ਮੰਡੀਆਂ ’ਚ ਲੱਗੇ ਕਣਕ ਦੇ ਅੰਬਾਰ, ਵਿਕਣ ਦਾ ਇੰਤਜ਼ਾਰ
ਮੰਡੀਆਂ ’ਚ ਲੱਗੇ ਕਣਕ ਦੇ ਅੰਬਾਰ- ਵਿਕਣ ਦਾ ਇੰਤਜਾਰ- ਕਿਸਾਨ ਪਰੇਸ਼ਾਨ
Publish Date: Tue, 14 Apr 2026 07:05 PM (IST)
Updated Date: Tue, 14 Apr 2026 07:09 PM (IST)

ਪਰਗਟ ਸਿੰਘ•, ਪੰਜਾਬੀ ਜਾਗਰਣ, •ਪਟਿਆਲਾ : ਭਾਵੇਂ ਕਿ ਪੰਜਾਬ ਸਰਕਾਰ ਵੱਲੋਂ 1 ਅਪ੍ਰੈਲ ਤੋਂ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਸੀ ਪਰ ਪਹਿਲਾਂ ਖਰਾਬ ਮੌਸਮ ਤੇ ਆੜ੍ਹਤੀਆਂ ਦੀ ਹੜਤਾਲ ਅਤੇ ਹੁਣ ਖਰੀਦ ਏਜੰਸੀਆਂ ਵੱਲੋਂ ਕਣਕ ਦੀ ਕੁਆਲਿਟੀ ਨੂੰ ਲੈ ਕੇ ਖਰੀਦ ’ਚ ਅਸਮਰਥਾ ਕਾਰਨ ਕਣਕ ਨਾ ਵਿਕਣ ਕਾਰਨ ਕਿਸਾਨ ਇਕ ਵਾਰ ਫਿਰ ਬੇਵਸ ਹੋਇਆ ਮਹਸੂਸ ਕਰ ਰਿਹਾ ਹੈ ਅਤੇ ਆਪਣੀ ਫਸਲ ਵੇਚਣ ਲਈ ਕਈ ਕਈ ਦਿਨਾਂ ਤੋਂ ਮੰਡੀਆਂ ’ਚ ਬੈਠਾ ਇੰਤਜਾਰ ਕਰ ਰਿਹਾ ਹੈ। ਹਲਾਤ ਇਹ ਹਨ ਕਿ ਜ਼ਿਲ੍ਹੇ ਦੀਆਂ ਮੰਡੀਆਂ ਨੱਕੋ ਨੱਕ ਭਰ ਗਈਆਂ ਹਨ ਪਰ ਖਰੀਦ ਨਾ ਹੋਣ ਕਾਰਨ ਅੰਨਦਾਤਾ ਪਰੇਸ਼ਾਨੀ ਦੇ ਆਲ੍ਹਮ ’ਚ ਹੈ। ਮੰਗਲਵਾਰ ਤੱਕ ਭਾਵੇ ਸ਼ਹਿਰ ਦੀ ਮੰਡੀ ’ਚ ਤਾਂ ਖਰੀਦ ਕਰਦਿਆਂ ਕਣਕ ਦੀ ਤੁਲਾਈ ਕੀਤੀ ਗਈ ਪਰ ਪੇਂਡੂ ਖੇਤਰਾਂ ਦੀਆਂ ਆਰਜੀ ਮੰਡੀਆਂ ’ਚ ਹਲਾਤ ਬਹੁਤੇ ਸੁਖਾਵੇਂ ਨਹੀਂ ਹਨ ਤੇ ਅਣ-ਵਿਕੀ ਕਣਕ ਦੇ ਅੰਬਾਰ ਲੱਗੇ ਹੋਏ ਹਨ। ਕਈ ਖਰੀਦ ਕੇਂਦਰਾਂ ਦਾ ਹਾਲ ਇਹ ਹੈ ਕਿ ਥਾਂ ਦੀ ਘਾਟ ਕਾਰਨ ਕਿਸਾਨਾਂ ਤੇ ਆੜ੍ਹਤੀਆਂ ਨੂੰ ਕਣਕ ਉਤਾਰਨ ’ਚ ਪਰੇਸ਼ਾਨੀਆਂ ਦਾ ਸਾਹਮਣਾ ਵੀ ਪੈ ਰਿਹਾ ਹੈ। ਕਿਸਾਨ ਕਈ ਦਿਨਾਂ ਤੋਂ ਕਣਕ ਦੀ ਖਰੀਦ ਨਾ ਹੋਣ ਕਿਸਾਨ ਮੰਡੀਆਂ ’ਚ ਰਾਤਾਂ ਕੱਟਣ ਲਈ ਮਜਬੂਰ ਹਨ। ਜਾਣਕਾਰੀ ਅਨੁਸਾਰ ਜ਼ਿਲ੍ਹੇ ’ਚ ਕਣਕ ਦੀ ਕਟਾਈ ਦਾ ਸੀਜਨ ਪੂਰੇ ਪੀਕ ’ਤੇ ਹੈ ਅਤੇ 14 ਅਪ੍ਰੈਲ ਤੱਕ ਮੰਡੀਆਂ ’ਚ ਲੱਖਾਂ ਮੀਟ੍ਰਿਕ ਟਨ ਕਣਕ ਦੀ ਆਮਦ ਮੰਡੀਆਂ ’ਚ ਹੋ ਚੁੱਕੀ ਹੈ ਤੇ ਕਿਸਾਨ ਆਪਣੀ ਵਾਰੀ ਦਾ ਇੰਤਜਾਰ ਕਰ ਰਹੇ ਹਨ। ਸਰਕਾਰ ਦੇ ਦਾਅਵੇ ਅਨੁਸਾਰ ਕਿਸਾਨਾਂ ਨੂੰ ਆਪਣੀ ਫਸਲ ਵੇਚਣ ਲਈ ਕੋਈ ਦਿੱਕਤ ਨਹੀਂ ਆਵੇਗੀ ਪਰ ਹਲਾਤ ਉਲਟ ਬਣਦੇ ਜਾ ਰਹੇ ਹਨ। ਪਹਿਲਾਂ ਮੌਸਮ ਦੀ ਮਾਰ ਤੇ ਫਿਰ ਆੜ੍ਹਤੀਆਂ ਦੀ ਹੜਤਾਲ ਤੇ ਹੁਣ ਖਰੀਦ ਏਜੰਸੀਆਂ ਵੱਲੋਂ ਤਹਿ ਮਾਪਦੰਡਾਂ ਤੋਂ ਘੱਟ ਕਣਕ ਦੀ ਖਰੀਦ ਨਾ ਕਰਨ ਤੋਂ ਖਫਾ ਕਿਸਾਨ ਸੰਘਰਸ਼ ਦਾ ਰਾਹ ਅਪਣਾਉਣ ਲਈ ਮਜਬੂਰ ਹਨ, ਜਿਸ ਸਬੰਧੀ ਕਿਸਾਨ ਯੂਨੀਅਨ ਦੇ ਨੁਮਾਇੰਦਿਆਂ ਨੇ ਆਖਿਆ ਕਿ ਜੇਕਰ ਖਰੀਦ ਸੁਰੂ ਨਾ ਹੋਈ ਤਾਂ ਕਿਸਾਨ ਸ਼ੜਕਾਂ ’ਤੇ ਉਤਰਨਗੇ। ਦੂਜੇ ਪਾਸੇ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਹੜਤਾਲ ਕੋਈ ਨਹੀ ਹੈ ਪਰ ਬਰਸਾਤ ਉਪਰੰਤ ਕਣਕ ਮਿਆਰੀ ਮਾਪਦੰਡਾਂ ’ਤੇ ਖਰਾਂ ਨਹੀਂ ਉਤਰਦੀ, ਜਿਸ ਕਾਰਨ ਖਰੀਦ ਕਰਨਾ ਅਸੰਭਵ ਹੈ। ਸਰਕਾਰ ਵੱਲੋਂ ਜਾਰੀ ਪੱਤਰ ’ਚ ਲਿਖਿਆ ਹੈ ਕਿ ਜੋ ਕਣਕ ਸਰਕਾਰੀ ਮਾਪਦੰਡਾਂ ’ਚ ਨਹੀਂ ਆਉਂਦੀ ਉਸਦੀ ਖਰੀਦ ਨਾ ਕੀਤੀ ਜਾਵੇ ਅਤੇ ਜੇਕਰ ਕੋਈ ਅਧਿਕਾਰੀ ਖਰੀਦ ਕਰੇਗਾਂ ਤਾ ਉਹ ਆਪ ਜ਼ਿੰਮੇਵਾਰ ਹੋਵੇਗਾ। ਜਾਣਕਾਰੀ ਅਨੁਸਾਰ ਕੇਂਦਰ ਸਰਕਾਰ ਦੀਆਂ ਟੀਮਾਂ ਨੇ ਸੂਬੇ ਦੀਆਂ ਮੰਡੀਆਂ ’ਚ ਕਣਕ ਦੇ ਸੈਂਪਲ ਲਏ ਹਨ ਤੇ ਪਟਿਆਲਾ ਜ਼ਿਲ੍ਹੇ ਵਿਚੋਂ ਵੀ ਦੋ ਦਰਜਨ ਦੇ ਕਰੀਬ ਸੈਂਪਲ ਕੁਲੈਕਟ ਕੀਤੇ ਗਏ ਹਨ। ਇਸ ਸਬੰਧੀ ਕਿਸਾਨ ਗੁਰਜੀਤ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਪੰਜ ਦਿਨਾਂ ਤੋਂ ਕਣਕ ਲੈ ਕੇ ਮੰਡੀ ਵਿਚ ਬੈਠੇ ਹਨ ਪਰ ਖਰੀਦ ਨਾ ਹੋਣ ਕਾਰਨ ਕਣਕ ਦੀ ਤੁਲਾਈ ਨਹੀਂ ਹੋਈ। ਕਿਸਾਨ ਮਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ 6 ਅਪਰੈਲ ਨੂੰ ਕਣਕ ਦੀ ਕਟਾਈ ਕੀਤੀ ਸੀ ਪਰ ਹਾਲੇ ਤੱਕ ਬੋਲੀ ਨਹੀਂ ਹੋਈ। ਅਜਿਹੇ ਹਲਾਤਾਂ ਬਾਰੇ ਹੋਰਨਾਂ ਕਿਸਾਨਾਂ ਦੇ ਵੀ ਅਜਿਹੇ ਹੀ ਵਿਚਾਰ ਸਨ। ਦੂਜੇ ਪਾਸੇ ਆੜ੍ਹਤੀਆਂ ਦਾ ਕਹਿਣਾ ਹੈ ਕਿ ਇੱਕ ਪਾਸੇ ਖਰੀਦ ਪ੍ਰਕਿਰਿਆ ’ਚ ਤੇਜ਼ੀ ਨਾ ਆਉਣ ਕਾਰਨ ਪਰੇਸ਼ਾਨੀ ਹੈ ਜਦੋਂਕਿ ਦੂਜੇ ਪਾਸੇ ਕਈ ਕਈ ਦਿਨਾਂ ਤੋਂ ਕਿਸਾਨ ਫਸਲ ਤੋਲਣ ਦਾ ਦਬਾਅ ਬਣਾ ਰਹੇ ਹਨ। ਕਈ ਮੰਡੀਆਂ ’ਚ ਆੜ੍ਹਤੀਆਂ ਵੱਲੋਂ ਇਹ ਕਹਿੰਦਿਆ ਆਪਣੇ ਪੱਧਰ ’ਤੇ ਵੀ ਕਣਕ ਦੀ ਤੁਲਾਈ ਕਰਕੇ ਰੱਖੀ ਜਾਣ ਲੱਗੀ ਹੈ ਕਿ ਜੋ ਛੋਟ ਜਾਂ ਐਲਾਨ ਹੋਵੇਗਾ ਉਹ ਬਾਅਦ ’ਚ ਦੇਖਿਆ ਜਾਵੇਗਾ। --ਖਰੀਦ ਜਾਰੀ ਹੈ- ਡੀਐਫਐਸਸੀ ਇਸ ਸਬੰਧੀ ਜ਼ਿਲ੍ਹਾ ਖੁਰਾਕ ਸਿਵਲ ਤੇ ਸਪਲਾਈ ਅਧਿਕਾਰੀ (ਡੀਐਫਐਸਸੀ) ਰਵਿੰਦਰ ਕੌਰ ਨੇ ਆਖਿਆ ਕਿ ਕਣਕ ਦੀ ਖਰੀਦ ਬੰਦ ਨਹੀਂ ਹੈ ਤੇ ਵੱਖ ਵੱਖ ਖਰੀਦ ਏਜੰਸ਼ੀਆਂ ਵੱਲੋਂ ਖਰੀਦ ਕੀਤੀ ਜਾ ਰਹੀ। ਉਨ੍ਹਾਂ ਆਖਿਆ ਕਿ ਬਰਸਾਤ ਕਾਰਨ ਖਰਾਬ ਹੋਈ ਕਣਕ ਜੋ ਤਹਿ ਮਾਪਦੰਡਾਂ ’ਤੇ ਖਰਾ ਨਹੀਂ ਉਤਰਦੀ ਉਸ ਸਬੰਧੀ ਖਰੀਦ ਏਜੰਸੀਆਂ ਵੱਲੋਂ ਖਰੀਦ ਕਰਨ ਤੋਂ ਅਸਮਰਥਾ ਪ੍ਰਗਟਾਈ ਹੈ, ਜਿਸ ਸਬੰਧੀ ਕੇਂਦਰੀ ਟੀਮਾਂ ਵੱਲੋਂ ਜਿਲ੍ਹੇ ’ਚੋਂ ਲਏ ਗਏ ਸੈਂਪਲਾਂ ਸਬੰਧੀ ਕਾਰਵਾਈ ਜਾਰੀ ਹੈ ਤੇ ਉਮੀਦ ਹੈ ਕਿ ਬੁੱਧਵਾਰ ਤੱਕ ਰਿਪੋਰਟ ਆ ਜਾਵੇਗੀ ਤੇ ਖਰੀਦ ’ਚ ਹੋਰ ਤੇਜੀ ਹੋਵੇਗੀ। ਉਨ੍ਹਾਂ ਦੱਸਿਆ ਕਿ 13 ਅਪ੍ਰੈਲ ਤੱਕ 20 ਹਜਾਰ ਮਿਟਰਿਕ ਟਨ ਕਣਕ ਦੀ ਖਰੀਦ ਹੋ ਚੁੱਕੀ ਤੇ ਕਿਸਾਨਾਂ ਦੀ ਪੇਮੈਂਟ ਦੀ ਵੀ 24 ਘੰਟਿਆਂ ’ਚ ਅਦਾਇਗੀ ਕੀਤੀ ਜਾ ਰਹੀ। ਡੱਬੀ- -ਕੇਂਦਰ ਤੁਰੰਤ ਰਾਹਤ ਦੇਵੇ : ਸੂਬਾ ਪ੍ਰਧਾਨ ਰਾਣਾ ਇਸ ਸਬੰਧੀ ਆੜ੍ਹਤੀ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਰਾਣਾ ਨੇ ਕੇਂਦਰ ਸਰਕਾਰ ਨੂੰ ਅਪੀਲ ਕਰਦਿਆਂ ਆਖਿਆ ਕਿ ਖਰੀਦ ਮਾਪਦੰਡਾਂ ’ਚ ਤੁਰੰਤ ਛੋਟ ਦਿੱਤੀ ਜਾਵੇ ਤਾਂ ਜੋ ਕਣਕ ਦੀ ਖਰੀਦ ਸੁਰੂ ਹੋ ਸਕੇ। ਉਨ੍ਹਾਂ ਦੱਸਿਆ ਕਿ ਕੇਂਦਰੀ ਟੀਮਾਂ ਵੱਖ ਵੱਖ ਮੰਡੀਆਂ ’ਚੋਂ ਸੈਂਪਲ ਲੈ ਕਾਰਵਾਈ ਪੂਰੀ ਕਰ ਚੁੱਕੀਆਂ ਹਨ ਤੇ ਕੇਂਦਰ ਸਰਕਾਰ ਜਲਦ ਫੈਸਲਾ ਲਵੇ। ਉਨ੍ਹਾਂ ਆਖਿਆ ਕਿ ਖਰੀਦ ਏਜੰਸੀਆਂ ਵੱਲੋਂ ਖਰੀਦ ’ਚ ਅਸਰਮਥਾ ਪ੍ਰਗਟਾਉਣ ਕਾਰਨ ਮੰਡੀਆਂ ’ਚ ਥਾਂ ਦੀ ਘਾਟ ਹੋਣ ਲੱਗੀ ਹੈ ਕਿਉਂਕਿ ਵੱਡੀ ਗਿਣਤੀ ’ਚ ਕਣਕ ਦੀ ਆਮਦ ਲਗਾਤਾਰ ਹੋ ਰਹੀ ਹੈ। ਉਨ੍ਹਾਂ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਜਲਦ ਫੈਸਲਾ ਲੈ ਕੇ ਖਰੀਦ ਸੁਰੂ ਕਰਵਾਈ ਜਾਵੇ। - ਬੁੱਧਵਾਰ ਤੋਂ ਰੋਡ ਕਰਾਂਗੇ ਜਾਮ- ਕਿਸਾਨ ਆਗੂ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸੂਬਾ ਜਨਰਲ ਸਕੱਤਰ ਜਗਮੋਹਣ ਸਿੰਘ ਪਟਿਆਲਾ ਅਤੇ ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ ਨੇ ਆਖਿਆ ਕਿ ਅਧਿਕਾਰੀਆਂ ਨੇ ਵਿਸ਼ਵਾਸ ਦਿਵਾਇਆ ਸੀ ਕਿ ਮੰਗਲਵਾਰ ਦੁਪਹਿਰ ਤੋਂ ਖਰੀਦ ਏਜੰਸੀਆਂ ਖਰੀਦ ਕਰਨੀਆਂ ਪਰ ਅਜਿਹਾ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਚੰਗੀ ਕਿਸਮ ਅਤੇ ਸੁੱਕੀ ਹੋਈ ਕਣਕ ਨਾਲ ਮੰਡੀਆਂ ਭਰੀਆਂ ਪਈਆਂ ਹਨ ਅਤੇ ਜੇ ਇਹ ਟਾਲਮਟੋਲ ਵਾਲੀ ਨੀਤੀ ਬੁੱਧਵਾਰ ਨੂੰ ਵੀ ਜਾਰੀ ਰਹੀ ਤਾਂ ਫਿਰ ਸਾਡੀ ਜਥੇਬੰਦੀ ਵੱਲੋਂ ਮੰਡੀਆਂ ਨੇੜੇ ਮੁੱਖ ਸੜਕਾਂ ਨੂੰ ਜਾਮ ਕਰ ਦਿੱਤਾ ਜਾਵੇਗਾ। ਆਗੂਆ ਦਾ ਕਹਿਣਾ ਹੈ ਕਿ ਜਿਹੜੀ ਚੰਗੀ ਕਣਕ ਮੰਡੀਆਂ ’ਚ ਆਈ ਹੈ ਉਹ ਖਰੀਦੀ ਨਹੀਂ ਜਾ ਰਹੀ ਤੇ ਜੋ ਬਰਸਾਤ ਤੇ ਗੜੇਮਾਰੀ ਨਾਲ ਬਰਬਾਦ ਹੋਈ ਹੈ, ਉਸ ਦਾ ਮੁਆਵਜ਼ਾ ਤਾਂ ਕੀ ਦੇਣਾ ਸੀ ਅਜੇ ਤੱਕ ਐਲਾਨ ਵੀ ਨਹੀਂ ਕੀਤਾ ਗਿਆ ।