ਵਪਾਰੀ ਮਿਲਣੀ ਤਹਿਤ ਮੀਟਿੰਗ ਕਰ ਕੇ ਮੁਸ਼ਕਿਲਾਂ ਸੁਣੀਆਂ
ਵਪਾਰੀ ਮਿਲਣੀ ਤਹਿਤ ਮੀਟਿੰਗ ਕਰਕੇ ਮੁਸ਼ਕਿਲਾਂ ਸੁਣੀਆਂ
Publish Date: Thu, 07 May 2026 06:26 PM (IST)
Updated Date: Fri, 08 May 2026 04:14 AM (IST)

ਭੁਪਿੰਦਰਜੀਤ ਮੌਲਵੀਵਾਲਾ, ਪੰਜਾਬੀ ਜਾਗਰਣ ਪਾਤੜਾਂ : ਸੂਬਾ ਸਰਕਾਰ ਵੱਲੋਂ ਵਪਾਰੀ ਵਰਗ ਦੀਆਂ ਮੁਸ਼ਕਿਲਾਂ ਸੁਣਨ ਲਈ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਅਨਾਜ ਮੰਡੀ ਪਾਤੜਾਂ ਵਿਖੇ ਆਮ ਆਦਮੀ ਪਾਰਟੀ ਟਰੇਡ ਸੈੱਲ ਦੇ ਚੇਅਰਮੈਨ ਡੀਡੀ ਸਿੰਗਲਾ ਦੀ ਅਗਵਾਈ ’ਚ ਵਪਾਰੀਆਂ ਦੀਆਂ ਮੁਸ਼ਕਿਲਾਂ ਸੁਣਨ ਲਈ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਵਿਧਾਨ ਸਭਾ ਹਲਕਾ ਸ਼ੁਤਰਾਣਾ ਦੇ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ, ਮਾਰਕੀਟ ਕਮੇਟੀ ਪਾਤੜਾਂ ਦੇ ਚੇਅਰਮੈਨ ਮਹਿੰਗਾ ਸਿੰਘ ਬਰਾੜ ਸਮੇਤ ਪ੍ਰਸ਼ਾਸਨ ਦੀ ਤਰਫੋਂ ਐੱਸਡੀਐੱਮ ਪਾਤੜਾਂ ਕਾਲਾ ਰਾਮ ਕਾਂਸਲ, ਨਾਇਬ ਤਹਿਸੀਲਦਾਰ ਕਰਮਜੀਤ ਸਿੰਘ, ਅਐਸਡੀ ਉ ਭਗਵਾਨ ਸ਼ਰਮਾ, ਸੀਮਾ ਰਾਣੀ ਲੇਬਰ ਵਿਭਾਗ, ਜੇਈ ਪੀ ਡਬਲਿਊ ਡੀ ਰਵੀ ਗੋਂਦਾਰਾ, ਖੇਤੀਬਾੜੀ ਵਿਭਾਗ ਤੋਂ ਗੁਰਵਿੰਦਰ ਸਿੰਘ, ਮਾਨਸਰੋਵਰ ਸਿੰਘ ਐਕਸਾਇਜ ਅਤੇ ਟੈਕਸੇਸ਼ਨ ਵਿਭਾਗ, ਅਜੈ ਕੁਮਾਰ ਨੇ ਸ਼ਮੂਲੀਅਤ ਕੀਤੀ। ਮੀਟਿੰਗ ਦੌਰਾਨ ਹਾਜ਼ਰੀਨ ਵਪਾਰੀਆਂ ਨੇ ਉਹਨਾਂ ਨੂੰ ਪੇਸ਼ ਆਉਂਦੀਆਂ ਮੁਸ਼ਕਿਲਾਂ ਦੱਸੀਆਂ। ਮੀਟਿੰਗ ਨੂੰ ਸੰਬੋਧਨ ਕਰਦਿਆਂ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਨੇ ਕਿਹਾ ਕਿ ਸੂਬੇ ਦੀ ਆਮ ਆਦਮੀ ਪਾਰਟੀ ਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਹਰ ਵਰਗ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਲਈ ਲਗਾਤਾਰ ਯਤਨਸ਼ੀਲ ਹੈ ਇਸੇ ਲੜੀ ਤਹਿਤ ਸਰਕਾਰ ਵੱਲੋਂ ਵਪਾਰੀ ਵਰਗ ਦੀਆਂ ਮੁਸ਼ਕਿਲਾਂ ਜਾਨਣ ਲਈ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੀਟਿੰਗਾਂ ’ਚ ਪ੍ਰਸ਼ਾਸਨਿਕ ਅਧਿਕਾਰੀ ਮੌਕੇ ਹਾਜ਼ਰ ਹੁੰਦੇ ਹਨ ਤਾਂ ਕਿ ਸਮੱਸਿਆਵਾਂ ਦਾ ਹੱਲ ਕੀਤਾ ਜਾ ਸਕੇ। ਐੱਸਡੀਐੱਮ ਕਾਲਾ ਰਾਮ ਕਾਂਸਲ ਨੇ ਦੱਸਿਆ ਕਿ ਸਰਕਾਰ ਵੱਲੋਂ ਚਲਾਈ ਜਾ ਰਹੀ ਮੁਹਿੰਮ ਤਹਿਤ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਆਮ ਤੌਰ ’ਤੇ ਪੇਸ਼ ਆਉਣ ਵਾਲੀਆਂ ਮੁਸ਼ਕਿਲਾਂ ਦਾ ਮੌਕੇ ’ਤੇ ਹੱਲ ਕੀਤਾ ਜਾਂਦਾ ਹੈ ਜਦੋਂ ਕਿ ਉੱਚ ਅਧਿਕਾਰੀਆਂ ਦੇ ਪੱਧਰ ਉੱਤੇ ਹੱਲ ਹੋਣ ਵਾਲੀਆਂ ਸਮੱਸਿਆਵਾਂ ਨੂੰ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਪੋਰਟਲ ਉੱਤੇ ਅਪਲੋਡ ਕੀਤਾ ਜਾਂਦਾ ਹੈ। ਮੀਟਿੰਗ ’ਚ ਆੜ੍ਹ੍ਤੀਆ ਐਸੋਸੀਏਸ਼ਨ ਪਾਤੜਾਂ ਦੇ ਪ੍ਰਧਾਨ ਤੇਜਪਾਲ ਸ਼ਰਮਾ, ਪ੍ਰੇਮ ਚੰਦ ਗੁਪਤਾ ਸਾਬਕਾ ਪ੍ਰਧਾਨ ਨਗਰ ਕੌਂਸਲ ਪਾਤੜਾਂ, ਵਪਾਰੀ ਆਗੂ ਸੁਰਿੰਦਰ ਕੁਮਾਰ ਪੈਂਦ, ਕੰਬੋਜ ਵੈਲਫੇਅਰ ਬੋਰਡ ਦੇ ਮੈਂਬਰ ਕੁਲਦੀਪ ਸਿੰਘ ਥਿੰਦ, ਬਿੱਟੂ ਬੰਦੇਸ਼ਾ, ਸੁਖਬੀਰ ਸਿੰਘ ਖਾਲਸਾ, ਬਲਜੀਤ ਸਿੰਘ ਮੌਲਵੀਵਾਲਾ, ਪ੍ਰੀਤ ਗਿੱਲ, ਮਨਵੀਰ ਸਿੰਘ ਸੰਧੂ, ਸਾਬਕਾ ਐੱਮਸੀ ਭਗਵਤ ਦਿਆਲ ਨਿੱਕਾ ਆਦਿ ਹਾਜ਼ਰ ਸਨ।