ਅਖੀਰਲੇ ਦਿਨ 187 ਉਮੀਦਵਾਰਾਂ ਨੇ ਦਾਖਲ ਕੀਤੇ ਨਾਮਜ਼ਦਗੀ ਪੱਤਰ
ਅਖੀਰਲੇ ਦਿਨ 187 ਉਮੀਦਵਾਰਾਂ ਨੇ ਦਾਖਲ ਕੀਤੇ ਨਾਮਜਦਗੀ ਪੱਤਰ
Publish Date: Sat, 16 May 2026 05:32 PM (IST)
Updated Date: Sat, 16 May 2026 05:33 PM (IST)

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : 26 ਮਈ ਨੂੰ ਹੋਣ ਜਾ ਰਹੀਆਂ ਰਾਜਪੁਰਾ ਨਗਰ ਕੌਂਸਲ ਚੋਣਾਂ ਦੇ ਸਬੰਧ ’ਚ 16 ਮਈ ਨੂੰ ਅਖੀਰਲੇ ਦਿਨ ਤਕ ਐੱਸਡੀਐੱਮ ਕੰਮ ਚੋਣ ਅਧਿਕਾਰੀ ਸੁਖਜਿੰਦਰ ਸਿੰਘ ਟਿਵਾਣਾ ਦੇ ਕੋਲ ਵੱਖ-ਵੱਖ ਪਾਰਟੀਆਂ ਨਾਲ ਸਬੰਧਤ ਅਤੇ ਆਜ਼ਾਦ ਸਣੇ 187 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਐੱਸਡੀਐੱਮ ਕਮ ਚੋਣ ਅਧਿਕਾਰੀ ਸੁਖਜਿੰਦਰ ਸਿੰਘ ਟਿਵਾਣਾ ਨੇ ਦੱਸਿਆ ਕਿ ਅੱਜ ਨਗਰ ਕੌਂਸਲ ਦੇ ਕੌਂਸਲਰ ਦੀ ਚੋਣ ਲੜਨ ਵਾਲੇ 187 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ 18 ਮਈ ਨੂੰ ਦਾਖਲ ਕੀਤੇ ਗਏ ਨਾਮਜ਼ਦਗੀ ਪੱਤਰਾਂ ਦੀ ਜਾਂਚ ਪੜਤਾਲ ਕੀਤੀ ਜਾਵੇਗੀ ਅਤੇ 19 ਮਈ ਨੂੰ ਨਾਮਜ਼ਦਗੀ ਪੱਤਰ ਵਾਪਸ ਲਏ ਜਾ ਸਕਦੇ ਹਨ। ਉਸੇ ਦਿਨ ਸ਼ਾਮ ਨੂੰ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਰਾਜਪੁਰਾ ਨਗਰ ਕੌਂਸਲ ਦੀਆਂ ਚੋਣਾਂ ਪੂਰੇ ਅਮਨਮਾਨ ਨਾਲ ਨੇਪਰੇ ਚੜਾਈ ਜਾਣਗੀਆਂ ਅਤੇ 26 ਮਈ ਨੂੰ ਹੋਣ ਜਾ ਰਹੀਆਂ ਚੋਣਾਂ ਦੇ ਸਬੰਧ ’ਚ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਅੱਜ ਦੇ ਇਸ ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਆਖਰੀ ਦਿਨ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰ ਆਪਣੇ ਆਪਣੇ ਰਾਜਨੀਤਿਕ ਆਗੂਆਂ ਦੇ ਨਾਲ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਦੇ ਲਈ ਪਹੁੰਚੇ। ਅੱਜ ਦੇ ਇਸ ਨਾਮਜ਼ਦਗੀ ਪੱਤਰ ਦਾਖਲ ਕਰਨ ਸਮੇਂ ਜਿਹੜੇ ਉਮੀਦਵਾਰਾਂ ਨੂੰ ਸਬੰਧਤ ਪਾਰਟੀਆਂ ਤੋਂ ਟਿਕਟ ਨਹੀਂ ਮਿਲੀ ਉਹ ਹੋਰਨਾਂ ਪਾਰਟੀਆਂ ਦੇ ਸਿੰਬਲ ਤੋਂ ਆਪਣੀਆਂ ਨਾਮਜ਼ਦਗੀਆਂ ਦਾਖਲ ਕਰਵਾਉਂਦੇ ਆਮ ਦੇਖੇ ਗਏ।