ਮੰਗਾਂ ਨੂੰ ਲੈ ਕੇ ਨਗਰ ਕੌਂਸਲ ਮੁਲਾਜ਼ਮਾਂ ਦੀ ਹੜਤਾਲ ਤੀਜੇ ਦਿਨ ਵੀ ਜਾਰੀ
ਮੰਗਾਂ ਨੂੰ ਲੈ ਕੇ ਨਗਰ ਕੌਂਸਲ ਮੁਲਾਜ਼ਮਾਂ ਦੀ ਹੜਤਾਲ ਤੀਜੇ ਦਿਨ ਵੀ ਜਾਰੀ
Publish Date: Fri, 08 May 2026 07:16 PM (IST)
Updated Date: Fri, 08 May 2026 07:17 PM (IST)

ਫ਼ੋਟੋ ਫ਼ਾਈਲ : 28 ਹੜਤਾਲ ਦੌਰਾਨ ਨਗਰ ਕੌਂਸਲ ਮੁਲਾਜ਼ਮ ਨਾਅਰੇਬਾਜ਼ੀ ਕਰਦੇ ਹੋਏ। ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਨਗਰ ਮਜ਼ਦੂਰ ਐਂਡ ਕਰਮਚਾਰੀ ਕੌਂਸਲ ਸਫਾਈ ਯੂਨੀਅਨ ਮੰਡੀ ਗੋਬਿੰਦਗੜ੍ਹ, ਸਫਾਈ ਸੇਵਕ ਯੂਨੀਅਨ ਪੰਜਾਬ, ਸੀਵਰਮੈਨ ਯੂਨੀਅਨ ਅਤੇ ਸਮੂਹ ਨਗਰ ਕੌਂਸਲ ਯੂਨੀਅਨਾਂ ਵੱਲੋਂ ਸਾਂਝੇ ਤੌਰ ’ਤੇ ਆਪਣੀਆਂ ਮੰਗਾਂ ਨੂੰ ਲੈ ਕੇ ਵਿੱਢੀ ਸੂਬਾ ਪੱਧਰੀ ਕੰਮ ਛੋੜ ਹੜਤਾਲ ਤੀਜੇ ਦਿਨ ਵੀ ਜਾਰੀ ਰਹੀ। ਇਸ ਦੌਰਾਨ ਨਗਰ ਕੌਂਸਲ ਗੇਟ ਅੱਗੇ ਵੱਡੀ ਗਿਣਤੀ ’ਚ ਇਕੱਤਰ ਹੋਏ ਵੱਖ-ਵੱਖ ਯੂਨੀਅਨਾਂ ਦੇ ਵਰਕਰਾਂ ਨੇ ਪੰਜਾਬ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਰੋਸ ਧਰਨਾ ਦਿੱਤਾ। ਧਰਨੇ ਨੂੰ ਸੰਬੋਧਨ ਕਰਦਿਆਂ ਯੂਨੀਅਨ ਪ੍ਰਧਾਨ ਰਜਿੰਦਰ ਗਾਗਟ ਅਤੇ ਚੇਅਰਮੈਨ ਪਵਨ ਕੁਮਾਰ ਪੰਮੀ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਅਣਦੇਖੀ ਅਤੇ ਰੋਜ਼ਾਨਾ ਦੇ ਲਾਰਿਆਂ ਤੋਂ ਖ਼ਫ਼ਾ ਹੋ ਕੇ ਸੂਬਾ ਭਰ ਦੀਆਂ ਜਥੇਬੰਦੀਆਂ ਸੜਕਾਂ ’ਤੇ ਉਤਰਨ ਲਈ ਮਜਬੂਰ ਹੋਈਆਂ ਹਨ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਰਕਾਰ ਮੰਗਾਂ ਪੂਰੀਆਂ ਨਹੀਂ ਕਰਦੀ ਅਤੇ ਕੱਚੇ ਮਜ਼ਦੂਰਾਂ ਨੂੰ ਪੱਕੇ ਕਰਨ ਦਾ ਲਿਖਤੀ ਨੋਟੀਫਿਕੇਸ਼ਨ ਜਾਰੀ ਨਹੀਂ ਕਰਦੀ, ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਦੋਸ਼ ਲਾਇਆ ਕਿ ਪਿਛਲੇ 4 ਸਾਲਾਂ ਦੌਰਾਨ ਸਰਕਾਰ ਨੇ ਯੂਨੀਅਨਾਂ ਨਾਲ ਕਈ ਮੀਟਿੰਗਾਂ ਤਾਂ ਕੀਤੀਆਂ ਪਰ ਮੰਗਾਂ ਦਾ ਕੋਈ ਠੋਸ ਹੱਲ ਨਹੀਂ ਕੱਢਿਆ। ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਐਕਸ਼ਨ ਕਮੇਟੀ ਅਨੁਸਾਰ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ, ਬਰਾਬਰ ਕੰਮ ਬਰਾਬਰ ਤਨਖਾਹ ਦੇਣ ਅਤੇ ਪੁਰਾਣੀ ਪੈਨਸ਼ਨ ਬਹਾਲ ਕਰਨ ਵਰਗੀਆਂ ਮੰਗਾਂ ਦਾ ਨਿਪਟਾਰਾ ਜਲਦ ਨਾ ਕੀਤਾ ਗਿਆ ਤਾਂ ਇਹ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਮੀਤ ਪ੍ਰਧਾਨ ਸੰਦੀਪ ਕੁਮਾਰ, ਅਕਾਸ਼ ਕੁਮਾਰ ਸੈਕਟਰੀ, ਸੋਮਪਾਲ, ਰਜੇਸ਼ ਕੁਮਾਰ ਪ੍ਰਧਾਨ, ਸੁਰਿੰਦਰ ਕੁਮਾਰ ਚੇਅਰਮੈਨ, ਜੋਗਿੰਦਰ ਪਾਲ ਵਾਈਸ ਪ੍ਰਧਾਨ, ਸੰਜੀਵ ਕੁਮਾਰ ਪ੍ਰਧਾਨ, ਹਰਦੀਪ ਵਾਈਸ ਪ੍ਰਧਾਨ, ਅਨਿਲ ਕੁਮਾਰ ਚੇਅਰਮੈਨ, ਵਿਨੋਦ ਕੁਮਾਰ, ਇਸਲਾਮਦੀਨ ਬਾਵਾ ਪ੍ਰਧਾਨ ਸਮੇਤ ਵੱਡੀ ਗਿਣਤੀ ’ਚ ਵਰਕਰ ਮੌਜੂਦ ਸਨ।