ਦੋ ਜੂਨ ਦੇ ਧਰਨੇ ਲਈ ਕਿਸਾਨਾਂ ’ਚ ਭਾਰੀ ਉਤਸਾਹ
ਦੋ ਜੂਨ ਦੇ ਧਰਨੇ ਲਈ ਕਿਸਾਨਾਂ ’ਚ ਭਾਰੀ ਉਤਸਾਹ
Publish Date: Thu, 28 May 2026 06:03 PM (IST)
Updated Date: Fri, 29 May 2026 04:10 AM (IST)

ਭੁਪਿੰਦਰਜੀਤ ਮੌਲਵੀਵਾਲਾ, ਪੰਜਾਬੀ ਜਾਗਰਣ, ਪਾਤੜਾਂ : ਜਮਹੂਰੀ ਕਿਸਾਨ ਸਭਾ ਇਕਾਈ ਨਿਆਲ ਦੀ ਮੀਟਿੰਗ ਮਲਕੀਤ ਸਿੰਘ ਨਿਆਲ ਦੀ ਪ੍ਰਧਾਨਗੀ ਹੇਠ ਕੀਤੀ ਗਈ । ਮੀਟਿੰਗ ਵਿੱਚ ਸੂਬਾ ਕਮੇਟੀ ਦੇ ਫੈਸਲੇ ਤਹਿਤ 2 ਜੂਨ ਨੂੰ ਡਿਪਟੀ ਕਮਿਸ਼ਨਰ ਪਟਿਆਲਾ ਦੇ ਦਫ਼ਤਰ ਅੱਗੇ ਕੇਂਦਰ ਤੇ ਪੰਜਾਬ ਸਰਕਾਰ ਤੋਂ ਫੌਰੀ ਤੇ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਦਾ ਹੱਲ ਕਰਾਉਣ ਲਈ ਧਰਨਾ ਦੇਣ ਦਾ ਪ੍ਰੋਗਰਾਮ ਤਹਿ ਕੀਤਾ ਗਿਆ । ਕਿਸਾਨ ਆਗੂਆਂ ਨੇ ਦੱਸਿਆ ਕਿ ਕਿਸਾਨਾਂ ਦੀਆਂ ਚਿਰਾਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਦੇ ਨਾਲ ਨਾਲ ਕੇਂਦਰ ਸਰਕਾਰ ਵੱਲੋਂ ਡੀਜ਼ਲ ਤੇਲ ਦੇ ਅੰਨੇਵਾਹ ਕੀਤੇ ਜਾ ਰਹੇ ਵਾਧੇ ਨੂੰ ਵਾਪਸ ਕਰਾਉਣਾ, ਭਾਖੜਾ ਬਿਆਸ ਮਨੇਜਮੈਂਟ ਬੋਰਡ ਵਿੱਚ ਪੰਜਾਬ ਦੀ ਮੈਂਬਰਸ਼ਿਪ ਬਹਾਲ ਕਰਾਉਣਾ, ਬੈਂਕਾਂ ਵਿੱਚ ਨਗਦੀ ਦੀ ਨਿਕਾਸੀ ਰੈਗੂਲਰ ਕਰਾਉਣਾ, ਯੂਰੀਆ ਤੇ ਬਾਕੀ ਖਾਦਾਂ ਦੀ ਸਪਲਾਈ ਯਕੀਨੀ ਬਣਾਉਣਾ, ਐਮਐਸਪੀ ਦੀ ਕਾਨੁੰਨੀ ਗਾਰੰਟੀ , ਨਵੇਂ ਹੱਦ ਕਰਜ਼ੇ ਯਕੀਨੀ ਬਣਾਉਣਾ , ਕਿਸਾਨਾਂ ਤੇ ਮਜ਼ਦੂਰਾਂ ਲਈ ਪੈਨਸ਼ਨ ਦਾ ਬੁਢਾਪੇ ਵਿੱਚ ਦਸ ਹਜ਼ਾਰ ਰੁਪਏ ਪ੍ਰਤੀ ਮਹੀਨਾ ਲਾਗੂ ਕਰਾਉਣਾ ਆਦਿ ਹਨ। ਕਿਸਾਨ ਆਗੂਆਂ ਨੇ ਦੱਸਿਆ ਕਿ ਇਸ ਦੇ ਨਾਲ ਨਾਲ ਪਟਿਆਲ਼ਾ ਜ਼ਿਲ੍ਹੇ ਦੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਵਿਚਾਰਦੇ ਹੋਏ ਡਿਪਟੀ ਕਮਿਸ਼ਨਰ ਨਾਲ ਮੀਟਿੰਗ ਕਰ ਕੇ ਹੱਲ ਕਰਾਉਣ ਲਈ ਵੱਖਰਾ ਮੰਗ ਪੱਤਰ ਦੇਣ ਦਾ ਫੈਸਲਾ ਕੀਤਾ ਗਿਆ। ਕਿਉਂਕਿ ਵਾਰ ਵਾਰ ਡੀਸੀ ਦਫ਼ਤਰ ਤੋਂ ਹੜ ਰੋਕੂ ਪ੍ਰਬੰਧ , ਘੱਗਰ ਤੇ ਵੱਡੀ -ਛੋਟੀ ਨਦੀ ਦੇ ਬੰਨਾਂ , ਪੁਲਾਂ ਦੀ ਮੁਰੰਮਤ ਤੇ ਸਫ਼ਾਈ ,ਚੋਰੀਆਂ , ਲੁੱਟਾਂ -ਖੋਹਾਂ ਦੇ ਮਸਲੇ , ਖਾਦਾਂ ਦੀ ਸਪਲਾਈ ਯਕੀਨੀ ਕਰਨ ਅਤੇ ਅਮਨ ਕਾਨੂੰਨ ਤੇ ਜਾਨ ਮਾਲ ਦੀ ਸੁਰੱਖਿਆ, ਪਾਤੜਾਂ ਦੇ ਟਰੱਕ ਉਪਰੇਟਰਾਂ ਬਾਰੇ ਉੱਕਾ ਹੀ ਧਿਆਨ ਨਾ ਦੇ ਕੇ ਮੀਟਿੰਗ ਲਈ ਸਮਾਂ ਵੀ ਨਹੀਂ ਦਿੱਤਾ ਜਾ ਰਿਹਾ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸਰਪੰਚ ਪ੍ਰਲਾਦ ਸਿੰਘ ਨਿਆਲ, ਹਰੀ ਸਿੰਘ ਦੌਣ ਕਲਾਂ, ਸੁਖਦੇਵ ਸਿੰਘ ਨਿਆਲ, ਦਰਸ਼ਨ ਬੇਲੂਮਾਜਰਾ ਨੇ ਕਿਹਾ ਕਿ ਪਾਤੜਾ ਪ੍ਰਸ਼ਾਸਨ ਟਰੱਕ ਯੂਨੀਅਨ ਪਾਤੜਾਂ ਦਾ ਮਸਲਾ ਫੌਰੀ ਤੌਰ ਤੇ ਹੱਲ ਕਰੇ ਇਸ ਕਾਰਨ ਟਰੱਕ ਉਪਰੇਟਰਾਂ ਵਿੱਚ ਭਾਰੀ ਰੋਸ ਤੇ ਬੇਚੈਨੀ ਪਾਈ ਜਾ ਰਹੀ ਹੈ ਜਿਸ ਨਾਲ ਪਾਤੜਾਂ ਸ਼ਹਿਰ ਦਾ ਮਾਹੌਲ ਕਿਸੇ ਵੀ ਸਮੇਂ ਤਨਾਅ ਪੂਰਨ ਹੋ ਸਕਦਾ ਹੈ ਜਿਸ ਦੀ ਜਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਜੀਤ ਸਿੰਘ, ਚੰਦ ਸਿੰਘ, ਸਰਬਜੀਤ ਸਿੰਘ, ਛੋਟਾ ਸਿੰਘ,ਬਲਜੀਤ ਸਿੰਘ ਤੇ ਛੋਟਾ ਪ੍ਰੇਮੀ ਆਦਿ ਹਾਜ਼ਰ ਸਨ।