ਨਸ਼ਾ ਸਮੱਗਲਰ ਨੂੰ 12 ਸਾਲ ਦੀ ਕੈਦ
ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤੇ ਵਿਅਕਤੀ ਨੂੰ 12 ਸਾਲ ਦੀ ਕੈਦ
Publish Date: Mon, 20 Apr 2026 06:46 PM (IST)
Updated Date: Mon, 20 Apr 2026 06:48 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਕਰੀਬ ਚਾਰ ਸਾਲ ਪਹਿਲਾਂ ਸੀਆਈਏ ਸਟਾਫ਼ ਸਰਹਿੰਦ ਵੱਲੋਂ ਅਮਲੋਹ ਨਜ਼ਦੀਕ ਬਾਰਾਂ ਹਜ਼ਾਰ ਪਾਬੰਦੀਸ਼ੁਦਾ ਗੋਲੀਆਂ ਸਮੇਤ ਕਾਬੂ ਕੀਤੇ ਗਏ ਇਕ ਵਿਅਕਤੀ ਨੂੰ ਸਥਾਨਕ ਅਦਾਲਤ ਨੇ ਕੈਦ ਅਤੇ ਜ਼ੁਰਮਾਨੇ ਦੀ ਸਜ਼ਾ ਸੁਣਾਈ ਹੈ। ਜ਼ਿਕਰਯੋਗ ਹੈ ਕਿ 19 ਜੁਲਾਈ 2022 ਨੂੰ ਪੁਲ ਸੂਆ ਅੰਨੀਆਂ ਨਜ਼ਦੀਕ ਚੈਕਿੰਗ ਦੌਰਾਨ ਸਹਾਇਕ ਥਾਣੇਦਾਰ ਦੀ ਅਗਵਾਈ ਹੇਠ ਸੀਆਈਏ ਸਟਾਫ਼ ਦੀ ਟੀਮ ਨੇ ਸਕੂਟਰ ਸਵਾਰ ਜਨਕ ਰਾਜ ਵਾਸੀ ਪਿੰਡ ਪੋਪਨਾ (ਮੋਹਾਲੀ) ਨੂੰ ਸ਼ੱਕ ਦੇ ਅਧਾਰ ਤੇ ਰੋਕਿਆ ਸੀ। ਜਾਂਚ ਦੌਰਾਨ ਡੀਐਸਪੀ ਦੀ ਮੌਜੂਦਗੀ ਵਿੱਚ ਜਦੋਂ ਜਨਕ ਰਾਜ ਦੇ ਬੈਗ ਦੀ ਤਲਾਸ਼ੀ ਲਈ ਗਈ ਤਾਂ ਉਸ ਵਿੱਚੋਂ 12000 ਪਾਬੰਦੀਸ਼ੁਦਾ ਲੋਮੋਟਿਲ ਗੋਲੀਆਂ ਬਰਾਮਦ ਹੋਈਆਂ। ਇਸ ਸਬੰਧੀ ਥਾਣਾ ਅਮਲੋਹ ਵਿਖੇ ਐਨਡੀਪੀਐਸ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਪੁੱਛਗਿੱਛ ਦੇ ਅਧਾਰ ਤੇ ਪੁਲਿਸ ਨੇ ਇਸ ਮਾਮਲੇ ਵਿਚ ਸੁਨੀਲ ਤੇ ਭਗਵਾਨ ਵਾਸੀ ਸਹਾਰਨਪੁਰ ਨੂੰ ਵੀ ਨਾਮਜ਼ਦ ਕੀਤਾ ਸੀ। ਮੁਕੱਦਮੇ ਦੀ ਸੁਣਵਾਈ ਮੁਕੰਮਲ ਹੋਣ ਉਪਰੰਤ ਫਤਹਿਗੜ੍ਹ ਸਾਹਿਬ ਦੀ ਸਪੈਸ਼ਲ ਅਦਾਲਤ ਨੇ ਜਨਕ ਰਾਜ ਨੂੰ ਦੋਸ਼ੀ ਕਰਾਰ ਦਿੰਦਿਆਂ 12 ਸਾਲ ਦੀ ਕੈਦ ਅਤੇ 1,00,000 ਰੁਪਏ ਜ਼ੁਰਮਾਨੇ ਦੀ ਸਜ਼ਾ ਸੁਣਾਈ ਹੈ। ਜ਼ੁਰਮਾਨਾ ਨਾ ਭਰਨ ਦੀ ਸੂਰਤ ’ਚ ਦੋਸ਼ੀ ਨੂੰ ਵਾਧੂ ਸਜ਼ਾ ਕੱਟਣੀ ਪਵੇਗੀ। ਇਸੇ ਮਾਮਲੇ ਵਿੱਚ ਨਾਮਜ਼ਦ ਦੂਜੇ ਦੋ ਵਿਅਕਤੀਆਂ ਸੁਨੀਲ ਅਤੇ ਭਗਵਾਨ ਨੂੰ ਅਦਾਲਤ ਨੇ ਬਰੀ ਕਰਨ ਦਾ ਹੁਕਮ ਦਿੱਤਾ ਹੈ।