ਕੱਚੇ ਸਫ਼ਾਈ ਸੇਵਕਾਂ ਦੀ ਹੜਤਾਲ ਦੂਜੇ ਦਿਨ ਵੀ ਜਾਰੀ
ਨਗਰ ਕੌਂਸਲ ਦੇ ਕੱਚੇ ਸਫ਼ਾਈ ਸੇਵਕਾਂ ਦੀ ਹੜਤਾਲ ਦੂਜੇ ਦਿਨ ਵੀ ਜਾਰੀ, ਸ਼ਹਿਰ ਵਿੱਚ ਥਾਂ-ਥਾਂ ਲੱਗੇ ਗੰਦਗੀ ਦੇ ਢੇਰ
Publish Date: Thu, 07 May 2026 06:16 PM (IST)
Updated Date: Fri, 08 May 2026 04:12 AM (IST)

ਸ਼ਹਿਰ ’ਚ ਥਾਂ-ਥਾਂ ਲੱਗੇ ਗੰਦਗੀ ਦੇ ਢੇਰ ਅਸ਼ਵਿੰਦਰ ਸਿੰਘ, ਪੰਜਾਬੀ ਜਾਗਰਣ, ਬਨੂੜ : ਮਿਉਂਸੀਪਲ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਅਤੇ ਨਗਰ ਪਾਲਿਕਾ ਕਰਮਚਾਰੀ ਸੰਗਠਨ ਵੱਲੋਂ ਕੱਚੇ ਕਰਮਚਾਰੀਆਂ ਦੀਆਂ ਮੰਗਾਂ ਨੂੰ ਪੂਰਾ ਕਰਵਾਉਣ ਲਈ ਸੂਬੇ ਭਰ ਦੀਆਂ ਨਗਰ ਕੌਂਸਲਾਂ ਵਿੱਚ ਸ਼ੁਰੂ ਕੀਤੀ ਗਈ ਹੜਤਾਲ ਵੀਰਵਾਰ ਨੂੰ ਦੂਜੇ ਦਿਨ ਵੀ ਜਾਰੀ ਰਹੀ। ਇਸ ਹੜਤਾਲ ਦੇ ਚੱਲਦੇ ਸ਼ਹਿਰ ਵਿੱਚ ਥਾਂ-ਥਾਂ ਤੇ ਗੰਦਗੀ ਦੇ ਢੇਰ ਲੱਗਣੇ ਸ਼ੁਰੂ ਹੋ ਗਏ ਹਨ, ਜਿਸ ਨਾਲ ਸ਼ਹਿਰ ਵਾਸੀਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੋਰਾਨ ਕਰਮਚਾਰੀਆਂ ਨੇ ਸੂਬਾ ਸਰਕਾਰ ਵਿਰੁੱਧ ਜਮ ਕੇ ਨਾਅਰੇਬਾਜ਼ੀ ਕੀਤੀ। ਹੜਤਾਲੀ ਕਰਮਚਾਰੀਆਂ ਨੂੰ ਸਮਰਥਨ ਦੇਣ ਲਈ ਕੌਂਸਲ ਪ੍ਰਧਾਨ ਜਗਤਾਰ ਸਿੰਘ ਕੰਬੋਜ ਆਪਣੀ ਟੀਮ ਨਾਲ ਪੁੱਜੇ ਜਿਨ੍ਹਾਂ ਕਰਮਚਾਰੀਆਂ ਦੀਆਂ ਮੰਗਾਂ ਨੂੰ ਪੂਰਾ ਕਰਵਾੳਣ ਲਈ ਹਰ ਤਰ੍ਹਾਂ ਦਾ ਸਮਰਥਨ ਦੇਣ ਦਾ ਵਾਅਦਾ ਕੀਤਾ। ਧਰਨੇ ਨੂੰ ਸੰਬੋਧਨ ਕਰਦਿਆਂ ਸਫਾਈ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਰੋਹਿਤ ਕੁਮਾਰ ਨਿੱਕੂ ਤੇ ਰਿੰਕੂ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਸੱਤਾ ਵਿੱਚ ਆਉਣ ਤੋਂ ਪਹਿਲਾਂ ਕੱਚੇ ਮੁਲਾਜ਼ਮਾਂ ਨਾਲ ਵਾਅਦਾ ਕੀਤਾ ਗਿਆ ਸੀ ਕਿ ਸੂਬੇ ਵਿੱਚ ਆਮ ਆਦਮੀ ਦੀ ਸਰਕਾਰ ਬਣਦੇ ਹੀ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇਗਾ। ਪਰ ਇਸ ਸਰਕਾਰ ਬਣੀ ਨੂੰ ਸਾਢੇ ਚਾਰ ਸਾਲ ਤੋਂ ਉੱਪਰ ਦਾ ਸਮਾਂ ਬੀਤ ਗਿਆ ਹੈ ਪਰ ਸਰਕਾਰ ਨੇ ਉਨਾਂ ਬਾਰੇ ਕੁਝ ਨਹੀ ਸੋਚਿਆ। ਜਿਸ ਦੇ ਚਲਦੇ ਕੱਚੇ ਮੁਲਾਜ਼ਮ ਇਸ ਮਹਿੰਗਾਈ ਦੇ ਦੌਰ ਵਿੱਚ ਨਿਗੂਣੀਆਂ ਤਨਖਾਹਾਂ ਤੇ ਆਪਣੇ ਘਰਾਂ ਦਾ ਗੁਜਾਰਾ ਚਲਾਉਣ ਲਈ ਮਜਬੂਰ ਹਨ। ਯੂਨੀਅਨ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਉਹਨਾਂ ਦੀਆਂ ਮੁੱਖ ਮੰਗਾਂ ਜਿਵੇਂ ਕਿ ਆਊਟ ਸੋਰਸ ਅਤੇ ਠੇਕਾ ਪ੍ਰਣਾਲੀ ਨੂੰ ਬੰਦ ਕਰਕੇ ਡਾਟਾ ਐਂਟਰੀ ਪ੍ਰਣਾਲੀ ਤਹਿਤ ਰੈਗੂਲਰ ਮੁਲਾਜ਼ਮ ਭਰਤੀ ਕਰਨ, ਸ਼ਹਿਰ ਦੀਆਂ ਸੀਟਾਂ ਅਨੁਸਾਰ ਮੁਲਜ਼ਮ ਭਰਤੀ ਕੀਤੇ ਜਾਣ, ਤਨਖ਼ਾਹ ਸਮੇਂ ਸਿਰ ਦਿੱਤੀ ਜਾਵੇ, ਕੌਂਸਲ ਕਾਮਿਆਂ ਦੀ ਤਨਖਾਹ ਸੂਬਾ ਸਰਕਾਰ ਦੇ ਖਾਤੇ ’ਚੋਂ ਦਿੱਤੀ ਜਾਵੇ, ਕੌਂਸਲ ਮੁਲਾਜ਼ਮਾਂ ਨੂੰ ਪਾਣੀ ਤੇ ਸੀਵਰੇਜ ਦੇ ਬਿੱਲ ਮੁਆਫ਼ ਕੀਤੇ ਜਾਣ ਆਦਿ ਮੰਗਾਂ ਨੂੰ ਪੂਰਾ ਨਹੀਂ ਕੀਤਾ ਜਾਂਦਾ ਉਦੋਂ ਤੱਕ ਹੜਤਾਲ ਜਾਰੀ ਰਹੇਗੀ। ਇਸ ਮੌਕੇ ਮੁਕੇਸ਼ ਕੁਮਾਰ, ਬੀਰ ਚੰਦ, ਬਿਕਰਮਜੀਤ ਵਿੱਕੀ, ਰਿੱਕੀ ਕੁਮਾਰ, ਕੁਲਵੰਤ ਸਿੰਘ, ਹਨੀ ਕੁਮਾਰ, ਅਭਿਸ਼ੇਕ ਕੁਮਾਰ, ਦਲੀਪ ਚੰਦ, ਕੁਲਦੀਪ, ਜਸਪਾਲ,ਰਾਹੂਲ ਸਮੇਤ ਸਟਾਫ ਮੌਜੂਦ ਸੀ।