ਵਣ ਵਿਭਾਗ ਦੀ ਲੱਖਾਂ ਦੀ ਲੱਕੜ ਨੂੰ ਖਾ ਰਿਹਾ ਘੁਣ
ਵਣ ਵਿਭਾਗ ਦੀ ਲੱਖਾਂ ਦੀ ਲੱਕੜ ਨੂੰ ਖਾ ਰਿਹਾ ਘੁਣ
Publish Date: Thu, 28 May 2026 05:12 PM (IST)
Updated Date: Fri, 29 May 2026 04:05 AM (IST)

ਕੱਟੇ ਦਰੱਖਤ ਹੋ ਰਹੇ ਨੇ ਗਾਇਬ, ਸਰਕਾਰ ਨੂੰ ਲੱਗ ਰਿਹਾ ਹੈ ਲੱਖਾ ਦਾ ਚੂਨਾ ਸੱਤਪਾਲ ਸਿੰਘ ਕਾਲਾਬੂਲਾ, ਪੰਜਾਬੀ ਜਾਗਰਣ, ਸ਼ੇਰਪੁਰ : ਸ਼ੇਰਪੁਰ-ਅਲਾਲ ਰੋਡ ਤੇ ਹੋਰ ਇਲਾਕੇ ਦੀਆਂ ਸੜਕਾਂ ਦੇ ਆਲੇ-ਦੁਆਲੇ ਵਣ ਵਿਭਾਗ ਵੱਲੋਂ ਕੱਟ ਕੇ ਰੱਖੇ ਗਏ ਲੱਖਾਂ ਰੁਪਏ ਦੇ ਦਰੱਖਤਾਂ ਨੂੰ ਅੱਜ ਕੱਲ੍ਹ ਘੁਣ ਖਾ ਰਿਹਾ ਹੈ। ਜਾਣਕਾਰੀ ਅਨੁਸਾਰ ਸ਼ੇਰਪੁਰ ਤੋਂ ਅਲਾਲ ਰੋਡ ਦੀਆਂ ਦੋਵੇਂ ਸਾਈਡਾਂ ਉੱਪਰ ਤੇਜ਼ ਹਨੇਰੀਆਂ ਦੌਰਾਨ ਟੁੱਟ ਚੁੱਕੇ ਦਰੱਖਤਾਂ ਨੂੰ ਵਣ ਵਿਭਾਗ ਨੇ ਮੁੜ ਚੁੱਕਣਾ ਮੁਨਾਸਬ ਨਹੀਂ ਸਮਝਿਆ। ਕਈ-ਕਈ ਸਾਲਾਂ ਤੋਂ ਸੜਕਾਂ ਕਿਨਾਰੇ ਪਏ ਇਹ ਦਰੱਖਤ ਜਿੱਥੇ ਕਿਤੇ ਨਾ ਕਿਤੇ ਰਾਹਗੀਰਾਂ ਲਈ ਵੱਡੀ ਸਿਰਦਰਦੀ ਬਣੇ ਹੋਏ ਹਨ, ਉਥੇ ਅਨੇਕ ਦਰੱਖਤ ਉਥੋਂ ਲਗਾਤਾਰ ਗਾਇਬ ਵੀ ਹੋ ਰਹੇ ਹਨ। ਪਰੰਤੂ ਸਬੰਧਤ ਵਿਭਾਗ ਇਨ੍ਹਾਂ ਲੱਖਾਂ ਰੁਪਏ ਦੇ ਬਰਬਾਦ ਹੋ ਰਹੇ ਦਰੱਖਤਾਂ ਨੂੰ ਚੁੱਕਣ ਦੀ ਬਜਾਏ ਅੱਖਾਂ ਮੀਚ ਕੇ ਇਹ ਸਭ ਕੁਝ ਦੇਖ ਰਿਹਾ ਹੈ। ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਜਿੱਥੇ ਇਸ ਰੋਡ ਉੱਪਰ ਲਗਾਤਾਰ ਰੁੱਖਾਂ ਦੀ ਗਿਣਤੀ ਘੱਟਦੀ ਨਜ਼ਰ ਆ ਰਹੀ ਹੈ ਉੱਥੇ ਬਹੁਤੇ ਖੇਤਾਂ ਵਾਲੇ ਵੱਲੋਂ ਹਰੇ-ਭਰੇ ਰੁੱਖਾਂ ਦੇ ਆਲੇ-ਦੁਆਲੇ ਕੰਡਿਆਲੀ ਤਾਰ ਫੇਰ ਕੇ ਉਨ੍ਹਾਂ ਤੋਂ ਚਾਰ ਦੁਵਾਰੀ ਦਾ ਵੀ ਕੰਮ ਲਿਆ ਜਾ ਰਿਹਾ ਹੈ ਜੋ ਕਿ ਬਿਲਕੁਲ ਗੈਰ ਕਾਨੂੰਨੀ ਹੈ। ਵਾਤਾਵਰਨ ਪ੍ਰੇਮੀਆਂ ਦਾ ਕਹਿਣਾ ਹੈ ਕਿ ਮਹਿਕਮਾ ਰੁੱਖਾਂ ਦੀ ਸਾਂਭ ਸੰਭਾਲ ਪ੍ਰਤੀ ਵੀ ਗੰਭੀਰਤਾ ਨਹੀਂ ਦਿਖਾ ਰਿਹਾ। ਇਸ ਕਰਕੇ ਰੋਜ਼ਾਨਾ ਲੋਕਾਂ ਵੱਲੋਂ ਹਰੇ-ਭਰੇ ਰੁੱਖਾਂ ’ਤੇ ਵੀ ਕੁਹਾੜਾ ਚਲਾਇਆ ਜਾ ਰਿਹਾ ਹੈ। ਜਿਸ ਦੇ ਸਿੱਟੇ ਵਜੋਂ ਕਿਸੇ ਸਮੇਂ ਹਰਿਆਵਲੀ ਤੇ ਠੰਡੀ ਸੜਕ ਦੇ ਨਾਮ ਨਾਲ ਜਾਣਿਆ ਜਾਂਦਾ ਇਹ ਰੋਡ ਅੱਜ-ਕੱਲ੍ਹ ਦਰੱਖਤਾਂ ਦੀ ਵੱਡੀ ਘਾਟ ਦਾ ਸ਼ਿਕਾਰ ਹੋ ਰਿਹਾ ਹੈ। ਨੌਜਵਾਨ ਆਗੂ ਰਾਮਦਾਸ ਬਿੱਟੂ, ਹੋਪ ਫਾਰ ਮਹਿਲਕਲਾਂ ਦੇ ਇੰਚਾਰਜ ਕੁਲਵੰਤ ਸਿੰਘ ਟਿੱਬਾ, ਵਾਤਾਵਰਨ ਪ੍ਰੇਮੀ ਸੰਦੀਪ ਗਰੇਵਾਲ, ਸਰਪੰਚ ਰਣਜੀਤ ਸਿੰਘ ਕਾਲਾਬੂਲਾ, ਸਾਬਕਾ ਸੰਮਤੀ ਮੈਂਬਰ ਬਲਦੇਵ ਸਿੰਘ ਘਨੌਰੀ ਤੋਂ ਇਲਾਵਾ ਇਲਾਕਾ ਵਾਸੀਆਂ ਦੀ ਸਰਕਾਰ ਤੇ ਵਣ ਵਿਭਾਗ ਤੋਂ ਮੰਗ ਹੈ ਕਿ ਜਿੱਥੇ ਸੜਕ ਦੇ ਦੋਵਾਂ ਕਿਨਾਰੇ ਉੱਪਰ ਵੱਧ ਤੋਂ ਵੱਧ ਰੁੱਖ ਲਗਾਏ ਜਾਣ ਉਥੇ ਲੰਮੇਂ ਸਮੇਂ ਤੋਂ ਕਿਸਾਨਾਂ ਤੇ ਆਮ ਲੋਕਾਂ ਲਈ ਸਿਰਦਾਰਦੀ ਬਣੇ ਕੱਟੇ ਰੁੱਖਾਂ ਨੂੰ ਤੁਰੰਤ ਚੁੱਕਿਆ ਜਾਵੇ। ਕੱਟੇ ਗਏ ਰੁੱਖਾਂ ਨੂੰ ਜਲਦ ਹੀ ਚੁਕਵਾਇਆ ਜਾਵੇਗਾ : ਫੋਰੈਸਟ ਗਾਰਡ ਵਣ ਵਿਭਾਗ ਦੀ ਫੋਰੈਸਟ ਗਾਰਡ ਪ੍ਰਵੀਨ ਕੁਮਾਰੀ ਨੇ ਕਿਹਾ ਹੈ ਕਿ ਹਾਈ ਕੋਰਟ ਦੀਆਂ ਹਦਾਇਤਾਂ ਅਨੁਸਾਰ ਭਾਵੇਂ ਅਜੇ ਉਹ ਕਿਸੇ ਰੁੱਖ ਨੂੰ ਕੱਟ ਨਹੀਂ ਸਕਦੇ ਪਰੰਤੂ ਉਨ੍ਹਾਂ ਦੁਆਰਾ ਹੁਣ ਲਿਸਟਾਂ ਤਿਆਰ ਕੀਤੀਆਂ ਗਈਆਂ ਹਨ। ਜਿਹੜੇ ਮਹਿਕਮੇ ਦੇ ਕੱਟੇ ਹੋਏ ਦਰੱਖਤ ਸੜਕਾਂ ਕਿਨਾਰੇ ਪਏ ਹਨ ਉਨ੍ਹਾਂ ਨੂੰ ਜਲਦ ਉਠਾਇਆ ਜਾਵੇਗਾ ਤੇ ਸੁੱਕੇ ਦਰੱਖਤਾਂ ਦੀ ਜਗ੍ਹਾ ਹਰੇ-ਭਰੇ ਰੁੱਖਾ ਨੂੰ ਜਲਦ ਲਗਾਇਆ ਜਾਵੇਗਾ। ਦੂਜਾ ਕਿਸੇ ਵੀ ਵਿਅਕਤੀ ਨੂੰ ਰੁੱਖਾਂ ਦੇ ਆਲੇ-ਦੁਆਲੇ ਕੰਡਿਆਲੀ ਤਾਰ ਫੇਰਨ ਦਾ ਕੋਈ ਅਧਿਕਾਰ ਨਹੀਂ।