ਵਿਧਾਇਕ ਰਾਏ ਵੱਲੋਂ ਡਿਫੈਂਸ ਬੰਨ੍ਹ ਰੋਡ ’ਤੇ ਪ੍ਰੀਮਿਕਸ ਪਾਉਣ ਦੇ ਕੰਮ ਦੀ ਸ਼ੁਰੂਆਤ
ਵਿਧਾਇਕ ਰਾਏ ਵੱਲੋਂ ਡਿਫੈਂਸ ਬੰਨ ਰੋਡ ’ਤੇ ਪ੍ਰੀਮਿਕਸ ਪਾਉਣ ਦੇ ਕੰਮ ਦੀ ਸ਼ੁਰੂਆਤ
Publish Date: Sun, 03 May 2026 04:50 PM (IST)
Updated Date: Sun, 03 May 2026 04:53 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਰਹਿੰਦ : ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਵੱਲੋਂ ਡਿਫੈਂਸ ਬੰਨ੍ਹ ਰੋਡ ’ਤੇ ਪ੍ਰੀਮਿਕਸ ਪਾਉਣ ਦੇ ਕੰਮ ਦਾ ਰਿਬਨ ਕੱਟ ਕੇ ਉਦਘਾਟਨ ਕੀਤਾ ਗਿਆ। ਇਸ ਮੌਕੇ ਲਖਬੀਰ ਸਿੰਘ ਰਾਏ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ 16 ਹਜ਼ਾਰ ਕਰੋੜ ਤੋਂ ਵੱਧ ਦੇ ਬਜਟ ਨਾਲ ਸੂਬੇ ਦੀਆਂ 44,920 ਕਿਲੋਮੀਟਰ ਸੜਕਾਂ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੜਕਾਂ ਦਾ ਨਿਰਮਾਣ ਕਰਨ ਵਾਲੇ ਠੇਕੇਦਾਰਾਂ ਨੂੰ 5 ਸਾਲ ਲਈ ਰੱਖ-ਰਖਾਅ ਦੀ ਜ਼ਿੰਮੇਵਾਰੀ ਵੀ ਸੌਂਪੀ ਗਈ ਹੈ ਤਾਂ ਜੋ ਕੰਮ ਦੀ ਗੁਣਵੱਤਾ ਬਣੀ ਰਹੇ। ਉਨ੍ਹਾਂ ਪਿਛਲੀਆਂ ਸਰਕਾਰਾਂ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਪਹਿਲਾਂ ਸੜਕਾਂ ਬਣਨ ਤੋਂ ਤੁਰੰਤ ਬਾਅਦ ਟੁੱਟ ਜਾਂਦੀਆਂ ਸਨ ਪਰ ਹੁਣ ਅਜਿਹਾ ਨਹੀਂ ਹੋਵੇਗਾ। ਵਿਧਾਇਕ ਨੇ ਸਖ਼ਤ ਤਾੜਨਾ ਕੀਤੀ ਕਿ ਕੰਮ ਦੀ ਗੁਣਵੱਤਾ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ ਤੇ ਮਾੜਾ ਮਟੀਰੀਅਲ ਵਰਤਣ ਵਾਲੇ ਠੇਕੇਦਾਰਾਂ ਵਿਰੁੱਧ ਕਾਰਵਾਈ ਹੋਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਹ ਸਾਰਾ ਕੰਮ ਆਪਣੇ ਬਜਟ ’ਚੋਂ ਕਰਵਾ ਰਹੀ ਹੈ ਅਤੇ ਕੇਂਦਰ ਦੇ ਭਰੋਸੇ ਨਹੀਂ ਹੈ। ਉਨ੍ਹਾਂ ਵਾਰਡ ਇੰਚਾਰਜਾਂ ਨੂੰ ਕੰਮ ਦੀ ਨਿਗਰਾਨੀ ਕਰਨ ਦੀ ਹਦਾਇਤ ਕਰਦਿਆਂ ਕਿਹਾ ਕਿ ਕਿਸੇ ਵੀ ਸ਼ਿਕਾਇਤ ਦੀ ਸੂਰਤ ’ਚ ਅਧਿਕਾਰੀਆਂ ਨੂੰ ਸੂਚਿਤ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਡਿਫੈਂਸ ਬੰਨ ਰੋਡ ਸਰਹਿੰਦ ਦੇ ਵਾਰਡ ਨੰਬਰ 17 ਅਤੇ 18 ਦੀ ਸਾਂਝੀ ਸੜਕ ਹੈ, ਜਿਸ ਦੇ ਬਣਨ ਨਾਲ ਸ਼ਹਿਰ ਵਾਸੀਆਂ ਨੂੰ ਟਰੈਫ਼ਿਕ ਦੀ ਸਮੱਸਿਆ ਤੋਂ ਨਿਜਾਤ ਮਿਲੇਗੀ। ਇਸ ਮੌਕੇ ਵਾਰਡ ਇੰਚਾਰਜ ਸਨੀ ਚੋਪੜਾ ਅਤੇ ਦਵਿੰਦਰ ਸਿੰਘ ਵੱਲੋਂ ਵਿਧਾਇਕ ਲਖਬੀਰ ਸਿੰਘ ਰਾਏ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਦੌਰਾਨ ਪ੍ਰਿਤਪਾਲ ਜੱਸੀ, ਬਹਾਦਰ ਖਾਨ, ਡਾ. ਸੁਨੀਤ ਕੁਮਾਰ, ਬਾਬਾ ਹਰੀ ਸਿੰਘ ਮਿਸਤਰੀ, ਹਰਬੰਸ ਸਿੰਘ, ਨੰਬਰਦਾਰ ਜਗਰੂਪ ਸਿੰਘ, ਐਡਵੋਕੇਟ ਹਰਕਮਲ ਸਿੰਘ, ਅਮਨਦੀਪ ਸਿੰਘ, ਰਜੇਸ਼ ਉੱਪਲ, ਮਨਦੀਪ ਪੋਲਾ, ਸਤੀਸ਼ ਲਟੌਰ ਅਤੇ ਮਾਨਵ ਟਿਵਾਣਾ ਸਮੇਤ ਹੋਰ ਪਤਵੰਤੇ ਸੱਜਣ ਮੌਜੂਦ ਸਨ।