ਬੱਸ ਹਾਦਸੇ ਦੇ ਮ੍ਰਿਤਕਾਂ ਦੀ ਯਾਦ ਵਿੱਚ ਅੰਤਿਮ ਅਰਦਾਸ

ਜਾਗਰਣ ਟੀਮ, ਪੰਜਾਬੀ ਜਾਗਰਣ, ਬਸੀ ਪਠਾਣਾਂ : ਸ੍ਰੀ ਅਨੰਦਪੁਰ ਸਾਹਿਬ ਤੋਂ ਵਿਸਾਖੀ ਮੌਕੇ ਨਤਮਸਤਕ ਹੋ ਕੇ ਪਰਤ ਰਹੇ ਸ਼ਰਧਾਲੂਆਂ ਨਾਲ ਵਾਪਰੇ ਭਿਆਨਕ ਬੱਸ ਹਾਦਸੇ ’ਚ ਜਾਨਾਂ ਗੁਆਉਣ ਵਾਲੇ 9 ਵਿਅਕਤੀਆਂ ਦੀ ਨਮਿੱਤ ਅੰਤਿਮ ਅਰਦਾਸ ਪਿੰਡ ਮੈਣ ਮਾਜਰੀ ਅਤੇ ਪਿੰਡ ਕੱਜਲ ਮਾਜਰਾ ਵਿਖੇ ਗਈ। ਇਸ ਮੌਕੇ ਵਿਛੜੀਆਂ ਰੂਹਾਂ ਦੀ ਆਤਮਿਕ ਸ਼ਾਂਤੀ ਲਈ ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ ਪਾਏ ਗਏ। ਸ਼ੋਕ ਸਭਾ ਦੌਰਾਨ ਰਾਗੀ ਜਥਿਆਂ ਵੱਲੋਂ ਵੈਰਾਗਮਈ ਕੀਰਤਨ ਕੀਤਾ ਗਿਆ ਅਤੇ ਸਮੂਹਿਕ ਅਰਦਾਸ ਕੀਤੀ ਗਈ। ਪਿੰਡ ਮੈਣ ਮਾਜਰੀ ਦੇ ਇਕਬਾਲ ਸਿੰਘ, ਰਣਜੀਤ ਕੌਰ, ਪ੍ਰਦੀਪ ਕੌਰ, ਜਗਵਿੰਦਰ ਸਿੰਘ, ਲਖਬੀਰ ਸਿੰਘ, ਹਰਬੀਰ ਸਿੰਘ, ਦਲਜੀਤ ਕੌਰ, ਅਤੇ ਰਣਜੀਤ ਕੌਰ ਦੇ ਭੋਗ ਇਕੱਠੇ ਪਾਏ ਗਏ, ਜਦਕਿ ਪਿੰਡ ਕੱਜਲ ਮਾਜਰਾ ਵਿਖੇ ਮ੍ਰਿਤਕ ਕੁਲਵਿੰਦਰ ਸਿੰਘ ਦੀ ਯਾਦ ਵਿਚ ਅੰਤਿਮ ਅਰਦਾਸ ਕਰਵਾਈ ਗਈ। ਇਸ ਦੁਖਦਾਈ ਮੌਕੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ, ਸ਼੍ਰੋਮਣੀ ਅਕਾਲੀ ਦਲ ਦੇ ਬਲਵਿੰਦਰ ਸਿੰਘ ਭੂੰਦੜ, ਵਿਧਾਇਕ ਰੁਪਿੰਦਰ ਸਿੰਘ ਹੈਪੀ, ਵਿਧਾਇਕ ਲਖਬੀਰ ਸਿੰਘ ਰਾਏ, ਕਾਂਗਰਸੀ ਆਗੂ ਡਾ. ਮਨੋਹਰ ਸਿੰਘ, ਸਾਬਕਾ ਮੰਤਰੀ ਡਾ ਹਰਬੰਸ ਲਾਲ, ਨਿਹੰਗ ਸਿੰਘ ਜਥੇਬੰਦੀਆਂ ਦੇ ਆਗੂ ਬਾਬਾ ਰਾਜਾ ਰਾਮ ਸਿੰਘ ਸਮੇਤ ਵੱਖ-ਵੱਖ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਦੇ ਨੁਮਾਇੰਦੇ ਵੱਡੀ ਗਿਣਤੀ ’ਚ ਹਾਜ਼ਰ ਹੋਏ। ਹਾਜ਼ਰ ਸ਼ਖ਼ਸੀਅਤਾਂ ਨੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਇਸ ਔਖੀ ਘੜੀ ਵਿੱਚ ਪੂਰਾ ਸਮਾਜ ਪੀੜਤਾਂ ਦੇ ਨਾਲ ਖੜ੍ਹਾ ਹੈ। ਜ਼ਿਕਰਯੋਗ ਹੈ ਕਿ ਇਸ ਹਾਦਸੇ ਵਿੱਚ 25 ਤੋਂ ਵੱਧ ਸ਼ਰਧਾਲੂ ਗੰਭੀਰ ਜ਼ਖ਼ਮੀ ਹੋਏ ਸਨ, ਜਿਨ੍ਹਾਂ ਵਿੱਚ ਜਸਕੀਰਤ ਕੌਰ (22), ਹਰਪ੍ਰੀਤ ਕੌਰ (25), ਦਰਸ਼ਨਾ ਦੇਵੀ (50), ਕੁਲਵਿੰਦਰ ਕੌਰ (18), ਰੰਜੂ ਬਾਲਾ (37), ਦਲਜੀਤ ਕੌਰ (70), ਬਲਜੀਤ ਸਿੰਘ (55), ਜਸਵੀਰ ਕੌਰ (50), ਦਰਸ਼ਨ ਸਿੰਘ (60), ਰਣਜੀਤ ਕੌਰ (45), ਵਰਿੰਦਰ ਸਿੰਘ (35), ਮਲਕੀਤ ਕੌਰ (50), ਦਵਿੰਦਰ ਸਿੰਘ (23), ਜਸਪ੍ਰੀਤ ਕੌਰ (19), ਜਸਵੀਰ ਕੌਰ (55), ਸੁਰਿੰਦਰ ਕੌਰ (65), ਗੁਰਨੂਰ ਕੌਰ (15), ਕੁਲਤਾਰ ਸਿੰਘ (22), ਅਮਨਜੋਤ ਕੌਰ (13), ਸਿਮਰਨਜੀਤ ਕੌਰ (16), ਬਲਜਿੰਦਰ ਸਿੰਘ (45), ਕਿਰਨਦੀਪ ਕੌਰ (16), ਗੁਰਮੇਲ ਕੌਰ (15) ਅਤੇ ਗੁਰਦੀਪ ਸਿੰਘ (17) ਸਮੇਤ ਹੋਰ ਸ਼ਾਮਲ ਹਨ।