ਵਿਧਾਇਕ ਰਾਏ ਨੇ ਸੜਕ ਦੇ ਨਵੀਨੀਕਰਨ ਦਾ ਰੱਖਿਆ ਨੀਂਹ ਪੱਥਰ
ਵਿਧਾਇਕ ਰਾਏ ਨੇ ਸੜਕ ਦੇ ਨਵੀਨੀਕਰਨ ਦਾ ਰੱਖਿਆ ਨੀਂਹ ਪੱਥਰ
Publish Date: Sun, 22 Mar 2026 06:02 PM (IST)
Updated Date: Sun, 22 Mar 2026 06:04 PM (IST)

ਪਰਦੀਪ ਢਿੱਲੋਂ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਨਗਰ ਕੌਂਸਲ ਸਰਹਿੰਦ ਦੇ ਅਧੀਨ ਆਉਂਦੇ ਵਾਰਡ ਨੰਬਰ ਤਿੰਨ ’ਚ ਵਿਧਾਇਕ ਲਖਬੀਰ ਸਿੰਘ ਰਾਏ ਵੱਲੋਂ ਸੜਕ ਦੇ ਨਵੀਨੀਕਰਨ ਦਾ ਕੰਮ ਸ਼ੁਰੂ ਕਰਵਾਇਆ ਗਿਆ। ਇਸ ਮੌਕੇ ਵਿਧਾਇਕ ਲਖਬੀਰ ਸਿੰਘ ਰਾਏ ਨੇ ਸੰਬੋਧਨ ਕਰਦਿਆਂ ਕਿਹਾ ਕਿ 17 ਲੱਖ ਰੁਪਏ ਦੀ ਲਾਗਤ ਦੇ ਨਾਲ ਉਕਤ ਸੜਕ ਨੂੰ ਬਣਾਇਆ ਜਾ ਰਿਹਾ ਹੈ ਤਾਂ ਜੋ ਇੱਥੇ ਰਹਿਣ ਵਾਲੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਵਾਰਡ ਨੰਬਰ 3 ਦੀ ਕੌਂਸਲਰ ਦਵਿੰਦਰ ਕੌਰ ਅਤੇ ਬਲਾਕ ਪ੍ਰਧਾਨ ਪ੍ਰਿਤਪਾਲ ਸਿੰਘ ਜੱਸੀ ਬਹੁਤ ਹੀ ਮਿਹਨਤੀ ਵਿਅਕਤੀ ਹਨ ਜੋ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਹਮੇਸ਼ਾ ਹੀ ਤਤਪਰ ਰਹਿੰਦੇ ਹਨ ਅਤੇ ਪਹਿਲ ਦੇ ਆਧਾਰ ’ਤੇ ਹੱਲ ਕਰਵਾਉਂਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਚਾਰ ਸਾਲਾਂ ਦੇ ਕਾਰਜਕਾਲ ’ਚ ਦਿੱਤੀਆਂ ਗਈਆਂ ਗਰੰਟੀਆਂ ਨੂੰ ਪੂਰਾ ਕਰਕੇ ਸੂਬੇ ਦੇ ਸਰਬਪੱਖੀ ਵਿਕਾਸ ਦੇ ਵਿਚ ਲੱਗੀ ਹੋਈ ਹੈ, ਆਉਣ ਵਾਲੇ ਦਿਨਾਂ ’ਚ ਹੋਰ ਵੱਡੇ ਫੈਸਲੇ ਲਏ ਜਾਣਗੇ ਜਿਸ ਦਾ ਪੰਜਾਬ ਨੂੰ ਭਰਪੂਰ ਲਾਭ ਮਿਲੇਗਾ। ਪੰਜਾਬ ਦੇ ਲੋਕਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਪਿਛਲੇ 70 ਸਾਲਾਂ ’ਚ ਰਾਜ ਕਰਨ ਵਾਲੀਆਂ ਪਾਰਟੀਆਂ ਨੇ ਆਮ ਲੋਕਾਂ ਦੇ ਹਿੱਤ ਵਿਚ ਕੋਈ ਕੰਮ ਨਹੀਂ ਕੀਤਾ, ਜਿਸ ਦੀ ਬਦੌਲਤ ਅੱਜ ਵੀ ਆਮ ਲੋਕ ਗਲੀਆਂ ਨਾਲੀਆਂ ਤੱਕ ਹੀ ਸੀਮਿਤ ਹਨ। ਪੰਜਾਬ ਸਰਕਾਰ ਆਮ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇ ਨਾਲ ਲੈਸ ਕਰ ਰਹੀ ਹੈ। ਇਸ ਮੌਕੇ ਸੰਗਠਨ ਇੰਚਾਰਜ ਗੁਰਮੀਤ ਬਾਜਵਾ, ਕੌਂਸਲਰ ਦਵਿੰਦਰ ਕੌਰ, ਪ੍ਰਿਤਪਾਲ ਸਿੰਘ ਜੱਸੀ, ਰਮੇਸ਼ ਕੁਮਾਰ ਸੋਨੂੰ, ਅਸੀਸ ਸੂਦ ਆਦਿ ਵੀ ਮੌਜੂਦ ਸਨ।