50 ਹਜ਼ਾਰ ਰੁਪਏ ਲੁੱਟ ਕੇ ਦੋ ਮੋਟਰਸਾਈਕਲ ਸਵਾਰ ਫਰਾਰ
50 ਹਜ਼ਾਰ ਰੁਪਏ ਲੁੱਟਕੇ, ਦੋ ਮੋਟਰਸਾਈਕਲ ਸਵਾਰ ਫਰਾਰ
Publish Date: Wed, 08 Apr 2026 06:20 PM (IST)
Updated Date: Wed, 08 Apr 2026 06:23 PM (IST)

ਕਰਮਵੀਰ ਸਿੰਘ ਮਰਦਾਂਪੁਰ, ਪੰਜਾਬੀ ਜਾਗਰਣ, ਘਨੌਰ : ਥਾਣਾ ਸੰਭੂ ਅਧੀਨ ਪੈਂਦੇ ਇਲਾਕੇ ਵਿਚ ਖੋਹ ਦੀ ਘਟਨਾ ਸਾਹਮਣੇ ਆਈ ਹੈ। ਪਿੰਡ ਖੇੜੀ ਗੁਰਨਾ ਵਿਚ ਇੰਟਰਲਾਕ ਟਾਈਲਾਂ ਲਗਾਉਣ ਦਾ ਕੰਮ ਕਰ ਰਹੇ ਇਕ ਮਜ਼ਦੂਰ ਤੋਂ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਚਾਕੂ ਦੀ ਨੋਕ ’ਤੇ 50 ਹਜ਼ਾਰ ਰੁਪਏ ਲੁੱਟ ਲਏ ਅਤੇ ਮੌਕੇ ਤੋਂ ਫਰਾਰ ਹੋ ਗਏ। ਜਾਣਕਾਰੀ ਅਨੁਸਾਰ ਅਨੋਜ ਬੈਠਾ ਵਾਸੀ ਪਿੰਡ ਚੰਪਾਪੁਰ ਨੇ ਥਾਣਾ ਸੰਭੂ ਵਿਖੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਹ ਇਨ੍ਹਾਂ ਦਿਨਾਂ ਪਿੰਡ ਖੇੜੀ ਗੁਰਨਾ ਵਿਚ ਇੰਟਰਲਾਕ ਟਾਈਲਾਂ ਲਗਾਉਣ ਦਾ ਕੰਮ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮਿਤੀ 6 ਅਪ੍ਰੈਲ ਨੂੰ ਉਹ ਠੇਕੇਦਾਰ ਨਰੇਸ਼ ਸ਼ਾਹ ਤੋਂ ਲੇਬਰ ਦੇ 50 ਹਜ਼ਾਰ ਰੁਪਏ ਲੈ ਕੇ ਆਪਣੇ ਕਿਰਾਏ ਦੇ ਘਰ ਵੱਲ ਪਿੰਡ ਖੇੜੀ ਗੁਰਨਾ ਜਾ ਰਿਹਾ ਸੀ। ਜਦੋਂ ਉਹ ਸੁਖਦੇਵ ਯੂ.ਕੇ. ਢਾਬੇ ਨੇੜੇ, ਬਾਹੱਦ ਪਿੰਡ ਬਾਸਮਾ ਦੇ ਕੋਲ ਪਹੁੰਚਿਆ ਤਾਂ ਮੋਟਰਸਾਈਕਲ ’ਤੇ ਆਏ ਦੋ ਵਿਅਕਤੀਆਂ ਨੇ ਉਸ ਨੂੰ ਰੋਕ ਲਿਆ। ਸ਼ਿਕਾਇਤਕਰਤਾ ਮੁਤਾਬਕ ਦੋਵਾਂ ਨੇ ਚਾਕੂ ਦਿਖਾ ਕੇ ਉਸ ਨੂੰ ਡਰਾ-ਧਮਕਾ ਕੇ ਉਸ ਦੇ ਕੋਲੋਂ 50 ਹਜ਼ਾਰ ਰੁਪਏ ਖੋਹ ਲਏ ਅਤੇ ਮੌਕੇ ਤੋਂ ਭੱਜ ਗਏ। ਦੌਰਾਨ ਗੱਲਬਾਤ ਕਰਦੇ ਹੋਏ ਦੋਵਾਂ ਦੇ ਨਾਮ ਇਕਬਾਲ ਅਤੇ ਨਵਜੀਤ ਸਿੰਘ ਹੋਣ ਦਾ ਪਤਾ ਲੱਗਿਆ, ਹਾਲਾਂਕਿ ਉਹਨਾਂ ਦਾ ਪੂਰਾ ਪਤਾ ਅਜੇ ਮਾਲੂਮ ਨਹੀਂ ਹੋ ਸਕਿਆ। ਪੀੜਤ ਨੇ ਇਸ ਸਬੰਧੀ ਥਾਣਾ ਸੰਭੂ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਦੋਸ਼ੀਆਂ ਦੀ ਤਲਾਸ਼ ਜਾਰੀ ਹੈ।