ਬਾਬਾ ਸਾਹਿਬ ਨੇ ਗ਼ਰੀਬ ਵਰਗ ਨੂੰ ਬਰਾਬਰੀ ਦਾ ਦਿਵਾਇਆ ਅਧਿਕਾਰ : ਮੇਅਰ ਗੋਗੀਆ
ਭੀਮ ਰਾਏ ਅੰਬੇਦਕਰ ਨੇ ਪੀੜਤ ਵਰਗਾਂ ਨੂੰ ਸਨਮਾਨ ਨਾਲ ਜਿਊਣ ਦਾ ਅਧਿਕਾਰ ਦਿਵਾਇਆ: ਮੇਅਰ ਗੋਗੀਆ
Publish Date: Wed, 15 Apr 2026 05:49 PM (IST)
Updated Date: Wed, 15 Apr 2026 05:51 PM (IST)

ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, •ਪਟਿਆਲਾ : ਸੰਵਿਧਾਨ ਨਿਰਮਾਤਾ ਡਾ. ਭੀਮ ਰਾਏ ਅੰਬੇਡਕਰ ਦੇ ਜਨਮ ਦਿਵਸ ਮੌਕੇ ਪਟਿਆਲਾ ਸ਼ਹਿਰ ਵਿਚ ਵੱਖ-ਵੱਖ ਥਾਵਾਂ ’ਤੇ ਸ਼ਰਧਾ ਅਤੇ ਆਦਰ ਨਾਲ ਸਮਾਗਮ ਕਰਵਾਏ ਗਏ। ਇਸ ਮੌਕੇ ਵਾਲਮੀਕਿ ਧਰਮ ਸਭਾਵਾਂ ਅਤੇ ਵੱਖ-ਵੱਖ ਵੈਲਫੇਅਰ ਸੁਸਾਇਟੀਆਂ ਦੇ ਸੱਦੇ ’ਤੇ ਮੇਅਰ ਕੁੰਦਨ ਗੋਗੀਆ ਵੱਲੋਂ ਸਮਾਗਮਾਂ ਵਿੱਚ ਹਾਜ਼ਰੀ ਲਗਾ ਕੇ ਡਾ. ਅੰਬੇਡਕਰ ਨੂੰ ਫੂਲ ਮਾਲਾਵਾਂ ਅਰਪਿਤ ਕਰਦਿਆਂ ਸ਼ਰਧਾਂਜਲੀ ਭੇਟ ਕੀਤੀ ਗਈ। ਇਸੇ ਤਹਿਤ ਪੁਰਾਣੇ ਬੱਸ ਸਟੈਂਡ ਕੋਲ ਸਥਿਤ ਡਾ. ਅੰਬੇਡਕਰ ਪਾਰਕ ਵਿਚ ਗਿਆਨ ਜਯੋਤੀ ਐਜੂਕੇਸ਼ਨ ਸੁਸਾਇਟੀ ਦੇ ਪ੍ਰਧਾਨ ਉਪਕਾਰ ਸਿੰਘ ਵੱਲੋਂ ਲਗਾਏ ਗਏ ਮੁਫ਼ਤ ਮੈਡੀਕਲ ਕੈਂਪ ਤੇ ਖੂਨਦਾਨ ਕੈਂਪ ਦਾ ਉਦਘਾਟਨ ਵੀ ਮੇਅਰ ਕੁੰਦਨ ਗੋਗੀਆ ਨੇ ਕੀਤਾ। ਸਮਾਗਮ ਦੌਰਾਨ ਸਿਹਤ ਸੇਵਾਵਾਂ ਨਾਲ ਸੰਬੰਧਤ ਮੁਫ਼ਤ ਜਾਂਚਾਂ ਅਤੇ ਦਵਾਈਆਂ ਵੀ ਵੰਡੀਆਂ ਗਈਆਂ, ਜਿਸ ਨਾਲ ਲੋਕਾਂ ਨੂੰ ਵੱਡਾ ਲਾਭ ਮਿਲਿਆ। ਆਪਣੇ ਸੰਬੋਧਨ ਦੌਰਾਨ ਮੇਅਰ ਨੇ ਕਿਹਾ ਕਿ ਡਾ. ਅੰਬੇਡਕਰ ਸਿਰਫ਼ ਇੱਕ ਮਹਾਨ ਵਿਦਵਾਨ ਹੀ ਨਹੀਂ ਸਨ, ਸਗੋਂ ਉਹ ਗਰੀਬ ਅਤੇ ਪੀੜਤ ਵਰਗਾਂ ਦੇ ਮਸੀਹੇ ਵੀ ਸਨ। ਉਨ੍ਹਾਂ ਨੇ ਆਪਣੀ ਸਿੱਖਿਆ ਅਤੇ ਸੰਘਰਸ਼ ਦੇ ਜ਼ਰੀਏ ਸਮਾਜ ਵਿਚ ਬਰਾਬਰੀ ਅਤੇ ਨਿਆਂ ਦੀ ਲਹਿਰ ਪੈਦਾ ਕੀਤੀ। ਮੇਅਰ ਨੇ ਕਿਹਾ ਕਿ ਡਾ. ਅੰਬੇਡਕਰ ਜੀ ਨੇ ਪੀੜਤ ਅਤੇ ਪਿੱਛੜੇ ਵਰਗਾਂ ਨੂੰ ਸਨਮਾਨ ਨਾਲ ਜੀਊਣ ਦਾ ਅਧਿਕਾਰ ਦਿਵਾਇਆ ਅਤੇ ਸੰਵਿਧਾਨ ਦੇ ਰਾਹੀਂ ਹਰ ਨਾਗਰਿਕ ਨੂੰ ਸਮਾਨ ਅਧਿਕਾਰ ਪ੍ਰਦਾਨ ਕੀਤੇ। ਉਨ੍ਹਾਂ ਨੇ ਸਭ ਨੂੰ ਅਪੀਲ ਕੀਤੀ ਕਿ ਅਸੀਂ ਡਾ. ਸਾਹਿਬ ਦੇ ਦੱਸੇ ਰਸਤੇ ’ਤੇ ਚੱਲਦਿਆਂ ਸਮਾਜ ਵਿੱਚ ਇਕਤਾ, ਸਾਂਝ ਅਤੇ ਭਾਈਚਾਰੇ ਨੂੰ ਮਜ਼ਬੂਤ ਕਰੀਏ। ਇਸ ਮੌਕੇ ਨਰੇਸ਼ ਬੋਬੀ, ਰਾਜੇਸ਼ ਘਾਰੁ, ਜਤਿੰਦਰ, ਪ੍ਰਿੰਸ, ਸੋਨੂੰ ਸੰਗਰ, ਵਿਨੇ ਪਹੋਚਾ ਸਮੇਤ ਵਾਲਮਿਕੀ ਧਰਮ ਸਭਾ ਲਾਹੋਰੀ ਗੇਟ ਅਤੇ ਵਾਲਮਿਕੀ ਵੈਲਫੇਅਰ ਸੁਸਾਇਟੀ ਦੇ ਬਹੁਤ ਸਾਰੇ ਮੈਂਬਰ ਅਤੇ ਸਥਾਨਕ ਨਿਵਾਸੀ ਵੱਡੀ ਗਿਣਤੀ ਵਿੱਚ ਮੌਜੂਦ ਸਨ।