ਨਾਭਾ ਕੌਂਸਲ ਚੋਣਾਂ: 23 ’ਚੋਂ ਸਿਰਫ 16 ਵਾਰਡਾਂ ’ਚ ਅਕਾਲੀ ਦਲ ਦੇ ਉਮੀਦਵਾਰ
ਨਾਭਾ ਕੌਂਸਲ ਚੋਣਾਂ: 23 ’ਚੋਂ ਸਿਰਫ 16 ਵਾਰਡਾਂ ’ਚ ਸ੍ਰੋਮਣ ਅਕਾਲੀ ਦਲ ਦੇ ਉਮੀਦਵਾਰ
Publish Date: Wed, 20 May 2026 06:31 PM (IST)
Updated Date: Wed, 20 May 2026 06:34 PM (IST)

-ਭਾਜਪਾ ਤੋਂ ਘੱਟ ਵਾਰਡਾਂ ’ਚ ਅਕਾਲੀ ਦਲ ਦੇ ਉਮੀਦਵਾਰ -ਪੂਰੇ ਵਾਰਡਾਂ ਲਈ ਨਹੀਂ ਮਿਲੇ ਉਮੀਦਵਾਰ, ਆਪਸੀ ਫੁੱਟ ਆਈ ਸਾਹਮਣੇ ਫੋਟੋ : 20ਪੀਟੀਐਲ: 31 ਅਮਨਦੀਪ ਸਿੰਘ ਲਵਲੀ, ਪੰਜਾਬੀ ਜਾਗਰਣ, ਨਾਭਾ : ਪੰਜਾਬ ਭਰ ’ਚ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੋ ਚੁੱਕੀਆਂ ਹਨ ਅਤੇ ਚੋਣ ਅਖਾੜਾ ਪੂਰੀ ਤਰ੍ਹਾਂ ਭਖ ਗਿਆ ਹੈ। ਜੇਕਰ ਇਤਿਹਾਸਕ ਅਤੇ ਵਿਰਾਸਤੀ ਸ਼ਹਿਰ ਨਾਭਾ ਦੀ ਗੱਲ ਕੀਤੀ ਜਾਵੇ, ਤਾਂ ਇੱਥੋਂ ਦੇ ਕੁੱਲ 23 ਵਾਰਡਾਂ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਅੱਡੀ-ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ। ਪਰ ਸਭ ਤੋਂ ਦਿਲਚਸਪ ਅਤੇ ਹੈਰਾਨੀਜਨਕ ਸਥਿਤੀ ਪੰਥਕ ਅਖਵਾਉਣ ਵਾਲੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਬਣੀ ਹੋਈ ਹੈ, ਜਿਸ ਨੂੰ ਨਾਭਾ ਦੇ ਸਾਰੇ 23 ਵਾਰਡਾਂ ਵਿੱਚ ਚੋਣ ਲੜਾਉਣ ਲਈ ਉਮੀਦਵਾਰ ਤੱਕ ਨਸੀਬ ਨਹੀਂ ਹੋਏ। -ਚੋਣ ਮੈਦਾਨ ਦੀ ਮੌਜੂਦਾ ਸਥਿਤੀ ਨਾਭਾ ਨਗਰ ਕੌਂਸਲ ਦੇ 23 ਵਾਰਡਾਂ ਵਿਚ ਇਸ ਵਾਰ ਮੁਕਾਬਲਾ ਕਾਫੀ ਦਿਲਚਸਪ ਹੈ। ਆਮ ਆਦਮੀ ਪਾਰਟੀ ਵੱਲੋਂ ਸਾਰੇ 23 ਵਾਰਡਾਂ ਵਿੱਚ ਉਮੀਦਵਾਰ ਉਤਾਰੇ ਗਏ ਹਨ, ਜਦਕਿ ਕਾਂਗਰਸ ਅਤੇ ਪਹਿਲੀ ਵਾਰ ਆਪਣੇ ਦਮ ਤੇ ਚੋਣ ਲੜ ਰਹੀ ਭਾਜਪਾ ਵੱਲੋਂ 22-22 ਉਮੀਦਵਾਰ ਮੈਦਾਨ ਵਿੱਚ ਹਨ। ਦੂਜੇ ਪਾਸੇ, ਬਹੁਜਨ ਸਮਾਜ ਪਾਰਟੀ (ਬਸਪਾ) ਦੇ 4 ਅਤੇ 12 ਆਜ਼ਾਦ ਉਮੀਦਵਾਰ ਵੀ ਕਿਸਮਤ ਅਜ਼ਮਾ ਰਹੇ ਹਨ। ਪਰ ਅਕਾਲੀ ਦਲ ਸਿਰਫ਼ 16 ਵਾਰਡਾਂ ਤੇ ਹੀ ਚੋਣ ਲੜ ਰਿਹਾ ਹੈ। -ਅਕਾਲੀ ਦਲ ਦੀ ਅੰਦਰੂਨੀ ਧੜੇਬੰਦੀ ਆਈ ਸਾਹਮਣੇ ਸੂਤਰਾਂ ਮੁਤਾਬਕ ਉਮੀਦਵਾਰ ਨਾ ਮਿਲਣ ਦਾ ਸਭ ਤੋਂ ਵੱਡਾ ਕਾਰਨ ਹਲਕਾ ਨਾਭਾ ਵਿਚ ਅਕਾਲੀ ਦਲ ਦੀ ਪੁਰਾਣੀ ਆਪਸੀ ਧੜੇਬੰਦੀ ਅਤੇ ਫੁੱਟ ਹੈ। ਹਲਕੇ ਵਿਚ ਟਕਸਾਲੀ ਅਤੇ ਯੂਥ ਅਕਾਲੀ ਆਗੂ ਸ਼ਰੇਆਮ ਇਹ ਕਹਿੰਦੇ ਦਿਖਾਈ ਦੇ ਰਹੇ ਹਨ ਕਿ ਉਹ ਸੁਖਬੀਰ ਸਿੰਘ ਬਾਦਲ ਅਤੇ ਪਾਰਟੀ ਦੇ ਵਫ਼ਾਦਾਰ ਸਿਪਾਹੀ ਤਾਂ ਹਨ, ਪਰ ਮੌਜੂਦਾ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ ਦੇ ਨਾਲ ਨਹੀਂ ਹਨ। ਕੁਝ ਉੱਚ ਅਹੁਦਿਆਂ ਤੇ ਬੈਠੇ ਅਕਾਲੀ ਆਗੂਆਂ ਦੀ ਅੰਦਰਖਾਤੇ ਸੱਤਾਧਾਰੀ ਆਪ ਆਗੂਆਂ ਨਾਲ ਗੰਢਤੁੱਪ ਹੈ, ਜੋ ਹਲਕਾ ਇੰਚਾਰਜ ਨੂੰ ਨੀਵਾਂ ਦਿਖਾਉਣ ਲਈ ਵਿਰੋਧੀ ਧਿਰ ਨਾਲ ਬੈਠਕਾਂ ਕਰ ਰਹੇ ਹਨ। ਇਸੇ ਧੜੇਬੰਦੀ ਕਾਰਨ ਸਵ. ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਅਤਿ ਨਜ਼ਦੀਕੀ ਰਹੇ ਰਾਜਾ ਨਰਿੰਦਰ ਸਿੰਘ ਤੋਂ ਬਾਅਦ ਅਕਾਲੀ ਦਲ ਨਾਭਾ ਤੋਂ ਕਦੇ ਜਿੱਤ ਦਰਜ ਨਹੀਂ ਕਰ ਸਕਿਆ। ਇੱਥੋਂ ਤੱਕ ਕਿ ਮੈਦਾਨ ਵਿੱਚ ਉਤਾਰੇ ਗਏ 16 ਉਮੀਦਵਾਰਾਂ ਵਿੱਚੋਂ ਵੀ ਕਈਆਂ ਨੂੰ ਵਾਰਡ ਦੇ ਲੋਕ ਪਛਾਣਦੇ ਤੱਕ ਨਹੀਂ। -ਐੱਨਓਸੀ ਨਾਲ ਮਿਲਣ ਕਰਕੇ ਆਈ ਮੁਸ਼ਕਿਲ : ਲਾਲਕਾ ਜਦੋਂ ਇਸ ਸਬੰਧੀ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ ਨੇ ਸਫਾਈ ਦਿੰਦਿਆਂ ਕਿਹਾ ਕਿ ਵਾਰਡਬੰਦੀ ਦੀ ਅਦਲਾ-ਬਦਲੀ ਅਤੇ ਚੋਣ ਲੜਨ ਦੇ ਚਾਹਵਾਨਾਂ ਨੂੰ ਪ੍ਰਸ਼ਾਸਨ ਵੱਲੋਂ ਐੱਨਓਸੀ ਨਾ ਮਿਲਣ ਕਾਰਨ ਇਹ ਮੁਸ਼ਕਿਲ ਆਈ ਹੈ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਦੋ ਉਮੀਦਵਾਰਾਂ ਨੇ ਨਾਮਜ਼ਦਗੀ ਵਾਪਸ ਲੈ ਲਈ ਹੈ ਅਤੇ ਉਨ੍ਹਾਂ ਦੇ ਫੋਨ ਬੰਦ ਆ ਰਹੇ ਹਨ, ਜੋ ਸਿੱਧੇ ਤੌਰ ਤੇ ਵਿਰੋਧੀਆਂ ਦੀ ਭੇਟ ਚੜ੍ਹ ਗਏ ਪ੍ਰਤੀਤ ਹੁੰਦੇ ਹਨ। -ਲਾਲਕਾ ਦਾ ਸਿਆਸੀ ਸਫਰ ਜ਼ਿਕਰਯੋਗ ਹੈ ਕਿ ਮੱਖਣ ਸਿੰਘ ਲਾਲਕਾ ਦਾ ਸਿਆਸੀ ਸਫ਼ਰ ਕਾਫੀ ਬਦਲਦਾ ਰਿਹਾ ਹੈ। ਉਹ ਅਕਾਲੀ ਦਲ ਤੋਂ ਇਲਾਵਾ ਕਾਂਗਰਸ, ਆਪ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਲੋਕ ਕਾਂਗਰਸ ਵਿਚ ਵੀ ਰਹਿ ਚੁੱਕੇ ਹਨ। ਸਾਲ 2022 ਵਿਚ ਉਨ੍ਹਾਂ ਨੇ ਨਾਭਾ ਤੋਂ ਆਪ ਲਈ ਵੋਟਾਂ ਮੰਗੀਆਂ ਸਨ। ਲਾਲਕਾ ਮੁਤਾਬਕ ਅਕਾਲੀ ਦਲ ਹੁਣ ਤੱਕ ਉਨ੍ਹਾਂ ਦੀ 5 ਵਾਰ ਟਿਕਟ ਕੱਟ ਚੁੱਕਾ ਹੈ। ਹੁਣ ਦੇਖਣਾ ਹੋਵੇਗਾ ਕਿ ਇਨ੍ਹਾਂ ਚੋਣਾਂ ਦੇ ਨਤੀਜੇ ਕੀ ਰਹਿੰਦੇ ਹਨ ਅਤੇ ਕੀ ਪਾਰਟੀ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਲਾਲਕਾ ਤੇ ਭਰੋਸਾ ਜਤਾਏਗੀ ਜਾਂ ਨਹੀਂ।