ਮਾਤਾ ਕੌਸ਼ਲਿਆ ਹਸਪਤਾਲ ’ਚ ਆਨਲਾਈਨ ਸਿਸਟਮ ਲੋਕਾਂ ਲਈ ਸਹੂਲਤ ਦੀ ਥਾਂ ਬਣਿਆ ਦੁਵਿਧਾ
ਮਾਤਾ ਕੌਸ਼ਲਿਆ ’ਚ ਆਨਲਾਈਨ ਸਿਸਟਮ ਲੋਕਾਂ ਲਈ ਸੁਵਿਧਾ ਦੀ ਥਾਂ ਬਣਿਆ ਦੁਬਿਧਾ
Publish Date: Sun, 31 May 2026 06:40 PM (IST)
Updated Date: Sun, 31 May 2026 06:44 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ•, ਪਟਿਆਲਾ : ਪੰਜਾਬ ਸਰਕਾਰ ਵੱਲੋਂ ਸੂਬਾ ਵਾਸੀਆਂ ਨੂੰ ਵਧੀਆ ਸਿਹਤ ਸਹੂਲਤਾਂ ਉਪਲੱਬਧ ਕਰਵਾਉਣ ਲਈ ਆਰੰਭੇ ਉਪਰਾਲਿਆਂ ਤਹਿਤ ਕੀਤਾ ਜਾ ਰਿਹਾ ਡਿਜੀਟਲ ਸਿਸਟਮ ਸੁਵਿਧਾ ਦੇ ਨਾਲ ਨਾਲ ਦੁਵਿਧਾ ਵੀ ਬਣਾਇਆ ਹੋਇਆ ਹੈ। ਮਾਤਾ ਕੌਸ਼ਲਿਆ ਹਸਪਤਾਲ ਦੀ ਓਪੀਡੀ ’ਚ ਲਾਗੂ ਕੀਤਾ ਗਿਆ ਆਨਲਾਈਨ ਸਿਸਟਮ ਲੋਕਾਂ ਲਈ ਸਿਰਦਰਦ ਬਣਿਆ ਹੋਇਆ ਹੈ। ਲੋਕਾਂ ਨੂੰ ਸਿਹਤ ਜਾਂਚ ਲਈ ਪਰਚੀ ਬਣਵਾਉਣ ਵਾਸਤੇ ਵੀ ਘੰਟਿਆਂ ਉਡੀਕ ਕਰਨੀ ਪੈ ਰਹੀ ਹੈ, ਜਦਕਿ ਖੱਜਲ ਖੁਆਰੀ ਕਾਰਨ ਕੁਝ ਵਿਅਕਤੀ ਤਾਂ ਬਿਨਾਂ ਸਿਹਤ ਜਾਂਚ ਕਰਵਾਏ ਹੀ ਵਾਪਸ ਮੁੜ ਰਹੇ ਹਨ। ਦੱਸਣਯੋਗ ਹੈ ਕਿ ਹਸਪਤਾਲ ਪ੍ਰਸ਼ਾਸਨ ਵੱਲੋਂ ਪਿਛਲੇ ਕੁਝ ਦਿਨਾਂ ਤੋਂ ਓਪੀਡੀ ’ਚ ਆਨਲਾਈਨ ਸਿਸਟਮ ਲਾਗੂ ਕੀਤਾ ਗਿਆ ਹੈ। ਇਸ ਸਿਸਟਮ ਤਹਿਤ ਸਿਹਤ ਜਾਂਚ ਕਰਵਾਉਣ ਵਾਲੇ ਵਿਅਕਤੀ ਨੂੰ ਪਹਿਲਾਂ ਆਪਣੇ ਐਂਡਰਾਇਡ ਮੋਬਾਈਲ ਫੋਨ ਵਿੱਚ ਆਭਾ ਐਪ ਡਾਊਨਲੋਡ ਕਰਨੀ ਪੈਂਦੀ ਹੈ। ਇਸ ਐਪ ਰਾਹੀਂ ਟੋਕਨ ਲੈ ਕੇ ਹੀ ਓਪੀਡੀ ’ਚ ਪਰਚੀ ਬਣਵਾਈ ਜਾ ਸਕਦੀ ਹੈ। ਅਜਿਹੇ ਵਿਚ ਜਿਨ੍ਹਾਂ ਲੋਕਾਂ ਕੋਲ ਐਂਡਰਾਇਡ ਮੋਬਾਈਲ ਨਹੀਂ ਹੈ ਜਾਂ ਜਿਨ੍ਹਾਂ ਨੂੰ ਮੋਬਾਈਲ ਚਲਾਉਣ ਦੀ ਵੱਧ ਜਾਣਕਾਰੀ ਨਹੀਂ ਹੈ, ਉਹ ਆਭਾ ਐਪ ਡਾਊਨਲੋਡ ਕਰਕੇ ਇਸਦੀ ਵਰਤੋਂ ਨਹੀਂ ਕਰ ਸਕਦੇ। ਇਸ ਕਾਰਨ ਉਨ੍ਹਾਂ ਦੀ ਪਰਚੀ ਨਹੀਂ ਬਣ ਰਹੀ ਅਤੇ ਲੋਕਾਂ ਨੂੰ ਬਿਨਾਂ ਸਿਹਤ ਜਾਂਚ ਕਰਵਾਏ ਹੀ ਵਾਪਸ ਜਾਣਾ ਪੈ ਰਿਹਾ ਹੈ। ਹਸਪਤਾਲ ਕਰਮਚਾਰੀਆਂ ਵੱਲੋਂ ਵੀ ਆਭਾ ਐਪ ਤੋਂ ਬਿਨਾਂ ਪਰਚੀ ਨਹੀਂ ਬਣਾਈ ਜਾ ਰਹੀ, ਜਿਸ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਸਪਤਾਲ ਵਿਚ ਆਉਣ ਵਾਲੇ ਲੋਕ ਇਸ ਨੂੰ ਪ੍ਰਸ਼ਾਸਨ ਦੀ ਲਾਪਰਵਾਹੀ ਦੱਸ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਆਨਲਾਈਨ ਸਿਸਟਮ ਦੇ ਨਾਲ-ਨਾਲ ਮੈਨੂਅਲ ਪ੍ਰਬੰਧ ਵੀ ਜਾਰੀ ਰੱਖਣਾ ਚਾਹੀਦਾ ਹੈ ਤਾਂ ਜੋ ਲੋਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਨਾ ਆਵੇ ਪਰ ਇੱਥੇ ਹਸਪਤਾਲ ਕਰਮਚਾਰੀ ਲੋਕਾਂ ਨੂੰ ਇਹ ਕਹਿ ਕੇ ਵਾਪਸ ਭੇਜ ਰਹੇ ਹਨ ਕਿ ਪਹਿਲਾਂ ਆਪਣੇ ਮੋਬਾਈਲ ਵਿਚ ਐਪ ਡਾਊਨਲੋਡ ਕਰਕੇ ਆਉਣ, ਉਸ ਤੋਂ ਬਾਅਦ ਹੀ ਪਰਚੀ ਬਣੇਗੀ। ਇਸ ਸਬੰਧੀ ਸਿਹਤ ਜਾਂਚ ਕਰਵਾਉਣ ਲਈ ਪੁੱਜੀ ਸ਼ਹਿਰ ਨਿਵਾਸੀ ਹਰਵਿੰਦਰਪਾਲ ਕੌਰ ਨੇ ਕਿਹਾ ਕਿ ਹਸਪਤਾਲ ਵਿਚ ਆਉਣ ਵਾਲੀ ਜਨਤਾ ਨੂੰ ਜਾਣਬੁੱਝ ਕੇ ਪਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਕੋਲ ਐਂਡਰਾਇਡ ਮੋਬਾਈਲ ਨਹੀਂ ਹੈ, ਉਨ੍ਹਾਂ ਲਈ ਵੱਖਰੀ ਸਹੂਲਤ ਰੱਖਣੀ ਚਾਹੀਦੀ ਸੀ। ਹਸਪਤਾਲ ਪ੍ਰਸ਼ਾਸਨ ਨੂੰ ਆਪਣੇ ਸਿਸਟਮ ਵਿਚ ਸੁਧਾਰ ਕਰਨਾ ਚਾਹੀਦਾ ਹੈ ਤਾਂ ਜੋ ਜਨਤਾ ਨੂੰ ਦਿੱਕਤ ਨਾ ਆਵੇ। ਪਹਿਲਾਂ ਹੀ ਸਿਹਤ ਜਾਂਚ ਕਰਵਾਉਣ ਵਿਚ ਅੱਧਾ ਦਿਨ ਲੱਗ ਜਾਂਦਾ ਹੈ, ਹੁਣ ਇਹ ਨਵੀਂ ਮੁਸ਼ਕਲ ਖੜ੍ਹੀ ਹੋ ਗਈ ਹੈ। ਇਸੇ ਤਰ੍ਹਾਂ ਜ਼ਿਲ੍ਹਾ ਵਾਸੀ ਗੁਰਦੀਪ ਕੌਰ ਦਾ ਕਹਿਣਾ ਹੈ ਕਿ ਮੇਰੇ ਕੋਲ ਐਂਡਰਾਇਡ ਮੋਬਾਈਲ ਹੀ ਨਹੀਂ ਹੈ ਤਾਂ ਆਭਾ ਐਪ ਕਿਵੇਂ ਡਾਊਨਲੋਡ ਕਰਾਂ। ਹਸਪਤਾਲ ਕਰਮਚਾਰੀ ਵੀ ਬਿਨਾਂ ਐਪ ਦੇ ਪਰਚੀ ਨਹੀਂ ਬਣਾ ਰਹੇ। ਹਸਪਤਾਲ ਵਿਚ ਲਾਗੂ ਕੀਤਾ ਨਵਾਂ ਆਨਲਾਈਨ ਸਿਸਟਮ ਲੋਕਾਂ ਲਈ ਸਿਰਦਰਦ ਬਣਿਆ ਹੋਇਆ ਹੈ। -ਆਭਾ ਐਪ ਮੋਬਾਈਲ ’ਚ ਡਾਊਨਲੋਡ ਕਰਨਾ ਹਰ ਵਿਅਕਤੀ ਲਈ ਜ਼ਰੂਰੀ : ਐਮਐੱਸ ਮਾਤਾ ਕੌਸ਼ਲਿਆ ਹਸਪਤਾਲ ਦੇ ਐਮਐੱਸ ਡਾ. ਵਿਕਾਸ ਗੋਇਲ ਨੇ ਕਿਹਾ ਕਿ ਓਪੀਡੀ ਵਿਚ ਪਰਚੀ ਬਣਵਾਉਣ ਲਈ ਆਪਣੇ ਮੋਬਾਈਲ ਵਿਚ ਆਭਾ ਐਪ ਡਾਊਨਲੋਡ ਕਰਨਾ ਬਹੁਤ ਜ਼ਰੂਰੀ ਹੈ। ਸਰਕਾਰ ਵੱਲੋਂ ਹਸਪਤਾਲ ਦੀਆਂ ਸਾਰੀਆਂ ਸੇਵਾਵਾਂ ਨੂੰ ਡਿਜ਼ੀਟਲ ਕੀਤਾ ਜਾ ਰਿਹਾ ਹੈ, ਇਸ ਲਈ ਸਾਰਿਆਂ ਨੂੰ ਆਭਾ ਐਪ ਡਾਊਨਲੋਡ ਕਰਨ ਲਈ ਕਿਹਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਗਰੀਬ ਵਿਅਕਤੀ ਹੈ ਜਿਸ ਕੋਲ ਮੋਬਾਈਲ ਹੀ ਨਹੀਂ ਹੈ ਜਾਂ ਕੋਈ ਬਜ਼ੁਰਗ ਵਿਅਕਤੀ ਹੈ ਜਿਸ ਨੂੰ ਇਸ ਬਾਰੇ ਜਾਣਕਾਰੀ ਨਹੀਂ, ਤਾਂ ਉਸ ਦੀ ਪਰਚੀ ਸਿੱਧੀ ਬਣਾ ਦਿੱਤੀ ਜਾਂਦੀ ਹੈ ਪਰ ਆਉਣ ਵਾਲੇ ਸਮੇਂ ਵਿੱਚ ਹਰ ਵਿਅਕਤੀ ਲਈ ਆਪਣੇ ਮੋਬਾਈਲ ਵਿਚ ਇਹ ਐਪ ਡਾਊਨਲੋਡ ਕਰਨਾ ਲਾਜ਼ਮੀ ਹੋਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਸੋਮਵਾਰ ਨੂੰ ਉਹ ਖੁਦ ਓਪੀਡੀ ਦਾ ਦੌਰਾ ਕਰਨਗੇ ਅਤੇ ਜੇਕਰ ਕਿਸੇ ਵਿਅਕਤੀ ਨੂੰ ਕੋਈ ਸਮੱਸਿਆ ਆ ਰਹੀ ਹੋਵੇਗੀ ਤਾਂ ਉਸ ਦਾ ਹੱਲ ਕੀਤਾ ਜਾਵੇਗਾ।