ਮਾਲੇਰਕੋਟਲਾ ਪੁਲਿਸ ਨੇ ਅੰਨ੍ਹੇ ਕਤਲ ਕੇਸ ਦੀ ਗੁੱਥੀ ਸੁਲਝਾਈ, ਦੋਸ਼ੀ ਕਾਬੂ

ਵਾਰਦਾਤ ਨੂੰ 24 ਘੰਟਿਆਂ ਅੰਦਰ ਟਰੇਸ ਕਰਕੇ 2 ਦੋਸ਼ੀਆਂ ਨੂੰ ਕੀਤਾ ਗ੍ਰਿਫ਼ਤਾਰ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਲੇਰਕੋਟਲਾ : ਲੰਘੇ ਦਿਨੀਂ ਪਿੰਡ ਕੰਗਣਵਾਲ ਵਿਚ ਹੋਏ ਕਤਲ ਮਾਮਲੇ ਨੂੰ ਸੁਲਝਾਉਦਿਆਂ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅਸਲ ’ਚ ਇਹ ਮਾਮਲਾ ਪੈਸਿਆਂ ਦੇ ਦੇਣ ਲੈਣ ਨਾਲ ਜੁੜਿਆ ਹੋਇਆ ਸੀ। ਐੱਸਐੱਸਪੀ ਗੁਰਮੀਤ ਸਿੰਘ ਨੇ ਦੱਸਿਆ ਕਿ 22 ਮਈ ਨੂੰ 112 ਹੈੱਲਪਲਾਈਨ ਕੰਟਰੋਲ ਰੂਮ ਮਾਲੇਰਕੋਟਲਾ ਵਿਖੇ ਸੂਚਨਾ ਪ੍ਰਾਪਤ ਹੋਈ ਕਿ ਪਿੰਡ ਕੰਗਣਵਾਲ ਵਿਖੇ ਇਕ ਵਿਅਕਤੀ ਦਾ ਕਤਲ ਹੋਇਆ ਹੈ। ਸੂਚਨਾ ਮਿਲਣ ਉਪਰੰਤ ਮੁੱਖ ਅਫ਼ਸਰ ਥਾਣਾ ਸਦਰ ਅਹਿਮਦਗੜ੍ਹ ਵੱਲੋਂ ਮੌਕੇ ’ਤੇ ਪਹੁੰਚ ਕੇ ਜਾਂਚ ਕੀਤੀ ਗਈ ਤੇ ਮੌਕੇ ’ਤੇ ਮੌਜੂਦ ਮਨਦੀਪ ਸਿੰਘ ਪੁੱਤਰ ਹਰਕੇਸ਼ ਸਿੰਘ ਵਾਸੀ ਕੰਗਣਵਾਲ ਦੇ ਬਿਆਨਾਂ ਦੇ ਆਧਾਰ ’ਤੇ ਮੁਕੱਦਮਾ ਦਰਜ ਕੀਤਾ ਗਿਆ।
ਬਿਆਨ ਅਨੁਸਾਰ ਮ੍ਰਿਤਕ ਹਰਬਿੰਦਰ ਸਿੰਘ ਉਰਫ਼ ਬਿੰਦਾ ਆਪਣੇ ਘਰ ਵਿਚ ਇਕੱਲਾ ਰਹਿੰਦਾ ਸੀ। ਜਦੋਂ ਬਿਆਨਕਰਤਾ ਉਸ ਦੇ ਘਰ ਪਹੁੰਚਿਆ ਤਾਂ ਉਹ ਕਿਤੇ ਨਹੀਂ ਮਿਲਿਆ। ਤਲਾਸ਼ ਕਰਨ ’ਤੇ ਉਸ ਦੀ ਲਾਸ਼ ਕਬੂਤਰਾਂ ਵਾਲੇ ਕਮਰੇ (ਖੁੱਡੇ) ਵਿੱਚੋਂ ਮਿਲੀ, ਜਿਸ ਦੇ ਹੱਥ-ਪੈਰ ਬੰਨ੍ਹੇ ਹੋਏ ਸਨ। ਇਸ ਉਪਰੰਤ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਪੁਲਿਸ ਵੱਲੋਂ ਮੁਕੱਦਮਾ ਦਰਜ ਕੀਤਾ ਗਿਆ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਐੱਸ.ਐੱਸ.