ਮਾਰਕੀਟ ਕਮੇਟੀ ’ਤੇ ਲੱਗੇ ਵੱਧ ਬਿੱਲ ਪਾਸ ਕਰਾਉਣ ਦੇ ਦੋਸ਼
ਮਾਰਕੀਟ ਕਮੇਟੀ ਤੇ ਲੱਗੇ ਵੱਧ ਬਿੱਲ ਪਾਸ ਕਰਾਉਣ ਦੇ ਦੋਸ਼
Publish Date: Mon, 11 May 2026 05:50 PM (IST)
Updated Date: Tue, 12 May 2026 04:06 AM (IST)

ਮੁਕੇਸ਼ ਸਿੰਗਲਾ, ਪੰਜਾਬੀ ਜਾਗਰਣ ਭਵਾਨੀਗੜ੍ਹ : ਮਾਰਕੀਟ ਕਮੇਟੀ ਦਫ਼ਤਰ ਭਵਾਨੀਗੜ੍ਹ ਵਿਚ ਸੀਜ਼ਨ ਦੌਰਾਨ ਕੰਮ ਕਰਦੇ ਮਜ਼ਦੂਰਾਂ ਨੂੰ ਘੱਟ ਮੇਹਨਤਾਨਾ ਦੇ ਕੇ ਵੱਧ ਬਿੱਲ ਪਾਸ ਕਰਵਾਉਣ ਦੇ ਦੋਸ਼ ਸਾਹਮਣੇ ਆਏ ਹਨ। ਇਸ ਸਬੰਧੀ ਇਕ ਵਿਅਕਤੀ ਵੱਲੋਂ ਇੱਥੇ ਪੰਜਾਬ ਸਰਕਾਰ ਦੇ ਇੰਟਰੈਕਸ਼ਨ ਵਿਦ ਟਰੇਡਰਜ਼ ਪ੍ਰੋਗਰਾਮ ਦੌਰਾਨ ਹਲਕਾ ਵਿਧਾਇਕ ਅਤੇ ਐੱਸਡੀਐੱਮ ਦੀ ਮੌਜੂਦਗੀ ’ਚ ਪੰਜਾਬ ਸਰਕਾਰ ਦੀ ਪੰਜਾਬ ਪਬਲਿਕ ਗਰੀਵੀਅਨਸ ਪੋਰਟਲ ’ਤੇ ਆਨਲਾਈਨ ਸ਼ਿਕਾਇਤ ਭੇਜੀ ਗਈ। ਇਸ ਸਬੰਧੀ ਸ਼ਿਕਾਇਤ ਵਿਚ ਪਿੰਡ ਫੱਗੂਵਾਲਾ ਦੇ ਜਸਪਾਲ ਸਿੰਘ ਨੇ ਦੋਸ਼ ਲਾਇਆ ਕਿ ਮੰਡੀ ਦੇ ਸੀਜ਼ਨ ਦੌਰਾਨ ਮਜ਼ਦੂਰਾਂ ਤੋਂ ਪੂਰਾ ਕੰਮ ਲਿਆ ਜਾਂਦਾ ਹੈ ਪਰ ਉਨ੍ਹਾਂ ਨੂੰ ਨਿਰਧਾਰਿਤ ਤੋਂ ਘੱਟ ਭੁਗਤਾਨ ਕੀਤਾ ਜਾਂਦਾ ਹੈ ਜਦਕਿ ਕਾਗਜ਼ਾਂ ਵਿਚ ਵੱਧ ਰਕਮ ਦੇ ਬਿੱਲ ਦਰਸਾਏ ਜਾਂਦੇ ਹਨ। ਸ਼ਿਕਾਇਤਕਰਤਾ ਨੇ ਦੱਸਿਆ ਕਿ ਇਹ ਮਾਮਲਾ ਪਿਛਲੇ ਸੀਜ਼ਨ ਦੌਰਾਨ ਦਾ ਹੈ। ਉਨ੍ਹਾਂ ਪੰਜਾਬ ਸਰਕਾਰ ਤੇ ਸਬੰਧਿਤ ਅਧਿਕਾਰੀਆਂ ਕੋਲੋਂ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾ ਕੇ ਦੋਸ਼ੀਆਂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ। ਪ੍ਰੋਗਰਾਮ ਦੌਰਾਨ ਇਸ ਸ਼ਿਕਾਇਤ ਸਬੰਧੀ ਪੱਤਰਕਾਰਾਂ ਵੱਲੋਂ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਹਲਕਾ ਵਿਧਾਇਕ ਨੇ ਭਰੋਸਾ ਦਿਵਾਇਆ ਕਿ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਜਾਵੇਗੀ ਤੇ ਜੇਕਰ ਕੋਈ ਗੜਬੜ ਸਾਹਮਣੇ ਆਈ ਤਾਂ ਬਣਦੀ ਕਾਰਵਾਈ ਕੀਤੀ ਜਾਵੇਗੀ। ਐਸਡੀਐਮ ਨੇ ਵੀ ਲੋਕਾਂ ਦੀਆਂ ਸ਼ਿਕਾਇਤਾਂ ਨੂੰ ਗੰਭੀਰਤਾ ਨਾਲ ਲੈਣ ਦੀ ਗੱਲ ਕਹੀ। ਆਪਣੇ ਪੱਧਰ ’ਤੇ ਵੀ ਜਾਂਚ ਕਰਾਂਗੇ ਉੱਧਰ, ਮਾਮਲੇ ਵਿਚ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨੇ ਆਪਣੇ ਆਪ ਨੂੰ ਦੂਰ ਦੱਸਿਆ। ਉਨ੍ਹਾਂ ਦਾ ਕਹਿਣਾ ਸੀ ਕਿ ਮਜ਼ਦੂਰਾਂ ਨੂੰ ਭੁਗਤਾਨ ਠੇਕੇਦਾਰ ਰਾਹੀਂ ਕੀਤਾ ਜਾਂਦਾ ਹੈ। ਫਿਰ ਵੀ ਉਹ ਮਾਮਲੇ ਦੀ ਆਪਣੇ ਪੱਧਰ ’ਤੇ ਵੀ ਜਾਂਚ ਕਰਨਗੇ ਤਾਂ ਜੋ ਸੱਚਾਈ ਸਾਹਮਣੇ ਆ ਸਕੇ।