ਸਰਹਿੰਦ ’ਚ ਮਿਲੇ ਮਾਸ ਦੇ ਥੈਲੇ, ਦੋ ਹਿਰਾਸਤ ’ਚ, ਪੁਲਿਸ ਨੇ ਜਾਂਚ ਕੀਤੀ ਸ਼ੁਰੂ
ਸਰਹਿੰਦ ’ਚ ਮਿਲੇ ਮਾਸ ਦੇ ਥੈਲੇ, ਦੋ ਹਿਰਾਸਤ ’ਚ, ਪੁਲਿਸ ਨੇ ਜਾਂਚ ਕੀਤੀ ਸ਼ੁਰੂ
Publish Date: Tue, 17 Feb 2026 07:08 PM (IST)
Updated Date: Tue, 17 Feb 2026 07:12 PM (IST)

ਪਰਗਟ ਸਿੰਘ • ਪੰਜਾਬੀ ਜਾਗਰਣ • ਫਤਹਿਗੜ੍ਹ ਸਾਹਿਬ : ਸਰਹਿੰਦ ਸ਼ਹਿਰ ’ਚ ਵੱਡੀ ਮਾਤਰਾ ’ਚ ਮਾਸ ਦੇ ਥੈਲੇ ਮਿਲਣ ਨਾਲ ਇਲਾਕੇ ’ਚ ਸਨਸਨੀ ਫੈਲ ਗਈ। ਇਸ ਸਬੰਧ ’ਚ ਪੁਲਿਸ ਨੇ ਮਾਮਲਾ ਦਰਜ ਕਰਕੇ ਦੋ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ’ਚ ਲੈ ਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ। ਸੂਚਨਾ ਅਨੁਸਾਰ ਪਹਿਲੀ ਨਜ਼ਰ ’ਚ ਇਹ ਗਊ ਮਾਸ ਲੱਗ ਰਿਹਾ ਹੈ ਪਰ ਇਸ ਦੀ ਅਸਲ ਪੁਸ਼ਟੀ ਮੈਡੀਕਲ ਰਿਪੋਰਟ ਆਉਣ ਉਪਰੰਤ ਹੀ ਹੋਵੇਗੀ। ਜਾਣਕਾਰੀ ਅਨੁਸਾਰ ਸ਼ਹਿਰ ਦੇ ਕੁਸ਼ਠ ਆਸ਼ਰਮ ਦੇ ਨੇੜੇ ਲੰਘਦੇ ਹੰਸਲਾ ਨਦੀ (ਸਰਹਿੰਦ ਚੋਅ) ’ਚੋਂ ਜਾਨਵਰਾਂ ਦੇ ਸਿਰ, ਲੱਤਾਂ, ਖੱਲ, ਸਿੰਗ ਤੇ ਮਾਸ ਨਾਲ ਭਰੇ ਥੈਲੇ ਮਿਲੇ, ਜਿਸ ਦੀ ਸੂਚਨਾ ਮਿਲਣ ’ਤੇ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਅਰੰਭ ਕਰ ਦਿੱਤੀ ਹੈ। ਇਸ ਦੀ ਪੁਸ਼ਟੀ ਕਰਦਿਆਂ ਡੀਐਸਪੀ ਫਤਹਿਗੜ੍ਹ ਸਾਹਿਬ ਕੁਲਵੀਰ ਸਿੰਘ ਨੇ ਦੱਸਿਆ ਕਿ ਗਊ ਰੱਖਿਆ ਦਲ ਦੇ ਨੁਮਾਇੰਦਿਆਂ ਵੱਲੋਂ ਸੋਮਵਾਰ ਦੇਰ ਰਾਤ ਸੂਚਨਾ ਦਿੱਤੀ ਸੀ ਕਿ ਸਰਹਿੰਦ ਚੋਅ ਨੇੜੇ ਸ਼ੱਕੀ ਹਾਲਤ ’ਚ ਮਾਸ ਦੇ ਥੈਲੇ ਪਏ ਹਨ, ਜਿਸ ਸਬੰਧੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਕੌਂਸਲ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਮੌਜੂਦਗੀ ਵਿਚ ਥੈਲਿਆਂ ਦੀ ਜਾਂਚ ਕੀਤੀ ਗਈ ਤੇ ਨਗਰ ਕੌਂਸਲ ਦੇ ਕਰਮਚਾਰੀਆਂ ਦੁਆਰਾ ਥੈਲਿਆਂ ਵਿਚ ਪਾਏ ਗਏ ਜਾਨਵਰਾਂ ਦੇ ਅੰਗਾਂ ਦਾ ਪੂਰੀ ਧਾਰਮਿਕ ਰੀਤੀ ਰਿਵਾਜਾਂ ਨਾਲ ਅੰਤਿਮ ਸੰਸਕਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਗਊ ਰੱਖਿਆ ਦਲ ਵੱਲੋਂ ਦਰਜ ਸ਼ਿਕਾਇਤ ਦੇ ਆਧਾਰ ’ਤੇ ਪੁਲਿਸ ਨੇ ਥਾਣਾ ਸਰਹਿੰਦ ਵਿਖੇ ਮਾਮਲਾ ਦਰਜ ਕਰਕੇ ਦੋ ਸ਼ੱਕੀਆਂ ਨੂੰ ਹਿਰਾਸਤ ਵਿਚ ਲਿਆ ਹੈ, ਜਿਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕਰਦਿਆਂ ਕਿਹਾ ਕਿ ਇਸ ਮਾਮਲੇ ’ਚ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ ਤੇ ਜਾਂਚ ਉਪਰੰਤ ਬਣਦੀ ਕਾਰਵਾਈ ਕੀਤੀ ਜਾਵੇਗੀ। ਦੂਜੇ ਪਾਸੇ ਗਊ ਰਕਸ਼ਾ ਦਲ ਦੇ ਰਾਸ਼ਟਰੀ ਪ੍ਰਧਾਨ ਡੀਡੀ ਰਾਣਾ ਅਤੇ ਉਪ ਪ੍ਰਧਾਨ ਗੁਰਪ੍ਰੀਤ ਸਿੰਘ ਨੇ ਦੋਸ਼ ਲਗਾਇਆ ਕਿ ਕੁੱਝ ਲੋਕਾਂ ਨੇ ਜਾਨਵਰਾਂ ਨੂੰ ਮਾਰ ਕੇ ਉਨ੍ਹਾਂ ਦੀਆਂ ਖੱਲਾਂ ਅਤੇ ਮਾਸ ਵੱਡੇ ਥੈਲਿਆਂ ’ਚ ਭਰ ਕੇ ਹੰਸਲਾ ਨਦੀ (ਸਰਹਿੰਦ ਚੋਅ) ਵਿਚ ਸੁੱਟ ਦਿੱਤਾ ਹੈ। ਉਨ੍ਹਾਂ ਸ਼ੱਕ ਪ੍ਰਗਟ ਕੀਤਾ ਕਿ ਇਹ ਮਾਸ ਗਊ ਮਾਸ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਦੂਜੇ ਰਾਜਾਂ ਦੇ ਲੋਕ ਨਹਿਰ ਦੇ ਕੰਢੇ, ਨਾਲਿਆਂ ਅਤੇ ਹੋਰ ਇਕਾਂਤ ਇਲਾਕਿਆਂ ਵਿਚ ਧਾਰਮਿਕ ਭਾਵਨਾਵਾਂ ਭੜਕਾਉਣ ਅਤੇ ਪੰਜਾਬ ਵਿਚ ਮਾਹੌਲ ਖ਼ਰਾਬ ਕਰਨ ਲਈ ਅਜਿਹੇ ਅਪਰਾਧ ਕਰਦੇ ਹਨ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਇਸ ਘਟਨਾ ਲਈ ਜ਼ਿੰਮੇਵਾਰ ਲੋਕਾਂ ਵਿਰੁੱਧ ਸਖ਼ਤ ਕਾਰਵਾਈ ਕਰੇ।