ਮਲਟੀਪਰਪਜ਼ ਸਕੂਲ ਨੇ ਕਾਰੋਬਾਰੀ ਮੇਲਾ ਲਗਾਇਆ
ਮਲਟੀਪਰਪਜ਼ ਸਕੂਲ ਨੇ ਕਾਰੋਬਾਰੀ ਮੇਲਾ ਲਗਾਇਆ
Publish Date: Tue, 28 Apr 2026 05:29 PM (IST)
Updated Date: Tue, 28 Apr 2026 05:31 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਵਿਚ ਰੋਜ਼ਗਾਰਮੁੱਖੀ ਸੋਚ ਤੇ ਖੁਦਮੁਖਤਿਆਰੀ ਨੂੰ ਉਤਸ਼ਾਹਿਤ ਕਰਨ ਲਈ ਚਲਾਈ ਜਾ ਰਹੀ ‘ਬਿਜਨਸ ਬਲਾਸਟਰ’ ਸਕੀਮ ਤਹਿਤ ਜ਼ਿਲ੍ਹਾ ਸਿੱਖਿਆ ਅਧਿਕਾਰੀ (ਸੈ. ਸਿੱ.) ਸੰਜੀਵ ਸ਼ਰਮਾ ਅਤੇ ਉਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਡਾ. ਰਵਿੰਦਰਪਾਲ ਸ਼ਰਮਾ ਦੀ ਰਹਿਨੁਮਾਈ ਹੇਠ ਪੀਐਮ ਸ੍ਰੀ ਸਰਕਾਰੀ ਕੋ-ਐਡ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਪਾਸੀ ਰੋਡ ਪਟਿਆਲਾ ਵਿਚ ਇਕ ਰੰਗਾਰੰਗ ਕਾਰੋਬਾਰੀ ਮੇਲਾ ਕਰਵਾਇਆ ਗਿਆ। ਜਿਸ ਦੀ ਸੁਚੱਜੀ ਅਗਵਾਈ ਸਕੂਲ ਪ੍ਰਿੰਸੀਪਲ ਵਿਜੇ ਕਪੂਰ ਨੇ ਬਹੁਤ ਹੀ ਉਤਸ਼ਾਹ ਨਾਲ ਕੀਤੀ। ਇਸ ਵਿਲੱਖਣ ਮੇਲੇ ਵਿਚ ਸਕੂਲ ਦੀਆਂ ਵੱਖ-ਵੱਖ ਟੀਮਾਂ ਵੱਲੋਂ ਆਪਣੇ ਹੁਨਰ ਤੇ ਕਾਰੋਬਾਰੀ ਸੋਚ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ। ਵਿਦਿਆਰਥੀਆਂ ਨੇ ਆਪਣੇ ਹੱਥਾਂ ਨਾਲ ਤਿਆਰ ਕੀਤੀਆਂ ਵੱਖ-ਵੱਖ ਕਿਸਮ ਦੀਆਂ ਵਸਤੂਆਂ ਦੀ ਪ੍ਰਦਰਸ਼ਨੀ ਲਗਾਈ ਅਤੇ ਉਨ੍ਹਾਂ ਦੀ ਸਫਲਤਾਪੂਰਵਕ ਵਿਕਰੀ ਵੀ ਕੀਤੀ। ਹਰ ਸਟਾਲ ਉੱਤੇ ਨਵਚੇਤਨਾ, ਰਚਨਾਤਮਕਤਾ ਤੇ ਆਤਮਵਿਸ਼ਵਾਸ ਦੀ ਝਲਕ ਸਾਫ਼ ਦਿਖਾਈ ਦਿੱਤੀ। ਇਸ ਮੌਕੇ ਪ੍ਰਿੰਸੀਪਲ ਵਿਜੇ ਕਪੂਰ ਨੇ ਕਿਹਾ ਕਿ ਇਸ ਪ੍ਰਦਰਸ਼ਨੀ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿਚ ਬਿਜਨਸ ਸਬੰਧੀ ਹੁਨਰ ਵਿਕਸਿਤ ਕਰਨਾ ਤੇ ਉਨ੍ਹਾਂ ਨੂੰ ਆਤਮਨਿਰਭਰ ਬਣਾਉਣਾ ਹੈ, ਤਾਂ ਜੋ ਉਹ ਭਵਿੱਖ ਵਿਚ ਆਪਣੇ ਪੈਰਾਂ ’ਤੇ ਖੜ੍ਹੇ ਹੋ ਕੇ ਆਪਣਾ ਰੋਜ਼ਗਾਰ ਖੁਦ ਸਿਰਜ ਸਕਣ। ਇਹ ਉਪਰਾਲਾ ਨਾ ਸਿਰਫ਼ ਵਿਦਿਆਰਥੀਆਂ ਨੂੰ ਪ੍ਰੈਕਟੀਕਲ ਗਿਆਨ ਪ੍ਰਦਾਨ ਕਰਦਾ ਹੈ, ਸਗੋਂ ਉਨ੍ਹਾਂ ਨੂੰ ਸਟਾਰਟਅਪਸ ਤੇ ਨਵੇਂ ਕਾਰੋਬਾਰ ਸ਼ੁਰੂ ਕਰਨ ਲਈ ਪ੍ਰੇਰਿਤ ਵੀ ਕਰਦਾ ਹੈ। ਇਹ ਮੇਲਾ ਸਮਾਜ ਲਈ ਇੱਕ ਸਕਾਰਾਤਮਕ ਸੁਨੇਹਾ ਵੀ ਲੈ ਕੇ ਆਇਆ ਹੈ ਕਿ ਜੇ ਨੌਜਵਾਨਾਂ ਨੂੰ ਸਹੀ ਦਿਸ਼ਾ ਤੇ ਮੌਕੇ ਦਿੱਤੇ ਜਾਣ, ਤਾਂ ਉਹ ਆਪਣੀ ਕਾਬਲੀਅਤ ਨਾਲ ਨਾ ਕੇਵਲ ਆਪਣਾ ਭਵਿੱਖ ਸਵਾਰ ਸਕਦੇ ਹਨ, ਬਲਕਿ ਦੇਸ਼ ਦੀ ਅਰਥਵਿਵਸਥਾ ਵਿਚ ਵੀ ਮਹੱਤਵਪੂਰਨ ਯੋਗਦਾਨ ਪਾ ਸਕਦੇ ਹਨ। ਉਹਨਾਂ ਅੱਗੇ ਕਿਹਾ ਕਿ ਇਸ ਤਰ੍ਹਾਂ ਦੇ ਯਤਨ ਪੰਜਾਬ ਵਿਚ ਨੌਜਵਾਨ ਉਦਯਮਤਾ ਨੂੰ ਨਵੀਂ ਦਿਸ਼ਾ ਦੇ ਰਹੇ ਹਨ ਅਤੇ ਇੱਕ ਆਤਮਨਿਰਭਰ ਭਾਰਤ ਦੀ ਨੀਂਹ ਮਜ਼ਬੂਤ ਕਰ ਰਹੇ ਹਨ। ਇਸ ਮੌਕੇ ਸਹਾਇਕ ਨੋਡਲ ਅਫਸਰ ਤਜਿੰਦਰ ਕੌਸ਼ਿਸ ਅਤੇ ਸੀਨੀਅਰ ਲੈਕਚਰਾਰ ਸੁਖਵਿੰਦਰ ਸਿੰਘ ਸਮੇਤ ਸਕੂਲ ਦੇ ਹੋਰ ਸਟਾਰ ਮੈਂਬਰ ਹਾਜ਼ਰ ਸਨ।