ਮਾਤਾ ਗੁਜਰੀ ਕਾਲਜ ਦੇ ਸਟਾਫ਼ ਵੱਲੋਂ ਹੜ੍ਹ ਪੀੜਤਾਂ ਲਈ ਇੱਕ ਦਿਨ ਦੀ ਤਨਖਾਹ ਦਾ ਯੋਗਦਾਨ
ਮਾਤਾ ਗੁਜਰੀ ਕਾਲਜ ਦੇ ਸਟਾਫ਼ ਵੱਲੋਂ ਹੜ੍ਹ ਪੀੜਤਾਂ ਲਈ ਇੱਕ ਦਿਨ ਦੀ ਤਨਖਾਹ ਦਾ ਯੋਗਦਾਨ
Publish Date: Sat, 06 Sep 2025 06:12 PM (IST)
Updated Date: Sat, 06 Sep 2025 06:13 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਪੰਜਾਬ ਦੇ ਦੁੱਖ-ਸੁੱਖ ਵਿੱਚ ਹਮੇਸ਼ਾ ਸਾਂਝ ਪਾਉਣ ਵਾਲੀ ਮਹਾਨ ਧਰਤੀ ਸ੍ਰੀ ਫਤਹਿਗੜ੍ਹ ਸਾਹਿਬ ਦੀ ਸਿਰਮੌਰ ਸਿੱਖਿਆ ਸੰਸਥਾ ਮਾਤਾ ਗੁਜਰੀ ਕਾਲਜ ਇਕ ਵਾਰ ਫ਼ਿਰ ਆਪਣੀ ਸਮਾਜਿਕ ਜ਼ਿੰਮੇਵਾਰੀ ਦੇ ਪ੍ਰਤੀਕ ਵਜੋਂ ਸਾਹਮਣੇ ਆਇਆ ਹੈ। ਪੰਜਾਬ ਵਿੱਚ ਹੜ੍ਹਾਂ ਕਾਰਨ ਹੋਈ ਭਾਰੀ ਤਬਾਹੀ, ਜਿਸ ਨੇ ਹਜ਼ਾਰਾਂ ਪਰਿਵਾਰਾਂ ਨੂੰ ਬੇਘਰ ਕਰ ਦਿੱਤਾ ਅਤੇ ਆਮ ਜਨਜੀਵਨ ਨੂੰ ਠੱਪ ਕਰ ਦਿੱਤਾ, ਦੇ ਸਮੇਂ ਕਾਲਜ ਨੇ ਏਕਤਾ ਅਤੇ ਮਨੁੱਖਤਾ ਦੀ ਮਿਸਾਲ ਪੇਸ਼ ਕਰਦਿਆਂ ਆਪਣੇ ਸਮੂਹ ਸਟਾਫ਼ ਮੈਂਬਰਾਂ ਦੀ ਇੱਕ ਦਿਨ ਦੀ ਤਨਖਾਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੜ੍ਹ ਪੀੜਤ ਰਿਲੀਫ਼ ਫੰਡ ਵਿੱਚ ਭੇਟ ਕੀਤੀ ਹੈ। ਵਰਣਨਯੋਗ ਹੈ ਕਿ ਮਾਤਾ ਗੁਜਰੀ ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ ਨੇ ਹੜ੍ਹ ਰਾਹਤ ਕਾਰਜਾਂ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦੇ ਸਕੱਤਰ ਵਿੱਦਿਆ ਇੰਜੀਨੀਅਰ ਸੁਖਮਿੰਦਰ ਸਿੰਘ ਨੂੰ 5,80,580 ਰੁਪਏ ਦਾ ਚੈੱਕ ਭੇਟ ਕੀਤਾ। ਕਾਲਜ ਗਵਰਨਿੰਗ ਬਾਡੀ ਦੇ ਸਕੱਤਰ ਜਗਦੀਪ ਸਿੰਘ ਚੀਮਾ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਮੇਸ਼ਾ ਤੋਂ ਹੀ ਪ੍ਰਭਾਵਿਤ ਭਾਈਚਾਰਿਆਂ ਨੂੰ ਆਸਰਾ, ਭੋਜਨ, ਦਵਾਈਆਂ ਅਤੇ ਜ਼ਰੂਰੀ ਸਹਾਇਤਾ ਪ੍ਰਦਾਨ ਕਰਦੇ ਹੋਏ ਮਾਨਵਤਾਵਾਦੀ ਸੇਵਾ ਵਿੱਚ ਸਭ ਤੋਂ ਅੱਗੇ ਰਹੀ ਹੈ, ਇਸ ਲਈ ਸੰਕਟ ਦੇ ਸਮੇਂ ਇਹ ਸਾਡੀ ਸਮੂਹਿਕ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਪੀੜਤ ਲੋਕਾਂ ਦੇ ਨਾਲ ਖੜ੍ਹੇ ਹੋਈਏ। ਇਸ ਤੋਂ ਪਹਿਲਾਂ ਡਾਇਰੈਕਟਰ ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ ਨੇ ਚੈੱਕ ਸੌਂਪਦੇ ਹੋਏ ਕਿਹਾ ਕਿ ਕਿਸੇ ਵੀ ਸੰਕਟ ਦੇ ਸਮੇਂ ਕਾਲਜ ਦੀ ਭਾਈਚਾਰਕ ਸੇਵਾ ਦੀ ਸ਼ੁਰੂ ਤੋਂ ਪਰੰਪਰਾ ਰਹੀ ਹੈ ਅਤੇ ਇਹ ਕਦਮ ਨਾ ਸਿਰਫ਼ ਹੜ੍ਹ ਪੀੜਤਾਂ ਦੇ ਦੁੱਖਾਂ ਨੂੰ ਘਟਾਉਣ ਦੀ ਕੋਸ਼ਿਸ਼ ਹੈ, ਸਗੋਂ ਸਮਾਜ ਨੂੰ ਇਹ ਸੰਦੇਸ਼ ਵੀ ਦਿੰਦਾ ਹੈ ਕਿ ਜਦੋਂ ਵੀ ਕੌਮ ਮੁਸੀਬਤ ਵਿੱਚ ਹੋਵੇ, ਸਾਡੀ ਸਾਂਝੀ ਮਨੁੱਖਤਾ ਅਤੇ ਨਿਸ਼ਕਾਮ ਸੇਵਾ ਹੀ ਸਭ ਤੋਂ ਵੱਡੀ ਤਾਕਤ ਹੈ। ਕਾਲਜ ਦੇ ਵਾਈਸ ਪ੍ਰਿੰਸੀਪਲ ਡਾ. ਬਿਕਰਮਜੀਤ ਸਿੰਘ ਨੇ ਕਿਹਾ ਕਿ ਸਾਡੀ ਕੌਮ ਦੀ ਰੂਹ ‘ਸਰਬੱਤ ਦਾ ਭਲਾ’ ਅਤੇ ‘ਨਿਸ਼ਕਾਮ ਸੇਵਾ ਭਾਵਨਾ’ ਦੇ ਸੁਨੇਹੇ ਨਾਲ ਜੁੜੀ ਹੋਈ ਹੈ, ਇਸ ਲਈ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੂੰ ਰਾਹਤ ਕਾਰਜਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਪਾਉਣਾ ਚਾਹੀਦਾ ਹੈ।