸ ਦਾ ਨਸ਼ਾ ਵਿਰੋਧੀ ਸਰਚ ਅਭਿਆਨ ਤਹਿਤ ਅਪ੍ਰੈਲ ਮਹੀਨੇ 'ਚ 22 ਤਸਕਰ ਕਾਬੂ
ਪੁਲਸ ਦਾ ਨਸ਼ਾ ਵਿਰੋਧੀ ਸਰਚ ਅਭਿਆਨ ਤਹਿਤ ਅਪ੍ਰੈਲ ਮਹੀਨੇ 'ਚ 22 ਤਸਕਰ ਕਾਬੂ
Publish Date: Tue, 28 Apr 2026 05:39 PM (IST)
Updated Date: Tue, 28 Apr 2026 05:43 PM (IST)

ਭਾਰਤ ਭੂਸ਼ਣ ਗੋਇਲ, ਪੰਜਾਬੀ ਜਾਗਰਣ, ਸਮਾਣਾ : ਸਮਾਣਾ ਸਬ-ਡਿਵੀਜ਼ਨ ਦੇ ਨਸ਼ਾ ਪ੍ਰਭਾਵਿਤ (ਡਰੱਗ ਹੌਟਸਪੌਟ) ਪਿੰਡਾਂ ਮੁਰਾਦਪੁਰਾ, ਤਰਖਾਣਮਾਜਰਾ, ਤਲਵੰਡੀ ਮਲਿਕ, ਮਰੋੜੀ ਤੇ ਸ਼ੇਰਮਾਜਰਾ ਵਿਚ ਡੀਐੱਸਪੀ ਫਤਿਹ ਸਿੰਘ ਬਰਾੜ ਦੀ ਅਗਵਾਈ ਹੇਠ ਪੁਲਿਸ ਵੱਲੋਂ ਇਕ ਵਿਸ਼ੇਸ਼ ਸਰਚ ਅਭਿਆਨ ਚਲਾਇਆ ਗਿਆ। ਇਸ ਦੌਰਾਨ ਪੁਲਿਸ ਟੀਮਾਂ ਨੇ ਇਨ੍ਹਾਂ ਪਿੰਡਾਂ ਦੀ ਮੁਕੰਮਲ ਚੈਕਿੰਗ ਕੀਤੀ। ਇਸ ਅਭਿਆਨ ਵਿਚ ਸਦਰ ਪੁਲਿਸ ਮੁਖੀ ਇੰਸਪੈਕਟਰ ਅਜੇ ਕੁਮਾਰ ਪਰੋਚਾ, ਸਿਟੀ ਪੁਲਿਸ ਮੁੱਖੀ ਸਬ-ਇੰਸਪੈਕਟਰ ਬਲਜੀਤ ਸਿੰਘ ਸਮੇਤ ਵੱਖ-ਵੱਖ ਪੁਲਸ ਚੌਕੀਆਂ ਦੇ ਇੰਚਾਰਜ ਅਧਿਕਾਰੀ ਅਤੇ ਸੁਰੱਖਿਆ ਕਰਮੀ ਸ਼ਾਮਲ ਸਨ। ਇਸ ਮੌਕੇ ਜਾਣਕਾਰੀ ਦਿੰਦਿਆਂ ਡੀ.ਐਸ.ਪੀ. ਫਤਿਹ ਸਿੰਘ ਬਰਾੜ ਨੇ ਦੱਸਿਆ ਕਿ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ 1 ਜਨਵਰੀ ਤੋਂ ਹੁਣ ਤੱਕ ਕੁੱਲ 82 ਮੁਕੱਦਮੇ ਦਰਜ ਕਰਕੇ 89 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਦਕਿ ਸਿਰਫ਼ ਅਪ੍ਰੈਲ ਮਹੀਨੇ ਵਿੱਚ ਹੀ 22 ਮਾਮਲੇ ਦਰਜ ਕਰਕੇ 22 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਨਸ਼ਾ ਤਸਕਰੀ ਰਾਹੀਂ ਬਣਾਈ ਗਈ ਕਰੀਬ ਢਾਈ ਕਰੋੜ ਰੁਪਏ ਦੀ ਜਾਇਦਾਦ ਨੂੰ ਅਟੈਚ ਕਰਨ ਲਈ ਸੱਤ ਮਾਮਲਿਆਂ ਵਿੱਚ ਕੰਪੀਟੈਂਟ ਅਥਾਰਟੀ ਤੋਂ ਪ੍ਰਵਾਨਗੀ ਮਿਲ ਚੁੱਕੀ ਹੈ। ਡੀਐੱਸਪੀ ਨੇ ਤਸਕਰਾਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਉਹ ਨਸ਼ੇ ਦਾ ਕਾਰੋਬਾਰ ਤੁਰੰਤ ਛੱਡ ਦੇਣ, ਨਹੀਂ ਤਾਂ ਦੋਸ਼ੀਆਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ।