ਪਾਤੜਾਂ ’ਚ 17 ਵਾਰਡਾਂ ਲਈ 84 ਉਮੀਦਵਾਰ ਚੋਣ ਮੈਦਾਨ ’ਚ
ਪਾਤੜਾਂ ’ਚ 17 ਵਾਰਡਾਂ ਲਈ 84 ਉਮੀਦਵਾਰ ਚੋਣ ਮੈਦਾਨ ’ਚ
Publish Date: Sat, 16 May 2026 06:44 PM (IST)
Updated Date: Sat, 16 May 2026 06:45 PM (IST)

ਫੋਟੋ 16ਪੀਟੀਐਲ: 37, 38, 39 -ਨਾਮਜ਼ਦਗੀ ਪੱਤਰ ਦਾਖਲ ਕਰਨ ਸਮੇਂ ਉਮੀਦਵਾਰਾਂ ’ਚ ਹੋਈ ਤਕਰਾਰਬਾਜ਼ੀ ਭੁਪਿੰਦਰਜੀਤ ਮੌਲਵੀਵਾਲਾ, ਪੰਜਾਬੀ ਜਾਗਰਣ, ਪਾਤੜਾਂ : ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਅਖੀਰਲੇ ਦਿਨ ਕੁੱਲ 17 ਵਾਰਡਾਂ ਲਈ 84 ਉਮੀਦਵਾਰ ਚੋਣ ਮੈਦਾਨ ਵਿਚ ਸਾਹਮਣੇ ਆ ਗਏ ਹਨ। ਸ਼ਨਿੱਚਰਵਾਰ ਨੂੰ ਨਾਮਜ਼ਦਗੀ ਪੱਤਰ ਦਾਖਲ ਕਰਨ ਸਮੇਂ ਕਾਗਜ਼ ਦਾਖਲ ਕਰਨ ਆਏ ਉਮੀਦਵਾਰਾਂ ਵਿਚ ਉਸ ਸਮੇਂ ਤਕਰਾਰਬਾਜ਼ੀ ਹੋ ਗਈ ਜਦੋਂ ਐੱਸਡੀਐੱਮ ਦਫ਼ਤਰ ਪਾਤੜਾਂ ਵਿਖੇ ਵਾਰਡ ਨੰਬਰ ਪੰਜ ਤੋਂ ਕਾਂਗਰਸੀ ਉਮੀਦਵਾਰ ਦੇ ਤੌਰ ’ਤੇ ਕਾਗਜ਼ ਦਾਖਲ ਕਰਨ ਆਈ ਉਮੀਦਵਾਰ ਸੁਖਵਿੰਦਰ ਕੌਰ ਪਤਨੀ ਜਗਦੇਵ ਸਿੰਘ ਸੰਧੂ ਅਤੇ ਇਸੇ ਵਾਰਡ ਤੋ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਰਮਜੀਤ ਕੌਰ ਦੇ ਪਤੀ ਵਿਚਕਾਰ ਤਕਰਾਰਬਾਜ਼ੀ ਹੋ ਗਈ। ਕਾਂਗਰਸੀ ਉਮੀਦਵਾਰ ਸੁਖਵਿੰਦਰ ਕੌਰ ਨੇ ਆਪ ਆਗੂ ਉੱਤੇ ਕਾਗਜ਼ ਖੋਹ ਕੇ ਭੱਜਣ ਦੇ ਦੋਸ਼ ਲਗਾਏ ਹਨ। ਉਮੀਦਵਾਰ ਦੇ ਪਤੀ ਜਗਦੇਵ ਸਿੰਘ ਸੰਧੂ ਨੇ ਦੱਸਿਆ ਕਿ ਉਨ੍ਹਾਂ ਨੂੰ ਪਹਿਲਾਂ ਹੀ ਕਾਗਜ਼ ਖੋਹੇ ਜਾਣ ਦਾ ਖਦਸ਼ਾ ਸੀ ਜਿਸ ਨੂੰ ਧਿਆਨ ਵਿਚ ਰੱਖਦਿਆਂ ਉਨ੍ਹਾਂ ਦੋ ਫਾਈਲਾਂ ਤਿਆਰ ਕੀਤੀਆਂ ਸੀ। ਇੱਕ ਫਾਈਲ ਉਨ੍ਹਾਂ ਦੀ ਪਤਨੀ ਕੋਲ ਤੇ ਇਕ ਉਨਾਂ ਦੇ ਹੱਥ ਵਿਚ ਸੀ। ਉਨ੍ਹਾਂ ਦੱਸਿਆ ਕਿ ਆਪ ਉਮੀਦਵਾਰ ਉਨਾਂ ਦੀ ਫਾਈਲ ਖੋਹ ਕੇ ਭੱਜ ਗਿਆ ਜਦੋਂਕਿ ਉਨ੍ਹਾਂ ਦੂਜੀ ਫਾਈਲ ਜਮ੍ਹਾਂ ਕਰਵਾ ਦਿੱਤੀ ਹੈ। ਇਸ ਵਾਪਰੀ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਗਈ। ਘਟਨਾ ਦਾ ਰੌਲਾ ਪੈਣ ਤੇ ਕਾਂਗਰਸ ਦੇ ਵੱਡੀ ਗਿਣਤੀ ਵਿਚ ਵਰਕਰਾਂ ਨੇ ਐੱਸਡੀਐੱਮ ਦਫ਼ਤਰ ਵਿਖੇ ਪਹੁੰਚ ਕੇ ਨਾਅਰੇਬਾਜ਼ੀ ਕੀਤੀ। ਜਿਸ ਕਾਰਨ ਪੁਲਿਸ ਨੇ ਹਲਕਾ ਲਾਠੀਚਾਰਜ ਕੀਤਾ। ਇਸ ਦੌਰਾਨ ਕਾਂਗਰਸ ਦੇ ਨੌਜਵਾਨ ਆਗੂ ਸਿਕੰਦਰ ਸਿੰਘ ਦੁਤਾਲ ਦੇ ਹੱਥ ’ਤੇ ਸੱਟ ਲੱਗ ਗਈ ਜਿਸ ਨੂੰ ਹਸਪਤਾਲ ਭਰਤੀ ਕਰਵਾਉਣਾ ਪਿਆ। ਜਾਣਕਾਰੀ ਦਿੰਦਿਆਂ ਐੱਸਡੀਐੱਮ ਪਾਤੜਾਂ ਕਮ ਚੋਣ ਅਧਿਕਾਰੀ ਕਾਲਾ ਰਾਮ ਕਾਂਸਲ ਨੇ ਦੱਸਿਆ ਕਿ ਨਾਮਜ਼ਦਗੀਆਂ ਦਾ ਕੰਮ ਸ਼ਾਂਤੀਪੂਰਵਕ ਨੇਪਰੇ ਚੜ ਗਿਆ ਹੈ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਦੀਆਂ ਚੋਣਾਂ ਨੂੰ ਨਿਰਵਿਘਨ ਨੇਪਰੇ ਚੜਾਉਣ ਲਈ ਪ੍ਰਸ਼ਾਸਨ ਪੂਰੀ ਤਰ੍ਹਾਂ ਵਚਣਵੱਧ ਹੈ। ਡੀਐੱਸਪੀ ਗੁਰਦੀਪ ਸਿੰਘ ਸੰਧੂ ਨੇ ਦੱਸਿਆ ਕਿ ਚੋਣਾਂ ਲਈ ਨਾਮਜ਼ਦਗੀਆਂ ਦਾ ਕੰਮ ਛੋਟੀਆਂ ਮੋਟੀਆਂ ਘਟਨਾਵਾਂ ਨੂੰ ਛੱਡ ਕੇ ਬਿਲਕੁਲ ਸ਼ਾਂਤੀਪੂਰਵਕ ਰਿਹਾ ਹੈ। ਉਹਨਾਂ ਦੱਸਿਆ ਕਿ ਸੋਸ਼ਲ ਮੀਡੀਆ ਰਾਹੀਂ ਪਤਾ ਲੱਗਾ ਹੈ ਕਿ ਵਾਰਡ ਨੰਬਰ ਪੰਜ ਤੋਂ ਇੱਕ ਔਰਤ ਉਮੀਦਵਾਰ ਦੇ ਕਾਗਜ਼ ਹੋਣ ਦੀ ਘਟਨਾ ਵਾਪਰੀ ਹੈ ਪਰ ਉਸ ਉਮੀਦਵਾਰ ਦੇ ਕਾਗਜ਼ ਸਹੀ ਸਮੇਂ ਉੱਤੇ ਦਾਖਲ ਕਰਵਾ ਦਿੱਤੇ ਗਏ ਸਨ। ਇਸ ਸਬੰਧੀ ਅਗਰ ਕੋਈ ਸ਼ਿਕਾਇਤ ਮਿਲਦੀ ਹੈ ਤਾਂ ਨਿਯਮਾਂ ਮੁਤਾਬਕ ਕਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਪੁਲਿਸ ਵੱਲੋਂ ਕੀਤੇ ਗਏ ਲਾਠੀ ਚਾਰਜ ਸਬੰਧੀ ਉਨ੍ਹਾਂ ਦੱਸਿਆ ਕਿ ਕੁਝ ਸ਼ਰਾਰਤੀ ਵਿਅਕਤੀਆਂ ਨੇ ਸਬ ਡਿਵੀਜ਼ਨ ਕੰਪਲੈਕਸ ਅੰਦਰ ਆ ਕੇ ਹੁੱਲੜਬਾਜ਼ੀ ਕਰਨ ਦੀ ਕੋਸ਼ਿਸ਼ ਕੀਤੀ ਜਿਨਾਂ ਨੂੰ ਖਦੇੜਨ ਲਈ ਪੁਲਿਸ ਨੇ ਹਲਕਾ ਲਾਠੀ ਚਾਰਜ ਕੀਤਾ। ਉਨ੍ਹਾਂ ਦਾਅਵਾ ਕੀਤਾ ਕਿ ਚੋਣਾਂ ਸ਼ਾਂਤੀਪੂਰਵਕ ਨੇਪਰੇ ਚੜ੍ਹਾਉਣ ਲਈ ਪ੍ਰਸ਼ਾਸਨ ਪੂਰੀ ਤਰ੍ਹਾਂ ਵਚਨਬੱਧ ਤੇ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਹੁੱਲੜਬਾਜ਼ੀ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਕਾਂਗਰਸ ਦੇ ਹਲਕਾ ਇੰਚਾਰਜ ਦਰਬਾਰਾ ਸਿੰਘ ਬਣਵਾਲਾ, ਭਾਰਤੀ ਜਨਤਾ ਪਾਰਟੀ ਦੇ ਹਲਕਾ ਇੰਚਾਰਜ ਨਰਾਇਣ ਸਿੰਘ ਨਰਸੋਤ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬਾਬੂ ਕਬੀਰ ਦਾਸ ਨੇ ਵੱਖੋ ਵੱਖਰੇ ਤੌਰ ਉੱਤੇ ਪ੍ਰੈਸ ਕਾਨਫਰੰਸਾਂ ਕਰਕੇ ਸਾਗ ਦੋਸ਼ ਲਗਾਏ ਹਨ ਕਿ ਪਾਤੜਾਂ ਪ੍ਰਸ਼ਾਸਨ ਸੱਤਾਧਾਰੀ ਆਮ ਆਦਮੀ ਪਾਰਟੀ ਵਿਧਾਇਕ ਕੁਲਵੰਤ ਸਿੰਘ ਬਾਜੀਗਰ ਦੇ ਇਸ਼ਾਰਿਆਂ ’ਤੇ ਕੰਮ ਕਰ ਰਿਹਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਨਾਮਜ਼ਦਗੀ ਪੱਤਰਾਂ ਤੋਂ ਪਹਿਲਾਂ ਹੀ ਵਿਧਾਇਕ ਦੀ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈ ਵੀਡੀਓ ਵਿਚ ਦਿੱਤੀ ਗਈ ਧਮਕੀ ਸੱਚ ਕਰ ਦਿਖਾਈ ਹੈ।