ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਕੌਮੀ ਇਨਸਾਫ਼ ਮੋਰਚੇ ਦਾ ਪ੍ਰਦਰਸ਼ਨ 22 ਨੂੰ
ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈਕੇ 22 ਮਈ ਨੂੰ ਕਾਲੇ ਚੋਲੇ ਪਾਕੇ ਖੁੱਦ ਨੂੰ ਸੰਗਲਾਂ ਵਿਚ ਜਕੜ ਕੇ ਕਰਨਗੀਆਂ ਸੰਗਤਾਂ ਪ੍ਰਦਰਸ਼ਨ
Publish Date: Tue, 19 May 2026 06:31 PM (IST)
Updated Date: Tue, 19 May 2026 06:33 PM (IST)

ਫੋਟੋ 19ਪੀਟੀਐਲ: 21 ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਅੱਜ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਟਿਆਲਾ ਵਿਖੇ ਕੌਮੀ ਇਨਸਾਫ਼ ਮੋਰਚੇ ਦੀ ਤਾਲਮੇਲ ਕਮੇਟੀ ਦੇ ਮੈਂਬਰਾਂ ਦੀ ਮੀਟਿੰਗ ਹੋਈ। ਇਸ ਬੈਠਕ ਵਿਚ ਸਰਕਾਰ ਵੱਲੋਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੱਖਾਂ ਦੀ ਰਿਹਾਈ ਲਈ ਪੰਜਾਬ ਅਤੇ ਕੇਂਦਰ ਸਰਕਾਰ ਵੱਲੋਂ ਪਾਈਆਂ ਜਾ ਰਹੀਆਂ ਰੁਕਾਵਟਾਂ ਦੀ ਨਿੰਦਾ ਕੀਤੀ ਗਈ। ਪਿੱਛਲੇ ਦਿਨਾਂ ਵਿਚ ਇਸੇ ਮੰਗ ਨੂੰ ਲੈਕੇ ਦਿੱਲ੍ਹੀ ਕੀਤੇ ਗਏ ਸ਼ਾਂਤਮਈ ਰੋਸ ਨੂੰ ਕੇਂਦਰ ਸਰਕਾਰ ਵੱਲੋਂ ਜ਼ਬਰੀ ਰੋਕਣ ਅਤੇ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫਤਾਰ ਕਰਨ ਦੀ ਵੀ ਨਿਖੇਧੀ ਕੀਤੀ ਗਈ। 3 ਸਾਲ 6 ਮਹੀਨੇ ਤੋਂ ਇਸ ਮੁੱਦੇ ਉਤੇ ਲੱਗੇ ਕੌਮੀ ਇਨਸਾਫ਼ ਮੋਰਚੇ ਪੰਜਾਬ ਸਰਕਾਰ ਵੱਲੋਂ ਬਿਲਕੁੱਲ ਅਣਦੇਖਾ ਕੀਤਾ ਜਾ ਰਿਹਾ ਹੈ। ਇਸੇ ਮੰਗ ਦੀ ਕੜੀ ਨੂੰ ਅੱਗੇ ਤੋਰਦਿਆਂ 22 ਮਈ ਨੂੰ ਸਵਾ ਸੌ ਸੰਗਤਾਂ ਦਾ ਜੱਥਾ ਮੁੱਖ ਮੰਤਰੀ ਪੰਜਾਬ ਦੀ ਕੋਠੀ ਵੱਲ ਜਾਵੇਗਾ। ਸਮੇਂ ਦੀ ਹਕੂਮਤ ਵੱਲੋਂ ਸਿੱਖਾਂ ਨੂੰ ਜ਼ਲੀਲ ਕਰਨ ਅਤੇ ਗੁਲਾਮੀ ਦਾ ਅਹਿਸਾਸ ਕਰਵਾਉਣ ਵਾਲੇ ਵਤੀਰੇ ਨੂੰ ਦਰਸਾਉਣ ਲਈ ਕਾਲੇ ਚੋਲੇ ਗਲਾਂ ਵਿਚ ਪਾ ਕੇ ਪ੍ਰਦਰਸ਼ਨਕਾਰੀ ਖੁੱਦ ਨੂੰ ਸੰਗਲਾਂ ਵਿਚ ਜਕੜ ਕੇ ਅੱਗੇ ਵਧਣਗੇ। ਅੱਜ ਦੀ ਮੀਟਿੰਗ ਵਿਚ ਮੋਰਚੇ ਦੇ ਸਰਪ੍ਰਸਤ ਬਾਪੂ ਗੁਰਚਰਨ ਸਿੰਘ, ਤਾਲਮੇਲ ਕਮੇਟੀ ਦੇ ਬੁਲਾਰੇ ਗੁਰਦੀਪ ਸਿੰਘ ਬਠਿੰਡਾ, ਬਲਵਿੰਦਰ ਸਿੰਘ ਫਿਰੋਜ਼ਪੁਰ, ਕਿਸਾਨ ਆਗੂ ਡਾ. ਦਰਸ਼ਨ ਪਾਲ, ਗੁਰਿੰਦਰ ਸਿੰਘ ਭੰਗੂ, ਪ੍ਰੋ. ਵਰਿੰਦਰ ਸਿੰਘ, ਮਲਕੀਤ ਸਿੰਘ ਸੇਖੋਂ, ਅਤੇ ਪਰਮਜੀਤ ਸਿੰਘ ਸਾਹੋਲੀ ਹਾਜ਼ਰ ਸਨ।