ਸੂਰਜਮੁਖੀ ਫਸਲ ਦੀ ਸੰਭਾਲ ਲਈ ਪੀਏਯੂ ਮਾਹਿਰਾਂ ਵੱਲੋਂ ਪਟਿਆਲਾ ਵਿਖੇ ਦੌਰਾ
ਸੂਰਜਮੁਖੀ ਫਸਲ ਦੀ ਸੰਭਾਲ ਲਈ ਪੀਏਯੂ ਮਾਹਿਰਾਂ ਵੱਲੋਂ ਪਟਿਆਲਾ ਵਿਖੇ ਦੌਰਾ
Publish Date: Fri, 15 May 2026 05:39 PM (IST)
Updated Date: Fri, 15 May 2026 05:42 PM (IST)

ਪੱਤਰ ਪ੍ਰੇਰਕ•, ਪੰਜਾਬੀ ਜਾਗਰਣ•, ਪਟਿਆਲਾ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ (ਪੀਏਯੂ) ਤੋਂ ਸੂਰਜਮੁਖੀ ਫ਼ਸਲ ਦੇ ਮਾਹਿਰਾਂ ਦੀ ਟੀਮ ਨੇ ਪੀ.ਏ.ਯੂ ਕ੍ਰਿਸ਼ੀ ਵਿਗਿਆਨ ਕੇਂਦਰ ਪਟਿਆਲਾ (ਕੇ.ਵੀ.ਕੇ.) ਅਤੇ ਖੇਤੀਬਾੜੀ ਮਹਿਕਮਾ ਪਟਿਆਲਾ ਦੀ ਟੀਮ ਨਾਲ ਪਟਿਆਲਾ ਜ਼ਿਲ੍ਹੇ ਵਿਚ ਲਗਾਈਆਂ ਗਈਆਂ, ਸੂਰਜਮੁਖੀ ਦੀਆਂ ਪ੍ਰਦਰਸ਼ਨੀਆਂ ਦਾ ਦੌਰਾ ਕੀਤਾ। ਮਾਹਿਰਾਂ ਨੇ ਕਿਸਾਨਾਂ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਆ ਰਹੀਆਂ ਮੁਸ਼ਕਿਲਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਅਤੇ ਪੀ.ਏ.ਯੂ. ਦੀਆਂ ਸਿਫ਼ਾਰਿਸ਼ਾਂ ਮੁਤਾਬਕ ਕਿਸਾਨਾਂ ਨੂੰ ਸਲਾਹ ਦਿੱਤੀ। ਮਾਹਿਰਾਂ ਦੀ ਟੀਮ ਦੀ ਅਗਵਾਈ ਕਰ ਰਹੇ ਡਾ ਸਰਵਣ ਕੁਮਾਰ, ਪ੍ਰਿੰਸੀਪਲ ਕੀਟ ਵਿਗਿਆਨੀ (ਤੇਲਬੀਜ), ਪੀ.ਏ.ਯੂ. ਨੇ ਸੂਰਜਮੁਖੀ ਤੇ ਹਮਲਾ ਕਰਨ ਵਾਲੇ ਕੀੜਿਆਂ, ਖਾਸ ਤੌਰ ਤੇ ਅਮਰੀਕਨ ਸੁੰਡੀ ਅਤੇ ਤੰਬਾਕੂ ਦੀ ਸੁੰਡੀ ਦੀ ਸਰਬਪੱਖੀ ਰੋਕਥਾਮ ਲਈ ਕਿਸਾਨਾਂ ਨੂੰ ਸਿਫ਼ਾਰਿਸ਼ਾਂ ਦਿੱਤੀਆਂ। ਪੀਏਯੂ-ਕ੍ਰਿਸ਼ੀ ਵਿਗਿਆਨ ਕੇਂਦਰ, ਪਟਿਆਲਾ (ਰੌਣੀ ਫਾਰਮ) ਦੇ ਡਿਪਟੀ ਡਾਇਰੈਕਟਰ ਡਾ. ਹਰਦੀਪ ਸਿੰਘ ਸਭਿਖੀ ਨੇ ਕਿਹਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਹਮੇਸ਼ਾ ਕਿਸਾਨਾਂ ਦੀ ਸੇਵਾ ਲਈ ਹਾਜ਼ਰ ਰਹਿੰਦੀ ਹੈ ਤੇ ਇਸੇ ਲਈ ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਸੂਰਜਮੁਖੀ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ ਵਿਗਿਆਨਿਕ ਸਲਾਹ ਦੀ ਲੋੜ ਹੈ, ਤਾਂ ਉਹਨਾਂ ਨੇ ਪੀ.ਏ.ਯੂ. ਲੁਧਿਆਣਾ ਤੋਂ ਉਚੇਚੇ ਤੌਰ ਤੇ ਮਾਹਿਰਾਂ ਦੀ ਟੀਮ ਬੁਲਾ ਕੇ ਕਿਸਾਨਾਂ ਨਾਲ ਰਾਬਤਾ ਕਰਵਾਇਆ। ਇਸ ਮੌਕੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ, ਪਟਿਆਲਾ ਦੇ ਖੇਤੀਬਾੜੀ ਅਫਸਰ ਡਾ. ਗੁਰਮੀਤ ਸਿੰਘ ਨੇ ਦੱਸਿਆ ਕਿ ਉਹ ਇਨ੍ਹਾਂ ਪ੍ਰਦਰਸ਼ਨੀਆਂ ਦੀ ਸਥਿਤੀ ਬਾਰੇ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾਉਣਗੇ। ਇਸ ਮੌਕੇ ਪੀਏਯੂ ਤੋਂ ਡਾ. ਸ਼ੈਲੀ ਨਾਇਰ (ਫਸਲ ਵਿਗਿਆਨੀ), ਡਾ. ਪੰਕਜ ਸ਼ਰਮਾ (ਪੌਦਾ ਰੋਗ ਵਿਗਿਆਨੀ), ਡਾ. ਵਿਨੀਤਾ ਕੈਲਾ (ਸੂਰਜਮੁਖੀ ਬਰੀਡਰ), ਪੀ.ਏ.ਯੂ.- ਕੇ.ਵੀ.ਕੇ. ਪਟਿਆਲਾ ਤੋਂ ਡਾ. ਗੁਰਪ੍ਰੀਤ ਸਿੰਘ (ਫਸਲ ਵਿਗਿਆਨੀ) ਅਤੇ ਖੇਤੀਬਾੜੀ ਮਹਿਕਮੇ ਤੋਂ ਡਾ. ਜਸਪਿੰਦਰ ਕੌਰ (ਖੇਤੀਬਾੜੀ ਵਿਕਾਸ ਅਫਸਰ) ਵੀ ਹਾਜ਼ਰ ਸਨ।