ਪੀ. ਮਾਲੇਰਕੋਟਲਾ ਵੱਲੋਂ ਕਪਤਾਨ ਪੁਲਿਸ ਪੀਬੀਆਈ ਰਾਜਵਿੰਦਰ ਸਿੰਘ ਰੰਧਾਵਾ ਦੀ ਨਿਗਰਾਨੀ ਹੇਠ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ। ਟੀਮ ਵੱਲੋਂ ਫੋਰੈਂਸਿਕ ਟੀਮ ਦੀ ਮਦਦ ਨਾਲ ਸਬੂਤ ਇਕੱਠੇ ਕਰ ਕੇ ਤਕਨੀਕੀ ਆਧਾਰ ’ਤੇ ਜਾਂਚ ਅੱਗੇ ਵਧਾਈ ਗਈ।
ਜਾਂਚ ਦੌਰਾਨ ਸਾਹਮਣੇ ਆਈ ਜਾਣਕਾਰੀ ਦੇ ਆਧਾਰ ’ਤੇ ਮਨਦੀਪ ਸਿੰਘ ਉਰਫ਼ ਕਾਲਾ ਵਾਸੀ ਕੰਗਣਵਾਲ ਤੇ ਸੰਦੀਪ ਸਿੰਘ ਵਾਸੀ ਦਸੌਂਧਾ ਸਿੰਘ ਵਾਲਾ ਹਾਲ ਵਾਸੀ ਸੰਦੌੜ ਨੂੰ ਸ਼ੱਕ ਦੇ ਆਧਾਰ ’ਤੇ ਪੁੱਛਗਿੱਛ ਕੀਤੀ ਗਈ। ਪੁੱਛਗਿੱਛ ਦੌਰਾਨ ਦੋਸ਼ੀਆਂ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਦੀ ਮ੍ਰਿਤਕ ਨਾਲ ਪੈਸਿਆਂ ਦੇ ਲੈਣ-ਦੇਣ ਸਬੰਧੀ ਜਾਣ-ਪਛਾਣ ਸੀ। ਦੋਸ਼ੀਆਂ ਨੇ ਆਪਣਾ ਕੁਝ ਸਾਮਾਨ ਮ੍ਰਿਤਕ ਕੋਲ ਗਿਰਵੀ ਰੱਖ ਕੇ ਉਸ ਤੋਂ ਪੈਸੇ ਲਏ ਹੋਏ ਸਨ ਤੇ ਮ੍ਰਿਤਕ ਵੱਲੋਂ ਉਹ ਪੈਸੇ ਵਾਪਸ ਮੰਗੇ ਜਾ ਰਹੇ ਸਨ। ਇਸੇ ਰੰਜਿਸ਼ ਕਰ ਕੇ ਦੋਸ਼ੀਆਂ ਨੇ ਹਰਬਿੰਦਰ ਸਿੰਘ ਦੇ ਹੱਥ-ਪੈਰ ਬੰਨ੍ਹ ਕੇ ਉਸ ਨੂੰ ਕਮਰੇ (ਖੁੱਡੇ) ਵਿੱਚ ਬੰਦ ਕਰ ਦਿੱਤਾ। ਜਦੋਂ ਮ੍ਰਿਤਕ ਰੌਲਾ ਪਾਉਣ ਲੱਗਾ ਤਾਂ ਦੋਸ਼ੀਆਂ ਨੇ ਉਸ ਦਾ ਮੂੰਹ ਬੰਦ ਕਰਕੇ ਗਲਾ ਘੁੱਟ ਕੇ ਕਤਲ ਕਰ ਦਿੱਤਾ ਤੇ ਲਾਸ਼ ਨੂੰ ਕਬੂਤਰਾਂ ਵਾਲੇ ਕਮਰੇ (ਖੁੱਡੇ) ’ਚ ਬੰਦ ਕਰ ਦਿੱਤਾ।
ਪੁਲਿਸ ਵੱਲੋਂ ਦੋਵੇਂ ਦੋਸ਼ੀਆਂ ਨੂੰ ਨਾਮਜ਼ਦ ਕਰ ਕੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਦੋਸ਼ੀਆਂ ਤੋਂ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕਰ ਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ।