ਐੱਸਡੀ ਮਾਡਲ ਸਕੂਲ ’ਚ ਮਾਂ ਦਿਵਸ ਉਤਸ਼ਾਹ ਨਾਲ ਮਨਾਇਆ
ਐੱਸਡੀ ਮਾਡਲ ਸਕੂਲ ’ਚ ਮਾਂ ਦਿਵਸ ਉਤਸ਼ਾਹ ਨਾਲ ਮਨਾਇਆ
Publish Date: Fri, 08 May 2026 06:23 PM (IST)
Updated Date: Fri, 08 May 2026 06:26 PM (IST)

ਮੁਕੇਸ਼ ਘਈ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਐੱਸਡੀ ਮਾਡਲ ਸਕੂਲ ਮੰਡੀ ਗੋਬਿੰਦਗੜ੍ਹ ਵਿਖੇ ਮਾਂ ਦਿਵਸ ਮਨਾਇਆ ਗਿਆ। ਇਸ ਵਿਸ਼ੇਸ਼ ਮੌਕੇ ’ਤੇ ਵਿਦਿਆਰਥੀਆਂ ਦੀਆਂ ਮਾਤਾਵਾਂ ਨੂੰ ਸੱਦਾ ਦਿੱਤਾ ਗਿਆ ਸੀ, ਜਿਨ੍ਹਾਂ ਦੇ ਸਨਮਾਨ ’ਚ ਵਿਦਿਆਰਥੀਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ’ਚ ਸਕੂਲ ਪ੍ਰਿੰਸੀਪਲ ਅਰਚਨਾ ਗੁਪਤਾ ਨੇ ਆਪਣੇ ਸੰਬੋਧਨ ’ਚ ਸਮੂਹ ਮਾਤਾਵਾਂ ਨੂੰ ਜੀ ਆਇਆਂ ਨੂੰ ਕਿਹਾ ਅਤੇ ਬੱਚਿਆਂ ਦੇ ਜੀਵਨ ’ਚ ਮਾਤਾਵਾਂ ਦੇ ਅਹਿਮ ਰੋਲ ਬਾਰੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਮਾਤਾਵਾਂ ਪਰਿਵਾਰ ਦੀ ਨੀਂਹ ਹੁੰਦੀਆਂ ਹਨ ਅਤੇ ਉਨ੍ਹਾਂ ਦੀ ਮਿਹਨਤ ਤੇ ਪਿਆਰ ਨਾਲ ਹੀ ਇੱਕ ਚੰਗੇ ਸਮਾਜ ਦੀ ਸਿਰਜਣਾ ਹੁੰਦੀ ਹੈ। ਵਿਦਿਆਰਥੀਆਂ ਨੇ ਆਪਣੀਆਂ ਮਾਤਾਵਾਂ ਲਈ ਸੁੰਦਰ ਕਵਿਤਾਵਾਂ, ਕੋਰੀਓਗ੍ਰਾਫੀ ਅਤੇ ਗੀਤ ਪੇਸ਼ ਕੀਤੇ। ਇਸ ਮੌਕੇ ਮਾਤਾਵਾਂ ਲਈ ਸਕੂਲ ਵੱਲੋਂ ਖਾਸ ਪ੍ਰਬੰਧ ਕੀਤੇ ਗਏ ਸਨ। ਪ੍ਰੋਗਰਾਮ ਦਾ ਮੁੱਖ ਆਕਰਸ਼ਣ ਮਾਤਾਵਾਂ ਲਈ ਕਰਵਾਏ ਗਏ ਡਾਂਸ ਮੁਕਾਬਲੇ, ਗਿੱਧਾ ਅਤੇ ਕੁਝ ਮਨੋਰੰਜਕ ਖੇਡਾਂ ਸਨ, ਜਿਨ੍ਹਾਂ ’ਚ ਸਾਰੀਆਂ ਮਾਤਾਵਾਂ ਨੇ ਬਹੁਤ ਹੀ ਚਾਅ ਨਾਲ ਹਿੱਸਾ ਲਿਆ। ਅੰਤ ’ਚ ਪ੍ਰਿੰਸੀਪਲ ਅਰਚਨਾ ਗੁਪਤਾ ਨੇ ਸਮੂਹ ਮਾਤਾਵਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਾਤਾਵਾਂ ਪਰਿਵਾਰ ਦੀ ਰੂਹ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਅੱਜ ਦੇ ਰੁਝੇਵਿਆਂ ਭਰੇ ਜੀਵਨ ’ਚ ਅਜਿਹੇ ਪ੍ਰੋਗਰਾਮ ਮਾਤਾਵਾਂ ਨੂੰ ਕੁਝ ਪਲ ਖੁਸ਼ੀ ਦੇ ਪ੍ਰਦਾਨ ਕਰਦੇ ਹਨ। ਉਨ੍ਹਾਂ ਨੇ ਗਿੱਧੇ ਅਤੇ ਡਾਂਸ ’ਚ ਹਿੱਸਾ ਲੈਣ ਵਾਲੀਆਂ ਸਾਰੀਆਂ ਮਾਤਾਵਾਂ ਦੀ ਭਰਪੂਰ ਸ਼ਲਾਘਾ ਕੀਤੀ। ਪ੍ਰਿੰਸੀਪਲ ਵੱਲੋਂ ਜੇਤੂ ਮਾਤਾਵਾਂ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।