ਵਿਧਾਇਕ ਰਾਏ ਨੇ ਸਰਹਿੰਦ ਸ਼ਹਿਰ ਵਿਖੇ ਨਵੀਂ ਬਣ ਰਹੀ ਪਾਰਕ ਦਾ ਲਿਆ ਜਾਇਜ਼ਾ
ਵਿਧਾਇਕ ਰਾਏ ਨੇ ਸਰਹਿੰਦ ਸ਼ਹਿਰ ਵਿਖੇ ਨਵੀਂ ਬਣ ਰਹੀ ਪਾਰਕ ਦਾ ਲਿਆ ਜਾਇਜ਼ਾ
Publish Date: Sun, 05 Apr 2026 07:26 PM (IST)
Updated Date: Sun, 05 Apr 2026 07:28 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਸਰਹਿੰਦ ਸ਼ਹਿਰ ਵਾਸੀਆਂ ਦੀ ਸੇਵਾ ਦੇ ਵਿਚ ਇਕ ਹੋਰ ਨਵਾਂ ਪਾਰਕ ਬਣਾਇਆ ਜਾ ਰਿਹਾ ਹੈ, ਜੋ ਜਲਦ ਹੀ ਸ਼ਹਿਰ ਵਾਸੀਆਂ ਨੂੰ ਅਰਪਿਤ ਕੀਤਾ ਜਾਵੇਗਾ। ਇਹ ਪ੍ਰਗਟਾਵਾ ਫਤਹਿਗੜ੍ਹ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਨੇ ਨਵੇਂ ਬਣ ਰਹੇ ਪਾਰਕ ਦਾ ਜਾਇਜਾ ਲੈਣ ਮੌਕੇ ਕੀਤਾ। ਜ਼ਿਕਰਯੋਗ ਹੈ ਕਿ ਸਰਹਿੰਦ ਸ਼ਹਿਰ ਦੇ ਵਿਚ ਸਥਿਤ ਇਕ ਪੁਰਾਣੇ ਕੂੜੇ ਦੇ ਡੰਪ ਨੂੰ ਪੂਰੀ ਤਰ੍ਹਾਂ ਸਾਫ਼ ਕਰਕੇ ਇੱਥੇ ਇਕ ਖ਼ੂਬਸੂਰਤ ਪਾਰਕ ਬਣਾਇਆ ਜਾ ਰਿਹਾ ਹੈ। ਜਿੱਥੇ ਸ਼ਹਿਰ ਵਾਸੀਆਂ ਨੂੰ ਗੰਦਗੀ ਤੋਂ ਨਿਜਾਤ ਮਿਲੇਗੀ, ਉੱਥੇ ਟਹਿਲਣ ਦੇ ਲਈ ਇਕ ਨਵਾਂ ਪਾਰਕ ਵੀ ਮਿਲੇਗਾ। ਇਸ ਮੌਕੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਵਿਧਾਇਕ ਰਾਏ ਨੇ ਕਿਹਾ ਕਿ ਪਹਿਲਾਂ ਤਾਂ ਸਰਹਿੰਦ ਸ਼ਹਿਰ ਵਾਸੀਆਂ ਨੂੰ ਇਸ ਗੱਲ ਦੀ ਵਧਾਈ ਕਿ ਇਨ੍ਹਾਂ ਨੂੰ ਗੰਦਗੀ ਤੋਂ ਨਿਜਾਤ ਮਿਲੀ ਹੈ। ਦੂਜਾ ਸ਼ਹਿਰ ਦੀ ਦਿੱਖ ਨੂੰ ਸੰਵਾਰਨ ਅਤੇ ਵਾਤਾਵਰਨ ਨੂੰ ਸ਼ੁੱਧ ਰੱਖਣ ਦੇ ਲਈ ਪੰਜਾਬ ਸਰਕਾਰ ਵਚਨਬੱਧ ਹੈ, ਕਈ ਸਾਲਾਂ ਤੋਂ ਇਸ ਸਥਾਨ ਤੇ ਕੂੜੇ ਦੇ ਢੇਰ ਲੱਗੇ ਹੋਏ ਸਨ ਜਿਸ ਕਾਰਨ ਆਸ ਪਾਸ ਦੇ ਰਹਿਣ ਵਾਲੇ ਲੋਕਾਂ ਅਤੇ ਰਾਹਗੀਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਹੁਣ ਇਸ ਥਾਂ ਨੂੰ ਸੁੰਦਰ ਬਣਾ ਕੇ ਲੋਕਾਂ ਦੇ ਸੈਰ ਕਰਨ, ਬੱਚਿਆਂ ਦੇ ਖੇਡਣ ਦੇ ਲਈ ਵਰਤਿਆ ਜਾਵੇਗਾ। ਵਿਧਾਇਕ ਰਾਏ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਪਾਰਕ ਦੀ ਉਸਾਰੀ ਦਾ ਕੰਮ ਮਿੱਥੇ ਸਮੇਂ ਦੇ ਅੰਦਰ ਅਤੇ ਮਿਆਰੀ ਸਮਗਰੀ ਦੇ ਨਾਲ ਮੁਕੰਮਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿਚ ਸ਼ਹਿਰ ਦੇ ਹੋਰਨਾਂ ਹਿੱਸਿਆਂ ਵਿਚ ਵੀ ਸਫਾਈ ਮੁਹਿੰਮ ਨੂੰ ਤੇਜ਼਼ ਕੀਤਾ ਜਾਵੇਗਾ ਤਾਂ ਜੋ ਸ਼ਹਿਰ ਨੂੰ ਸਾਫ਼ ਸੁਥਰਾ ਅਤੇ ਹਰਿਆ ਭਰਿਆ ਬਣਾਇਆ ਜਾ ਸਕੇ। ਵਿਧਾਇਕ ਰਾਏ ਨੇ ਇਹ ਵੀ ਐਲਾਨ ਕੀਤਾ ਕਿ ਸ਼ਹਿਰ ਦੀ ਨੁਹਾਰ ਬਦਲਣ ਦੇ ਲਈ ਕੀਤੇ ਜਾ ਰਹੇ ਯਤਨਾਂ ਤਹਿਤ ਆਉਣ ਵਾਲਾ ਬੁੱਧਵਾਰ ਸਰਹਿੰਦ ਸ਼ਹਿਰ ਦੇ ਵਾਸੀਆਂ ਲਈ ਬਹੁਤ ਅਹਿਮ ਹੋਣ ਜਾ ਰਿਹਾ ਹੈ। ਬੁੱਧਵਾਰ ਨੂੰ ਉਹ ਸ਼ਹਿਰ ਵਾਸੀਆਂ ਨੂੰ ਵਿਕਾਸ ਕਾਰਜਾਂ ਦੇ ਰੂਪ ਵਿਚ ਇਕ ਵਿਸ਼ੇਸ਼ ਤੋਹਫਾ ਦੇਣਗੇ ਜੋ ਸ਼ਹਿਰ ਦੇ ਬੁਨਿਆਦੀ ਢਾਂਚੇ ਨੂੰ ਮਜਬੂਤ ਕਰੇਗਾ ਅਤੇ ਲੰਮੇ ਸਮੇਂ ਤੋਂ ਲਟਕੀਆਂ ਆ ਰਹੀਆਂ ਮੰਗਾਂ ਨੂੰ ਪੂਰਾ ਕਰੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਐਡਵੋਕੇਟ ਹਰ ਕਮਲ ਸਿੰਘ, ਹਰਮਿੰਦਰ ਸੂਦ, ਥਾਣੇਦਾਰ ਬਲਜਿੰਦਰ ਸਿੰਘ, ਮੋਹਿਤ ਸੂਦ, ਪਵੇਲ ਹਾਂਡਾ, ਬੰਟੀ ਸੈਣੀ, ਮਨਦੀਪ ਪੋਲਾ, ਦਿਲਪ੍ਰੀਤ ਭੱਟੀ ਆਦਿ ਵੀ ਮੌਜੂਦ ਸਨ।