ਨਾਬਾਲਗ ਦੇ ਕਤਲ ਦੇ ਮੁੱਖ ਦੋਸ਼ੀ ਕਾਬੂ, 2 ਦਿਨ ਦੇ ਰਿਮਾਂਡ ’ਤੇ ਭੇਜੇ
ਨਾਬਾਲਗ ਦੇ ਕਤਲ ਦੇ ਮੁੱਖ ਦੋਸ਼ੀ ਕਾਬੂ, ਦੋ ਦਿਨ ਦੇ ਰਿਮਾਂਡ ’ਤੇ ਭੇਜੇ
Publish Date: Thu, 07 May 2026 05:49 PM (IST)
Updated Date: Fri, 08 May 2026 04:12 AM (IST)

ਬਲਜਿੰਦਰ ਸਿੰਘ ਮਿੱਠਾ, ਪੰਜਾਬੀ ਜਾਗਰਣ, ਸੰਗਰੂਰ : ਸ਼ਹਿਰ ਦੇ ਪਟਿਆਲਾ ਗੇਟ ਸਥਿਤ ਕ੍ਰਿਸ਼ਨਾ ਬਸਤੀ (ਬਾੜੇ) ਵਿਚ ਤਿੰਨ ਦਿਨ ਪਹਿਲਾਂ ਹੋਏ 16 ਸਾਲ ਦੇ ਨਾਬਾਲਗ ਨੌਜਵਾਨ ਦੇ ਕਤਲ ਮਾਮਲੇ ਦੀ ਗੁੱਥੀ ਨੂੰ ਸੁਲਝਾਉਂਦਿਆਂ ਸੰਗਰੂਰ ਪੁਲਿਸ ਨੇ 2 ਮੁੱਖ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਅਦਾਲਤ ਵਿਚ ਪੇਸ਼ ਕਰਨ ਮਗਰੋਂ 2 ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਹੈ। ਸਥਾਨਕ ਪੁਲਿਸ ਲਾਈਨ ਵਿਚ ਬੁਲਾਈ ਪ੍ਰੈੱਸ ਕਾਨਫਰੰਸ ਦੌਰਾਨ ਐੱਸਐੱਸਪੀ ਸਰਤਾਜ ਸਿੰਘ ਚਾਹਲ ਨੇ ਦੱਸਿਆ ਕਿ 4 ਮਈ ਦੀ ਸ਼ਾਮ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਦੋ ਵਿਅਕਤੀਆਂ ਨੇ ਦੋ ਨੌਜਵਾਨ ਬੱਚਿਆਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਸੀ। ਹਸਪਤਾਲ ਲਿਜਾਣ ’ਤੇ ਅਰਸ਼ਦੀਪ ਸਿੰਘ ਨਾਮਕ ਨੌਜਵਾਨ ਦੀ ਮੌਤ ਹੋ ਗਈ ਜਦਕਿ ਉਸਦੇ ਚਾਚੇ ਦਾ ਮੁੰਡਾ ਅਵਨੀਤ ਨੂੰ ਗੰਭੀਰ ਹੋਣ ਕਾਰਨ ਉਸ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ’ਚ ਰੈਫਰ ਕਰ ਦਿੱਤਾ ਸੀ। ਐੱਸਐੱਸਪੀ ਚਾਹਲ ਨੇ ਦੱਸਿਆ ਕਿ ਅਵਨੀਤ ਦੀ ਹਾਲਤ ’ਚ ਹੁਣ ਹੌਲੀ-ਹੌਲੀ ਸੁਧਾਰ ਹੁੰਦਾ ਜਾ ਰਿਹਾ ਹੈ। ਘਟਨਾ ਤੋਂ ਤੁਰੰਤ ਬਾਅਦ ਥਾਣਾ ਸਿਟੀ ਸੰਗਰੂਰ ਵਿਚ ਮਾਮਲਾ ਦਰਜ ਕਰਕੇ ਪੁਲਿਸ ਦੀਆਂ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ। ਪੁਲਿਸ ਨੇ ਟੈਕਨੀਕਲ ਜਾਂਚ ਤੇ ਹਿਊਮਨ ਇੰਟੈਲੀਜੈਂਸ ਦੀ ਮਦਦ ਨਾਲ ਕੇਸ ਦੇ 2 ਮੁੱਖ ਮੁਲਜ਼ਮਾਂ ਮੁਹੰਮਦ ਨੁਮਾਨ ਤੇ ਮੁਹੰਮਦ ਉਮਰ ਨੂੰ ਗ੍ਰਿਫ਼ਤਾਰ ਕਰ ਲਿਆ। ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦੀ ਉਮਰ 18 ਸਾਲ ਦੇ ਕਰੀਬ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਦੀ ਤਫਤੀਸ਼ ’ਚ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮਾਂ ਦੀ ਇਨ੍ਹਾਂ ਬੱਚਿਆਂ ਨਾਲ ਨਿੱਜੀ ਰੰਜਿਸ਼ ਸੀ। ਇਸ ਕਾਰਨ ਉਨ੍ਹਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਮੁਲਜ਼ਮਾਂ ਖ਼ਿਲਾਫ਼ ਕਤਲ ਤੇ ਹੋਰ ਸਖ਼ਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਮੁਲਜ਼ਮਾਂ ਦੇ ਪਰਿਵਾਰ ਵਾਲਿਆਂ ਨੇ ਉਨ੍ਹਾਂ ਨੂੰ ਪਨਾਹ ਦੇਣ ਵਿਚ ਕੋਈ ਭੂਮਿਕਾ ਨਿਭਾਈ ਹੈ। ਜੇਕਰ ਅਜਿਹਾ ਸਾਹਮਣੇ ਆਇਆ ਤਾਂ ਉਸ ਵਿਰੁੱਧ ਵੀ ਕਾਰਵਾਈ ਕੀਤੀ ਜਾਵੇਗੀ।